ਨਵੀਂ ਦਿੱਲੀ, 7 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਉੱਤਰ ਪ੍ਰਦੇਸ਼ ’ਚ ਵਾਰਾਣਸੀ ਸਮੇਤ ਕਈ ਅਹਿਮ ਥਾਂਵਾਂ ‘ਤੇ ਆਖਰੀ ਪੜਾਅ ਦੀਆਂ ਵੋਟਾਂ ਪੈਣ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਭੋਪਾਲ ’ਚ ਇਕ ਟਰੇਨ ’ਚ ਧਮਾਕਾ ਹੋਇਆ, ਜਿਸ ਨੂੰ ਪੁਲਿਸ ਨੇ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਪਹਿਲਾਂ ਇਸ ਦਾ ਕਾਰਨ ਮੋਬਾਇਲ ਚਾਰਜਿੰਗ ਦੌਰਾਨ ਹੋਇਆ ਬਲਾਸਟ ਦੱਸਿਆ ਜਾ ਰਿਹਾ ਸੀ।ਦੂਜੇ ਪਾਸੇ, ਇਸ ਮਾਮਲੇ ਦੇ ਤਾਰ ਲਖਨਊ ਅਤੇ ਕਾਨਪੁਰ ਨਾਲ ਵੀ ਜੁੜਦੇ ਨਜ਼ਰ ਆ ਰਹੇ ਹਨ।ਟਰੇਨ ’ਚ ਧਮਾਕਾ, ਫਿਰ ਇਸ ਨਾਲ ਜੁੜੇ ਸ਼ੱਕੀਆਂ ਦੀ ਗ੍ਰਿਫਤਾਰੀ, ਇਸ ਮਗਰੋਂ ਲਖਨਊ ’ਚ ਮੁਕਾਬਲਾ ਅਤੇ ਆਖਿਰ ’ਚ ਕਾਨਪੁਰ ’ਚ ਗ੍ਰਿਫਤਾਰੀਆਂ ਕਿਸੇ ਵੱਡੀ ਸਾਜਿਸ਼ ਵੱਲ ਇਸ਼ਾਰਾ ਕਰਦੀਆਂ ਹਨ।ਪੁਲਸ ਛੇਤੀ ਹੀ ਇਸ ਮਾਮਲੇ ’ਚ ਵੱਡਾ ਖੁਲਾਸਾ ਕਰ ਸਕਦੀ ਹੈ।3 ਵਿਅਕਤੀਆਂ ਨੂੰ ਕੀਤਾ ਜਾ ਚੁੱਕਾ ਹੈ ਗ੍ਰਿਫਤਾਰ। ਮੱਧ ਪ੍ਰਦੇਸ਼ ਦੇ ਸ਼ਾਜਾਪੁਰ ‘ਚ ਮੰਗਲਵਾਰ ਨੂੰ ਭੋਪਾਲ-ਉਜੈਨ ਪੈਸੇਂਜਰ ਟਰੇਨ ‘ਚ ਹੋਏ ਧਮਾਕੇ ‘ਚ 6 ਯਾਤਰੀ ਜ਼ਖਮੀ ਹੋ ਗਏ ਸਨ। ਘਟਨਾ ਦੇ ਸਬੰਧ ‘ਚ ਹੁਣ ਤੱਕ 3 ਵਿਅਕਤੀਆਂ ਨੂੰ ਪਿਪਰੀਆ ਤੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਮੱਧ ਪ੍ਰਦੇਸ਼ ਦੇ ਆਈ. ਜੀ. ਮਕਰੰਦ ਦੇਵਾਸਵਰ ਨੇ ਇਸ ਪੂਰੀ ਘਟਨਾ ਦੀ ਪੁਸ਼ਟੀ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਧਮਾਕੇ ਮਗਰੋਂ ਕੋਚ ‘ਚ ਅੱਗ ਲੱਗ ਗਈ ਸੀ।
ਅੱਤਵਾਦੀ ਨੂੰ ਜਿਉਂਦਾ ਫੜਣ ਦੀ ਕੋਸ਼ਿਸ਼ ਜਾਰੀ
ਦੂਜੇ ਪਾਸੇ ਲਖਨਊ ‘ਚ ਜਾਰੀ ਮੁਕਾਬਲਾ ਅਤੇ ਕਾਨਪੁਰ ‘ਚ ਹੋਈ ਗ੍ਰਿਫਤਾਰੀ ਵੀ ਇਸ ਮਾਮਲੇ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀ ਨੂੰ ਜਿਉਂਦਾ ਫੜਣ ਦੀ ਕੋਸ਼ਿਸ਼ ਵੀ ਇਸ ਲਈ ਕੀਤੀ ਜਾ ਰਹੀ ਹੈ ਤਾਂ ਜੋ ਉਸ ਕੋਲੋਂ ਪੂਰੀ ਸਾਜਿਸ਼ ਦੀ ਜਾਣਕਾਰੀ ਲਈ ਜਾ ਸਕੇ। ਦੱਸਣਯੋਗ ਹੈ ਕਿ ਲਖਨਊ ਦੇ ਠਾਕੁਰਗੰਜ ‘ਚ ਇਕ ਘਰ ‘ਚ ਸ਼ੱਕੀ ਅੱਤਵਾਦੀ ਦੇ ਲੁਕੇ ਹੋਣ ਦੀ ਜਾਣਕਾਰੀ ਮਗਰੋਂ ਪੁਲਸ ਨੇ ਉਸ ਨੂੰ ਫੜਣ ਦੀ ਮੁਹਿੰਮ ਚਲਾਈ ਹੋਈ ਹੈ ਤੇ ਦੋਵਾਂ ਪਾਸਿਓਂ ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ।ਉਧਰ, ਕਾਨਪੁਰ ਤੋਂ 18 ਸਾਲਾ ਫੈਸਲ ਨੂੰ ਏ.ਟੀ.ਐੱਸ. ਨੇ ਹਿਰਾਸਤ ’ਚ ਲਿਆ ਹੈ। ਸੁਰੱਖਿਆ ਕਰਮਚਾਰੀਆਂ ਨੇ ਤਿਵਾੜੀਪੁਰ ਸਥਿਤ ਨਫੀਸ ਦੇ ਘਰ ਰੇਡ ਕੀਤੀ ਸੀ, ਜਿਸ ਤੋਂ ਬਾਅਦ ਫੈਸਲ ਨੂੰ ਹਿਰਾਸਤ ’ਚ ਲਿਆ ਗਿਆ।ਕਾਨਪੁਰ ਨੇੜੇ ਉਨਾਵ ਦੇ ਸਿੰਗਰੌਸੀ ’ਚ ਵੀ ਏ.ਟੀ.ਐੱਸ. ਨੇ ਇਕ ਫੈਕਟਰੀ ’ਚ ਛਾਪਾ ਮਾਰਿਆ ਅਤੇ ਇਕ ਸ਼ੱਕੀ ਨੂੰ ਹਿਰਾਸਤ ’ਚ ਲਿਆ।



