ਮਾਝੇ-ਦੁਆਬੇ ਦੇ ਸਿੱਖਾਂ ਨੇ ਡੇਰਾ ਸਿਰਸਾ ਦੀ ਅਕਾਲੀ ਦਲ ਨੂੰ ਹਮਾਇਤ ਦੇ ਵਿਰੋਧ ’ਚ ਕਾਂਗਰਸ ਦਾ ਹੱਥ ਫੜਿਆ
ਭਦੌੜ, 12 ਮਾਰਚ- ਪੰਜਾਬ ਵਿਧਾਨ ਸਭਾ ਚੋਣਾਂ ਦੇ ਆਏ ਹੈਰਾਨੀਜਨਕ ਨਤੀਜਿਆਂ ਨੇ ਜਿੱਥੇ ਕਾਂਗਰਸ ਨੂੰ ਪੰਜਾਬ ਦੀ ਸੱਤਾ ਦੀਆਂ ਚਾਬੀਆਂ ਸੌਂਪ ਦਿੱਤੀਆਂ ਹਨ, ਉੱਥੇ ਕਾਂਗਰਸ ਦੀ ਹੋਈ ਹੈਰਾਨਕੁੰਨ ਜਿੱਤ ਨੇ ਸਿਆਸੀ ਵਿਸ਼ਲੇਸ਼ਕਾਂ ਨੂੰ ਵੱਖ-ਵੱਖ ਪਹਿਲੂਆਂ ’ਤੇ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਜੇਕਰ ਡੇਰਾ ਸਿਰਸਾ ਦੇ ਸਿਆਸੀ ਵਿੰਗ ਵੱਲੋਂ ਕੀਤੇ ਗਏ ਅਕਾਲੀ-ਭਾਜਪਾ ਗੱਠਜੋੜ ਦੇ ਹੱਕ ਵਿੱਚ ਵੋਟਾਂ ਭੁਗਤਾਉਣ ਦੇ ਖੁੱਲੇਆਮ ਐਲਾਨ ਦੀ ਘੋਖ ਕੀਤੀ ਜਾਵੇ ਤਾਂ ਪੰਜਾਬੀਆਂ ਨੇ ਡੇਰਾ ਸਿਰਸਾ ਫੈਕਟਰ ਦੇ ਉਲਟ ਇੰਨ-ਬਿੰਨ 2007 ਵਾਲਾ ਇਤਿਹਾਸ ਦੁਹਰਾ ਦਿੱਤਾ ਹੈ। ਜ਼ਿਕਰਯੋਗ ਹੈ ਕਿ 2007 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਇਸੇ ਤਰ੍ਹਾਂ ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਖੁੱਲ੍ਹੇ ਆਮ ਕਾਂਗਰਸ ਦੀ ਹਮਾਇਤ ਦਾ ਐਲਾਨ ਕੀਤਾ ਸੀ ਜਿਸਦੇ ਅਸਰ ਸਦਕਾ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨਾਲ ਸਿੱਧੀ ਟੱਕਰ ਵਿੱਚ ਮਾਲਵੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਗਭਗ 45 ਸੀਟਾਂ ਹਾਸਲ ਕਰ ਲਈਆਂ ਸਨ ਪ੍ਰੰਤੂ ਡੇਰਾ ਸਿਰਸਾ ਫੈਕਟਰ ਕਾਰਨ ਮਾਝਾ ਅਤੇ ਦੁਆਬਾ ਅੰਦਰ ਸਿੱਖ ਵੋਟ ਕਾਂਗਰਸ ਨਾਲ ਨਾਰਾਜ਼ ਹੋ ਕੇ ਅਕਾਲੀ-ਭਾਜਪਾ ਗੱਠਜੋੜ ਦੇ ਹੱਕ ਵਿੱਚ ਭੁਗਤਣ ਕਾਰਨ ਕਾਂਗਰਸ ਦਾ ਮਾਝੇ-ਦੁਆਬੇ ਚੋਂ ਲਗਭਗ ਸਫ਼ਾਇਆ ਹੋ ਗਿਆ ਸੀ ਅਤੇ ਕਾਂਗਰਸ ਪੂਰੇ ਪੰਜਾਬ ਚੋਂ 50 ਸੀਟਾਂ ਤੋਂ ਵੀ ਹੇਠਾਂ ਸਿਮਟ ਕੇ ਰਹਿ ਗਈ ਸੀ। ਦੂਜੇ ਪਾਸੇ ਮਾਝੇ-ਦੁਆਬੇ ਚੋਂ ਮਿਲੇ ਜ਼ਬਰਦਸਤ ਹੁੰਗਾਰੇ ਤਹਿਤ ਅਕਾਲੀ-ਭਾਜਪਾ ਗੱਠਜੋੜ ਸਪੱਸ਼ਟ ਬਹੁਮਤ ਪ੍ਰਾਪਤ ਕਰਕੇ ਪੰਜਾਬ ਅੰਦਰ ਆਪਣੀ ਸਰਕਾਰ ਬਣਾਉਣ ਚ ਕਾਮਯਾਬ ਹੋ ਗਿਆ ਸੀ। ਇਸ ਵਾਰ ਵੀ ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਖੁੱਲ੍ਹੇਆਮ ਅਕਾਲੀ-ਭਾਜਪਾ ਗੱਠਜੋੜ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਤਾਂ ਇਸ ਵਾਰ ਬਣੀ ਸਿਆਸੀ ਸਥਿਤੀ ਤਹਿਤ ਤਿਕੋਣੀ ਟੱਕਰ ਦੇ ਚੱਲਦਿਆਂ ਅਕਾਲੀ-ਭਾਜਪਾ ਗੱਠਜੋੜ ਮਾਲਵੇ ਚੋਂ ਕੁੱਝ ਸੀਟਾਂ ’ਤੇ ਟੱਕਰ ਵਿੱਚ ਆ ਗਿਆ ਅਤੇ 9 ਸੀਟਾਂ ਜਿੱਤਣ ਵਿੱਚ ਕਾਮਯਾਬ ਵੀ ਹੋ ਗਿਆ, ਜਿਸਦਾ ਘਾਟਾ ਆਮ ਆਦਮੀ ਪਾਰਟੀ ਨੂੰ ਪਿਆ ਅਤੇ ਕਾਂਗਰਸ ਮਾਲਵੇ ਵਿੱਚ ਵੀ 40 ਸੀਟਾਂ ’ਤੇ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੀ। ਉਧਰ ਮਾਝੇ-ਦੁਆਬੇ ਦੇ ਸਿੱਖਾਂ ਨੇ ਡੇਰਾ ਸਿਰਸਾ ਦੇ ਸਿਆਸੀ ਵਿੰਗ ਵੱਲੋਂ ਕੀਤੇ ਐਲਾਨ ਦੇ ਵਿਰੋਧ ਵਿੱਚ ਦੁਬਾਰਾ ਕਾਂਗਰਸ ਦਾ ਹੱਥ ਫੜਦਿਆਂ, ਕਾਂਗਰਸ ਦੇ ਹੱਕ ਵਿੱਚ ਵੋਟਿੰਗ ਕਰਦਿਆਂ ਜਿੱਥੇ ਅਕਾਲੀ-ਭਾਜਪਾ ਗੱਠਜੋੜ ਦਾ ਮਾਝੇ-ਦੁਆਬੇ ਚੋਂ ਸੁਪੜਾ ਸਾਫ਼ ਕਰ ਦਿੱਤਾ, ਉਥੇ ਕਾਂਗਰਸ ਨੂੰ 37 ਸੀਟਾਂ ’ਤੇ ਜਿੱਤ ਦਿਵਾ ਕੇ ਸਪੱਸ਼ਟ ਬਹੁਮਤ ਦਿਵਾ ਦਿੱਤਾ। ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਡੇਰਾ ਫੈਕਟਰ ਦਾ ਅਕਾਲੀ-ਭਾਜਪਾ ਗੱਠਜੋੜ ਨੂੰ ਫਾਇਦਾ ਘੱਟ ’ਤੇ ਨੁਕਸਾਨ ਜਿਆਦਾ ਹੋਇਆ, ਉਥੇ ਆਮ ਆਦਮੀ ਪਾਰਟੀ ਨੂੰ ਵੀ ਇਸ ਫੈਕਟਰ ਦੀ ਮਾਰ ਝੱਲਣੀ ਪਈ ਕਿਉਂਕਿ ਡੇਰੇ ਦੇ ਸਿਆਸੀ ਵਿੰਗ ਦਾ ਐਲਾਨ ਆਮ ਆਦਮੀ ਪਾਰਟੀ ਦਾ ਗਣਿਤ ਵੀ ਵਿਗਾੜ ਗਿਆ। ਨਤੀਜਿਆਂ ਤੋਂ ਬਾਅਦ ਇਹ ਗੱਲ ਹਰ ਇੱਕ ਦੀ ਜ਼ੁਬਾਨ ’ਤੇ ਹੈ ਕਿ ਪੰਜਾਬੀਆਂ ਨੇ ਡੇਰਾ ਫੈਕਟਰ ਦੇ ਉਲਟ 2007 ਵਾਲਾ ਇਤਿਹਾਸ ਦੁਹਰਾ ਦਿੱਤਾ ਹੈ।
ਪੰਜਾਬੀਆਂ ਨੇ ਡੇਰਾ ਫੈਕਟਰ ਉਲਟ 2007 ਵਾਲਾ ਇਤਿਹਾਸ ਦੁਹਰਾਇਆ



