ਚੰਡੀਗੜ੍ਹ, 21 ਅਗਸਤ (ਵਿਸ਼ਵ ਵਾਰਤਾ) : ਪੰਜਾਬ ਸਰਕਾਰ ਵਲੋਂ ਮਾਈ ਭਾਗੋ ਵਿੱਦਿਆ ਸਕੀਮ ਅਧੀਨ ਵਿਤੀ ਸਾਲ 2013-14 ਦੌਰਾਨ 11ਵੀ ਅਤੇ 12ਵੀ ਕਲਾਸ ਦੀਆਂ ਕੁਲ 1,52,330 ਵਿਦਿਆਰਥਣਾਂ ਨੂੰ ਮੁਫਤ ਸਾਈਕਲ ਵੰਡੇ ਜਾਣਗੇ, ਜਿਸ ਲਈ 47 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਦੱਸਿਆ ਕਿ ਮਾਈ ਭਾਗੋ ਸਕੀਮ ਅਧੀਨ ਪੜਨ ਵਾਲੀਆਂ ਲੜਕੀਆਂ ਨੂੰ ਮੁਫਤ ਸਾਈਕਲ ਵੰਡਣ ਲਈ ਸਾਰੀਆਂ ਕਾਰਵਾਈਆਂ ਮੁਕੰੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਾਈਕਲ ਖਰੀਦਣ ਲਈ ਵੀ ਸਾਰੀ ਪ੍ਰਕ੍ਰਿਆ ਪੂਰੀ ਹੋ ਗਈ ਹੈ ਅਤੇ ਅਗਲੇ ਦੋ ਮਹੀਨੇ ਦੇ ਅੰਦਰ ਅੰਦਰ ਸਰਕਾਰੀ ਸਕੂਲਾਂ ਵਿਚ 10+1 ਅਤੇ 10+2 ਕਲਾਸਾ ਵਿਚ ਪੜ੍ਹ ਰਹੀਆਂ ਲੜਕੀਆਂ ਨੂੰ ਸਾਈਕਲ ਵੰਡ ਦਿੱਤੇ ਜਾਣਗੇ।ਉਨ੍ਹਾਂ ਦੱਸਿਆ ਕਿ ਹਰ ਜ਼ਿਲ੍ਹੇ ਵਿਚ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੀਆਂ ਲੜਕੀਆਂ ਦੀ ਗਿਣਤੀ ਦੀ ਸੂਚੀ ਸਿੱਖਿਆ ਵਿਭਾਗ ਨੇ ਭੇਜ ਦਿੱਤੀ ਹੈ, ਜਿਸ ਅਨੁਸਾਰ ਹਰ ਜ਼ਿਲ੍ਹੇ ਨੂੰ ਸਾਈਕਲਾਂ ਦੀ ਸਪਲਾਈ ਕੀਤੀ ਜਾਵੇਗੀ। ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2013-14 ਦੋਰਾਨ ਸਰਕਾਰੀ ਸਕੂਲਾਂ ਵਿਚ ਪੜ ਰਹੀਆਂ 11ਵੀਂ ਦੀਆਂ ਵਿਦਿਆਰਥਣਾਂ ਦੀ ਕੁੱਲ ਗਿਣਤੀ ਦੀ ਗਿਣਤੀ 82244 ਅਤੇ 12ਵੀਂ ਦੀਆਂ ਵਿਦਿਆਰਥਣਾਂ ਦੀ ਕੁੱਲ ਗਿਣਤੀ 70086 ਹੈ।ਸ੍ਰੀ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਲੜਕੀਆਂ ਨੂੰ ਪੜ੍ਹਾਈ ਵਿੱਚ ਉਤਸਾਹਤ ਕਰਨ ਦੇ ਮਕਸਦ ਨਾਲ ਸਾਲ 2011-12 ਤੋਂ ਮਾਈ ਭਾਗੋ ਵਿੱਦਿਆ ਸਕੀਮ ਲਾਗੂ ਕੀਤੀ ਗਈ ਸੀ ਜਿਸ ਦੇ ਤਹਿਤ ਸਾਲ 2011 -12 ਦੌਰਾਨ ਪੰਜਾਬ ਵਿਚ ਸਰਕਾਰੀ ਸਕੂਲਾਂ ਦੀਆਂ 10+1 ਅਤੇ 10+2 ਕਲਾਸਾ ਵਿਚ ਪੜ੍ਹ ਰਹੀਆਂ ਕੁੱਲ 1,11,049 ਵਿਦਿਆਰਥਣਾਂ ਨੂੰ ਮੁਫਤ ਸਾਈਕਲ ਵੰਡੇ ਗਏ ਸਨ।ਉਨ੍ਹਾਂ ਦੱਸਿਆ ਕਿ ਲੜਕੀਆਂ ਨੂੰ ਘਰਾਂ ਤੋਂ ਦੂਰ ਸਕੂਲ ਜਾਣ ਸਾਧਨ ਨਾ ਹੋਣ ਕਾਰਨ ਕਈ ਬਾਰ ਲੜਕੀਆਂ ਅੱਧ ਵਿਚਾਲੇ ਹੀ ਪੜਾਈ ਛੱਡ ਦਿੰਦਿਆਂ ਸਨ। ਪਰ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਦੇ ਚਲਦਿਆਂ ਪੰਜਾਬ ਸਰਕਾਰ ਨੇ ਪੜਨ ਵਾਲੀਆਂ ਲੜਕੀਆਂ ਨੂੰ ਮੁਫਤ ਸਾਇਕਲ ਮੁਹਈਆ ਕਰਵਾਉਣ ਦਾ ਫੈਸਲਾ ਕੀਤਾ ਸੀ ਤਾਂ ਜੋ ਲੜਕੀਆਂ ਅਸਾਨੀ ਨਾਲ ਸਕੂਲ ਆ ਜਾ ਸਕਣ। ਉਨ੍ਹਾਂ ਕਿਹਾ ਕਿ ਇਸ ਦੇ ਕਾਫੀ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ।