June 19, 2026 1:25 am

ਪੰਜਾਬ ਸਮੇਤ ਜ਼ਿਆਦਾਤਰ ਰਾਜਾਂ ‘ਚ ਲਿੰਗ ਅਨੁਪਾਤ ਨੂੰ ਮੋੜਾ

ਚੰਡੀਗੜ੍ਹ, 21 ਅਗਸਤ (ਪੰਜਾਬ ਟਾਇਮਜ਼ ਬਿਊਰੋ)-2011 ਦੀ ਮਰਦਮਸ਼ੁਮਾਰੀ ਮੁਤਾਬਿਕ ਪੰਜਾਬ ਸਮੇਤ ਜ਼ਿਆਦਾਤਰ ਰਾਜਾਂ ਵਿੱਚ ਲਿੰਗ ਅਨੁਪਾਤ ਵਧਿਆ ਹੈ ਪਰ ਗੁਜਰਾਤ, ਬਿਹਾਰ ਤੇ ਜੰਮੂ ਕਸ਼ਮੀਰ ਵਿੱਚ ਲਿੰਗ ਅਨੁਪਾਤ ਘਟਿਆ ਹੈ। ਲਿੰਗ ਅਨੁਪਾਤ ਵਿੱਚ ਸਭ ਤੋਂ ਵੱਧ 47 ਅੰਕਾਂ ਦਾ ਵਾਧਾ ਦਿੱਲੀ ਵਿੱਚ ਦਰਜ ਕੀਤਾ ਗਿਆ ਹੈ । ਜਿੱਥੇ ਲਿੰਗ ਅਨੁਪਾਤ 2011 ਵਿੱਚ 868 ਤੱਕ ਪੁੱਜ ਗਿਆ ਹੈ ਜਦ ਕਿ 2001 ਦੀ ਮਰਦਮਸ਼ੁਮਾਰੀ ਮੁਤਾਬਿਕ ਦਿੱਲੀ ਵਿੱਚ ਇੱਕ ਹਜ਼ਾਰ ਮਰਦਾਂ ਪਿੱਛੇ 821 ਔਰਤਾਂ ਦਾ ਅਨੁਪਾਤ ਸੀ। ਇਸ ਸਮੇਂ ਦੌਰਾਨ ਪੰਜਾਬ ਦੇ ਲਿੰਗ ਅਨੁਪਾਤ ਵਿੱਚ 19 ਅੰਕ ਦਾ ਵਾਧਾ ਦਰਜ ਕੀਤਾ ਗਿਆ ਹੈ। 2001 ਵਿੱਚ ਇੱਕ ਹਜ਼ਾਰ ਮਰਦਾਂ ਦੇ ਮੁਕਾਬਲੇ 876 ਔਰਤਾਂ ਦਾ ਅਨੁਪਾਤ ਸੀ। ਜਿਹੜਾ 2011 ਵਿੱਚ ਵੱਧ ਕੇ 895 ਤੱਕ ਪਹੁੰਚ ਗਿਆ ਹੈ। ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਲਿੰਗ ਅਨੁਪਾਤ ਵਿੱਚ ਵੀ 41 ਅੰਕ ਦਾ ਵਾਧਾ ਹੋਇਆ ਹੈ ਤੇ 2011 ਵਿੱਚ ਲਿੰਗ ਅਨੁਪਾਤ 818 ਦਰਜ ਕੀਤਾ ਗਿਆ ਹੈ। ਹਰਿਆਣਾ ਦੇ ਲਿੰੰਗ ਅਨੁਪਾਤ ਵਿੱਚ 18 ਅੰਕਾਂ ਦਾ ਵਾਧਾ ਹੋਇਆ ਹੈ। ਇਹ 879 ਤੱਕ ਪਹੁੰਚ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਲਿੰਗ ਅਨੁਪਾਤ ਵਿੱਚ ਵੀ 4 ਅੰਕਾਂ ਦਾ ਵਾਧਾ ਹੋਇਆ। 2011 ਦੀ ਜਨਗਣਨਾ ਮੁਤਾਬਿਕ ਜੰਮੂ ਕਸ਼ਮੀਰ ਵਿੱਚ ਪਿਛਲੀ ਜਨਗਣਨਾ ਦੇ ਮੁਕਾਬਲੇ ਲਿੰਗ ਅਨੁਪਾਤ ਵਿੱਚ 3 ਅੰਕਾਂ ਦੀ ਤੇ ਬਿਹਾਰ ਅਤੇ ਗੁਜਰਾਤ ਵਿੱਚ ਇੱਕ ਇੱਕ ਅੰਕ ਦੀ ਕਮੀ ਆਈ ਹੈ।

Send this to a friend