Skip to content
Independent perspectives. Global stories.
BREAKING

ਅਮਰੀਕਾ ’ਚ ਸਿੱਖ ਨੂੰ ਗੋਲੀ ਮਾਰਨ ਦਾ ਮਾਮਲਾ ਦਿੱਲੀ ਕਮੇਟੀ ਨੇ ਸੁਸ਼ਮਾ ਸਵਰਾਜ ਤੇ ਅਮਰੀਕੀ ਰਾਜਦੂਤ ਕੋਲ ਉਠਾਇਆ

Share this story

sushma-swaraj3-16-1479282205 ਨਵੀਂ ਦਿੱਲੀ, 7 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਨੇ ਅੱਜ ਅਮਰੀਕਾ ਦੇ ਕੈਂਟ ਨੇੜੇ ਸੀਅਟਲ ਸ਼ਹਿਰ ਵਿਚ ਇਕ ਸਿੱਖ  ‘ਤੇ ਗੋਲੀ ਚਲਾਉਣ ਦਾ ਮਾਮਲਾ ਅੱਜ ਭਾਰਤੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਤੇ ਅਮਰੀਕਾ ਦੇ ਭਾਰਤ ਵਿਚ ਰਾਜਦੂਤ ਸ੍ਰੀ ਰਿਚਰਡ ਵਰਮਾ ਕੋਲ ਉਠਾਇਆ ਤੇ ਦੋਹਾਂ ਨੂੰ ਅਪੀਲ ਕੀਤੀ ਕਿ ਅਮਰੀਕਾ ਵਿਚ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਤੇ ਵਿਤਕਰੇ ਨੂੰ ਰੋਕਣ ਲਈ ਤੁਰੰਤ ਕਦਮ ਚੁੱਕੇ ਜਾਣ।ਸ੍ਰੀਮਤੀ ਸਵਰਾਜ ਤੇ ਅਮਰੀਕੀ ਰਾਜਦੂਤ ਰਿਚਰਡ ਵਰਮਾ ਨੂੰ ਲਿਖੇ ਵੱਖ ਵੱਖ ਪੱਤਰਾਂ ਵਿਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅਮਰੀਕਾ ਵਿਚ ਸਿੱਖਾਂ ‘ਤੇ ਹਮਲਿਆਂ ਪ੍ਰਤੀ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਤੇ ਹੈਰਾਨੀ ਵਾਲੀ ਗੱਲ ਹੈ ਕਿ ਪਿਛਲੇ ਇਕ ਦਹਾਕੇ ਤੋਂ  ਅਮਰੀਕਾ ਵਿਚ ਸਿੱਖਾਂ ਦੀਆਂ ਹੱਤਿਆਵਾਂ ਜਾਰੀ ਹਨ।ਸ੍ਰੀ ਸਿਰਸਾ ਨੇ ਕਿਹਾ ਕਿ ਭਾਵੇਂ ਸ੍ਰੀਮਤੀ ਸਵਰਾਜ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਮਾਮਲਾ ਉਠਾਉਂਦੇ ਰਹਿੰਦੇ ਹਨ ਪਰ ਇਸਦੇ ਬਾਵਜੂਦ ਵੀ ਸਿੱਖ ਭਾਈਚਾਰੇ ਦੇ ਮੈਂਬਰਾਂ ‘ਤੇ ਹਮਲੇ ਜਾਰੀ ਹਨ ਜਿਹਨਾਂ ਵਿਚ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਤੇ ਇਥੋਂ ਤੱਕ ਕਿ ਕਈ ਵਾਰ ਹੱਤਿਆ ਵੀ ਕੀਤੀ ਜਾਂਦੀ ਹੈ ਤੇ ਇਹ ਘਟਨਾਵਾਂ ਇਕ ਤੋਂ ਬਾਅਦ ਇਕ ਲਗਾਤਾਰ ਵਾਪਰ ਰਹੀਆਂ ਹਨ।
ਉਹਨਾਂ ਕਿਹਾ ਕਿ ਹਾਲ ਹੀ ਵਿਚ ਦੀਪ ਰਾਏ ਪੁੱਤਰ ਹਰਪਾਲ ਸਿੰਘ ਉਪਰ ਹੋਇਆ ਹਮਲਾ ਤਾਜ਼ਾ ਘਟਨਾ ਹੈ। ਉਹਨਾਂ ਕਿਹਾ ਕਿ ਸਿੱਖ ਭਾਵੇਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਰਹਿ ਰਿਹਾ ਹੋਵੇ ਜਾਂ ਫਿਰ ਘੁੰਮਣ ਗਿਆ ਹੋਵੇ, ਉਸਦੀਆਂ ਜੜਾਂ ਪੰਜਾਬ, ਭਾਰਤ ਵਿਚ ਹੀ ਹੁੰਦੀਆਂ ਹਨ।ਸ੍ਰੀ ਸਿਰਸਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਭਾਰਤ ਦੀ ਪਾਰਲੀਮੈਂਟ ਵੱਲੋਂ ਪਾਸ ਕੀਤੇ ਐਕਟ 1971 ਭਾਰਤ ਸਰਕਾਰ ਦੇ ਤਹਿਤ ਸਥਾਪਿਤ  ਸੰਸਥਾ ਹੈ, ਸਿੱਖਾਂ ਦੀ ਪ੍ਰਤੀਨਿਧਤਾ ਕਰਦੀ ਹੈ ਤੇ ਸਿੱਖ ਸੰਗਤ ਨੇ ਉਸਨੁੰ ਜ਼ਿੰਮੇਵਾਰੀ ਸੌਂਪੀ ਹੈ ਕਿ ਜਦੋਂ ਵੀ ਸਿੱਖਾਂ ਦੀ ਪਛਾਣ ਦੇ ਬਾਬਤ ਕੋਈ ਨਸਲੀ ਹਮਲਾ ਜਾਂ ਬੇਇੱਜ਼ਤੀ  ਵਾਲੀ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਉਹ ਉਠਾਈ ਜਾਵੇ।
ਇਹ ਮਾਮਲੇ ਉਠਾਉਣ ਲਈ ਮੰਤਰਾਲੇ ਵਿਚ ਵੱਖਰਾ ਸੈਲ ਸਥਾਪਿਤ ਕੀਤੇ ਜਾਣ ‘ਤੇ ਜ਼ੋਰ ਦਿੰਦਿਆਂ ਸ੍ਰੀ ਸਿਰਸਾ ਨੇ ਕਿਹਾ ਸੁਝਾਅ ਦਿੱਤਾ ਕਿ ਇਸ ਸੈਲ ਵਿਚ ਭਾਰਤ ਸਰਕਾਰ ਦੇ  ਮੈਂਬਰ ਅਤੇ ਚੁਣੀਆਂ ਹੋਈਆਂ ਸੰਸਥਾਵਾਂ ਜਿਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਿੱਖਾਂ ਦੇ ਪ੍ਰਤੀਨਿਧ ਸ਼ਾਮਲ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਇਕ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕੀਤੀ ਜਾਵੇ ਤਾਂ ਕਿ ਭਵਿੱਖ ਵਿਚ ਵੀ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ।
ਸ੍ਰੀ ਸਿਰਸਾ ਨੇ ਵਿਦੇਸ਼ ਮੰਤਰੀ ਤੇ ਅਮਰੀਕੀ ਰਾਜਦੂਤ ਨੂੰ ਪਿਛਲੇ ਸਮੇਂ ਵਿਚ ਵਾਪਰੀਆਂ ਘਟਨਾਵਾਂ ਵੀ ਚੇਤੇ ਕਰਵਾਈਆਂ ਜਿਹਨਾਂ ਵਿਚ 2012 ਵਿਚ ਵਿਸਕਾਨਸਿਨ ਗੁਰਦੁਆਰਾ ਸਾਹਿਬ ਵਿਚ ਵੇਡ ਮਾਈਕਲ ਨਾਮ ਦੇ ਵਿਅਕਤੀ ਵੱਲੋਂ ਗੋਲੀਆਂ ਚਲਾ ਕੇ ਛੇ ਵਿਅਕਤੀਆਂ ਦੀ ਹੱਤਿਆ ਕਰਨਾ, ਸਿੱਖ ਅਮਰੀਕੀ ਐਕਟਰ ਵਾਰਿਸ ਆਹਲੂਵਾਲੀਆ ਵੱਲੋਂ ਪਗੜੀ ਨਾ ਉਤਾਰਣ ‘ਤੇ ਉਹਨਾਂ ਨੂੰ ਮੈਕਸੀਕੋ ਵਿਚ ਐਰੋ ਮੈਕਸੀਕੋ ਦੀ ਫਲਾਈਟ ‘ਤੇ ਸਵਾਰ ਨਾ ਹੋਣ ਦੇਣ ਅਤੇ ਇੰਡੋ ਕੈਨੇਡੀਅਨ ਸਿੱਖ ਕਾਮੇਡੀਅਨ ਜਸਮੀਤ ਸਿੰਘ ਨੂੰ ਅਮਰੀਕੀ ਹਵਾਈ ਅੱਡੇ ‘ਤੇ ਜਬਰੀ ਪਗੜੀ ਲਾਹੁਣ ਲਈ ਮਜਬੂਰ ਕਰਨ ਤੇ ਫਿਰ ਉਸਨੂੰ ਮੈਕਸੀਕੋ ਜਾਣ ਵਾਲੇ ਜਹਾਜ਼ ਵਿਚ ਸਵਾਰ ਨਾ ਹੋਣ ਦੇਣ ਦਾ ਮਾਮਲਾ ਸ਼ਾਮਲ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਦੋਹਾਂ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਤੁਰੰਤ ਕਦਮ ਚੁੱਕਣ ਕਿਉਂਕਿ ਅਮਰੀਕਾ ਵਿਚ ਬਦਲੇ ਹੋਏ ਹਾਲਾਤਾਂ ਕਾਰਨ ਸਿੱਖ ਭਾਈਚਾਰਾ ਬਹੁਤ ਗੰਭੀਰ ਚਿੰਤਾ ਵਿਚ ਹੈ।

WRITTEN BY