ਨਵੀਂ ਦਿੱਲੀ, 2 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਭਾਰਤ ਦੇ ਰੱਖਿਆ ਮੰਤਰੀ ਸ੍ਰੀ ਮਨੋਹਰ ਪਾਰਿਕਰ ਨੇ ਇਹ ਖ਼ਦਸ਼ਾ ਪ੍ਰਗਟ ਕਰਦਿਆਂ ਪੂਰੇ ਖ਼ਿੱਤੇ ਨੂੰ ਹੈਰਾਨ ਕਰ ਦਿੱਤਾ ਹੈ ਕਿ ਰਿਪੋਰਟਾਂ ਮੁਤਾਬਿਕ ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ਨਾਲ ਲਗਦੇ ਸਰਹੱਦੀ ਖੇਤਰ ’ਚ ਰਸਾਇਣਿਕ ਹਥਿਆਰਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁਤਾਬਿਕ ਅਫ਼ਗਾਨਿਸਤਾਨ ਤੇ ਉੱਤਰੀ ਹਿੱਸਿਆਂ ਤੋਂ ਕਈ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ, ਜਿਨ੍ਹਾਂ ਤੋਂ ਪਤਾ ਚੱਲ ਰਿਹਾ ਹੈ ਕਿ ਸਥਾਨਕ ਲੋਕਾਂ ਦੇ ਸਰੀਰਾਂ ’ਤੇ ਕੈਮੀਕਲ ਹਥਿਆਰਾਂ ਦੇ ਪ੍ਰਭਾਵ ਹਨ।ਰੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਤਸਵੀਰਾਂ ਦੇਖੀਆਂ ਹਨ, ਜੋ ਪ੍ਰੇਸ਼ਾਨ ਕਰਨ ਵਾਲੀਆਂ ਹਨ।ਉਨ੍ਹਾਂ ਨੇ ਕਿਹਾ ਕਿ ਭਾਵੇਂ ਦੇਸ਼ ’ਤੇ ਇਸ ਤਰ੍ਹਾਂ ਦੇ ਹਮਲਿਆਂ ਦਾ ਖ਼ਤਰਾ ਹੋਵੇ ਜਾਂ ਨਾ ਪਰ ਭਾਰਤ ਨੂੰ ਕੈਮੀਕਲ, ਬਾਇਓਲਾਜਿਕਲ ਤੇ ਨਿਊਕਲੀਅਰ ਹਮਲਿਆਂ ਲਈ ਤਿਆਰ ਰਹਿਣਾ ਪਵੇਗਾ।ਰੱਖਿਆ ਮੰਤਰੀ ਸ੍ਰੀ ਮਨੋਹਰ ਪਾਰੀਕਰ ਵੀਰਵਾਰ ਨੂੰ ਇੱਥੇ ਡੀ. ਆਰ. ਡੀ. ਓ. ਦੇ ਇਕ ਪ੍ਰੋਗਰਾਮ ’ਚ ਬੋਲ ਰਹੇ ਸਨ। ਹਾਲ ਹੀ ’ਚ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਸਰਹੱਦ ਨਾਲ ਲੱਗਦੇ ਇਲਾਕਿਆਂ ’ਚ ਅੱਤਵਾਦੀਆਂ ਵਿਰੁੱਧ ਜ਼ਬਰਦਸਤ ਆਪ੍ਰੇਸ਼ਨ ਚਲਾਏ ਜਾਣ ਦੀ ਗੱਲ ਸਾਹਮਣੇ ਆਈ ਸੀ।ਰਾਮਜਸ ਕਾਲਜ ਘਟਨਾਕ੍ਰਮ ਦੇ ਮੱਦੇਨਜ਼ਰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਮਚੇ ਬਵਾਲ ਦਰਮਿਆਨ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਅੱਜ ਕਿਹਾ ਕਿ ਉਹ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਪੱਖ ’ਚ ਹਨ ਪਰ ਇਹ ਕਾਨੂੰਨ ਦੇ ਘੇਰੇ ’ਚ ਹੀ ਹੋਣੀ ਚਾਹੀਦੀ ਹੈ।ਫੌਜੀ ਭਰਤੀ ਦਾ ਪਰਚਾ ਲੀਕ ਹੋ ਜਾਣ ਦੇ ਮਾਮਲੇ ’ਚ ਉਨ੍ਹਾਂ ਕਿਹਾ ਕਿ ਫੌਜ ਇਸ ਮਾਮਲੇ ਦੀ ਅੰਦਰੂਨੀ ਜਾਂਚ ਕਰ ਰਹੀ ਹੈ ਅਤੇ ਰੱਖਿਆ ਮੰਤਰਾਲਾ ਨੇ ਇਸ ਦੀ ਸੀ.ਬੀ.ਆਈ. ਕੋਲੋਂ ਜਾਂਚ ਕਰਵਾਏ ਜਾਣ ਦੀ ਸਿਫਾਰਿਸ਼ ਕੀਤੀ ਹੈ।
ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ਸੀਮਾ ’ਤੇ ਕੈਮੀਕਲ ਹਥਿਆਰਾਂ ਦਾ ਇਸਤੇਮਾਲ : ਪਾਰਿਕਰ



