ਚੀਮਾ ਮੰਡੀ/ਸੁਨਾਮ, 15 ਮਾਰਚ (ਜਰਨੈਲ ਸਿੰਘ ਚੌਹਾਨ)- ਇੱਕ ਬਜ਼ੁਰਗ ਗੁਰਸਿੱਖ ਦੀ ਕੁਝ ਨੌਜਵਨਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੇ ਕੇਸਾਂ ਦੀ ਬੇਅਦਬੀ ਕਰਕੇ ਜ਼ਲੀਲ ਕਰਨ ਦੀ ਖਬਰ ਹੈ। ਸਬੰਧਿਤ ਥਾਣੇ ਵੱਲੋਂ ਇਸ ਮਾਮਲੇ ਵਿੱਚ ਇੱਕ ਹਫਤੇ ਤੋਂ ਵਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਠੋਸ ਕਾਰਵਾਈ ਨਾ ਕਰਨ ’ਤੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਸੁਆਲੀਆ ਨਿਸ਼ਾਨ ਲਗ ਗਿਆ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਅਮਰੀਕ ਸਿੰਘ ਵਾਸੀ ਪਿੰਡ ਨਾਗਰਾ ਨੇ ਦੱਸਿਆ ਕਿ ਬੀਤੀ 6 ਮਾਰਚ ਨੂੰ ਜਦੋਂ ਉਹ ਘਰਾਚੋ ਤੋਂ ਆਪਣੇ ਟ੍ਰੈਕਟਰ ਟਰਾਲੀ ’ਤੇ ਰੇਤਾ ਬੱਜਰੀ ਆਦਿ ਸਮਾਨ ਲੈ ਕੇ ਆਪਣੇ ਘਰ ਆ ਰਿਹਾ ਸੀ ਤਾਂ ਪਿੰਡ ਦੇ ਨੇੜੇ ਦੁਪਹਿਰੇ 12 ਕੁ ਵਜੇ ਇੱਕ ਸਵਿਫਟ ਕਾਰ ਅਤੇ ਇੱਕ ਮੋਟਰਸਾਇਕਲ ’ਤੇ ਸਵਾਰ ਪਿੰਡ ਦੇ ਹੀ ਤਿੰਨ ਨੌਜਵਾਨਾਂ ਤੇ ਉਨ੍ਹਾਂ ਦੇ ਦੋ ਅਣਪਛਾਤੇ ਸਾਥਆਂ ਨੇ ਮੈਨੂੰ ਘੇਰ ਕੇ ਮੇਰੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਕੋਲ ਰਾਡਾਂ ਸੋਟੀਆਂ ਤੋਂ ਇਲਾਵਾ ਹਥਿਆਰ ਵੀ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਸ ਦੀ ਇੱਕ ਉਂਗਲੀ ਵੀ ਕੱਟੀ ਗਈ, ਅਮਰੀਕ ਸਿੰਘ ਨੇ ਦੱਸਿਆ ਕਿ ਉਹ ਇੱਕ ਅੰਮ੍ਰਿਤਧਾਰੀ ਸਿੱਖ ਹੈ ਅਤੇ ਮੈਨੂੰ ਜ਼ਖਮੀ ਕਰਨ ਵਾਲਿਆਂ ਨੇ ਮੇਰੀ ਦਾਹੜੀ ਦੇ ਵਾਲ ਪੁੱਟ ਕੇ ਮੈਨੂੰ ਜ਼ਲੀਲ ਵੀ ਕੀਤਾ। ਇਸ ਮੌਕੇ ਨੇੜਲੇ ਖੇਤਾਂ ’ਚ ਕੰਮ ਕਰ ਰਹੇ ਕਿਸਾਨਾਂ ਨੇ ਮੈਨੂੰ ਉਨ੍ਹਾਂ ਤੋਂ ਛੁਡਾਇਆ ਅਤੇ ਹਮਲਾਵਰ ਕਾਰ ’ਚ ਬਹਿ ਕੇ ਮੌਕੇ ਤੋਂ ਫਰਾਰ ਹੋ ਗਏ। ਪਿੰਡ ਵਾਸੀਆਂ ਤੇ ਮਰੇ ਪੁੱਤਰ ਨੇ ਮੈਨੂੰ ਇਲਾਜ ਲਈ ਸੁਨਾਮ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਇਸ ਸਮੇਂ ਅਮਰੀਕ ਸਿੰਘ ਨੇ ਦੱਸਿਆ ਕਿ ਮੈਨੂੰ ਜ਼ਖਮੀ ਕਰਨ ਵਾਲਿਆਂ ਨਾਲ ਮੇਰੇ ਖੇਤ ਦੀ ਪਹੀ (ਰਸਤੇ) ਦਾ ਵਿਵਾਦ ਚੱਲ ਰਿਹਾ ਹੈ, ਜਿਸ ਸਬੰਧੀ ਕਾਨੂੰਨੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਕਿਹਾ ਕਿ ਹਮਲਾ ਕਰਨ ਵਾਲੇ ਤਿੰਨੇ ਭਰਾਵਾਂ ਦੇ ਨਾਮ ਵੀ ਪੁਲਿਸ ਨੂੰ ਦਸ ਦਿੱਤੇ ਹਨ ਤੇ ਉਨ੍ਹਾਂ ਵਿੱਚ ਇੱਕ ਪੁਲਿਸ ਕਰਮਚਾਰੀ ਐਸਐਸਪੀ ਸੰਗਰੂਰ ਦੇ ਸਟਾਫ ਵਿੱਚ ਤਾਇਨਾਤ ਹੈ, ਜਿਸ ਕਾਰਨ ਸਥਾਨਕ ਪੁਲਿਸ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ। ਜਦੋਂ ਮੇਰੇ ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਐਸਐਸਪੀ ਨੂੰ ਮਿਲਣਾ ਵੀ ਚਾਹਿਆ ਤਾਂ ਉਕਤ ਮੁਲਾਜ਼ਮ ਨੇ ਉਨ੍ਹਾਂ ਨੂੰ ਮਿਲਣ ਵੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਸਾਡੇ ’ਤੇ ਹੀ ਹਰ ਰੋਜ਼ ਰਾਜੀਨਾਮਾ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ। ਇਸ ਸਮੇਂ ਅਮਰੀਕ ਸਿੰਘ ਤੇ ਉਸ ਦੇ ਪਰਿਵਾਰ ਨੇ ਪੁਲਿਸ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਸਬੰਧੀ ਜਦੋਂ ਪੁਲਿਸ ਥਾਣਾ ਸਦਰ ਸੁਨਾਮ ਦੇ ਐਸਐਚਓ ਨਰੈਣ ਸਿੰਘ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਅਮਰੀਕ ਵੱਲੋਂ ਪੁਲਿਸ ’ਤੇ ਲਾਏ ਗਏ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾ ਰਿਹਾ ਤੇ ਇਹ ਦੋਵੇਂ ਧਿਰਾਂ ਦੀ ਆਪਸੀ ਲੜਾਈ ਦਾ ਮਸਲਾ ਹੈ। ਦੋਵੇਂ ਧਿਰਾਂ ਦੇ ਹਸਪਤਾਲ ਵਿੱਚ ਜੇਰੇ ਇਲਾਜ ਵਿਅਕਤੀਆਂ ਦੇ ਬਿਆਨ ਦਰਜ ਕਰ ਲਏ ਹਨ ਤੇ ਡਾਕਟਰੀ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਅਨੁਸਾਰ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।



