ਭਵਾਨੀਗੜ, 28 ਫਰਵਰੀ (ਕ੍ਰਿਸ਼ਨ ਗਰਗ, ਬਾਲੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਲੋ ਨੋਟਬੰਦੀ ਦੇ ਫੈਸਲੇ ਤੋ ਬਾਅਦ ਆਮ ਲੋਕ ਪੈਸੇ ਪੈਸੇ ਲਈ ਤਰਸ ਰਹੇ ਹਨ ਜਨਤਾ ਨੂੰ ਉਮੀਦ ਸੀ ਕਿ ਫੈਸਲਾ ਬਹੁਤ ਸੋਚ ਸਮਝ ਕੇ ਹੀ ਲਿਆ ਗਿਆ ਹੋਵੇਗਾ ਅਤੇ ਫਰਵਰੀ ਵਿੱਚ ਸਥਿਤੀ ਬਿਲਕੁਲ ਠੀਕ ਹੋ ਜਾਵੇਗੀ ਪਰ ਹੈਰਾਨੀ ਦੀ ਗੱਲ ਹੈ ਕਿ ਪਰਨਾਲਾ ਉਥੇ ਦਾ ਉਥੇ ਹੀ ਹੈ ਉਲਟਾ ਬੈਕਾਂ ਦੀ ਹੜਤਾਲ ਨੇ ਆਮ ਜਨਤਾ ਨੂੰ ਫਿਰ ਝਟਕਾ ਦਿੱਤਾ ਹੈ ਬਾਕੀ ਬਚੀ ਉਮੀਦ ਏ ਟੀ ਐਮ ਉਹ ਵੀ ਕੈਸ਼ ਲੈਸ ਹੀ ਨਜਰ ਆਏ। ਅੱਜ ਭਵਾਨੀਗੜ ਸ਼ਹਿਰ ਵਿੱਚ ਕਿਸੇ ਵੀ ਏ ਟੀ ਐਮ ਵਿਚੋ ਪੈਸੇ ਨਹੀਂ ਨਿਕਲੇ ਜਿਸ ਕਾਰਨ ਕੋਈ ਐਮਰਜੈਸੀ ਕੰਮ ਯਾ ਜਰੂਰੀ ਕੰਮਾਂ ਲਈ ਪੈਸਿਆਂ ਦਾ ਹੀਲਾ ਵਸੀਲਾ ਕਰਨਾਂ ਬਹੁਤ ਹੀ ਮੁਸ਼ਕਿਲ ਹੋ ਗਿਆ। ਲੋਕਾਂ ਨੇ ਬਹੁਤ ਵੱਡੀ ਆਸ ਲਗਾ ਕੇ ਨੋਟਬੰਦੀ ਵਿੱਚ ਸਰਕਾਰ ਦਾ ਸਾਥ ਦਿੱਤਾ ਪਰ ਹੁਣ ਲੋਕ ਮਹਿਸੂਸ ਕਰ ਰਹੇ ਹਨ ਕਿ ਕਾਲਾ ਧਨ ਨਿਕਲਣ ਦੀ ਬਜਾਏ ਜਨਤਾ ਦੀ ਜੋ ਖੱਜਲ ਖੁਆਰੀ ਹੋ ਰਹੀ ਹੈ ਕੀ ਸਰਕਾਰ ਇਸ ਤੋ ਬਿਲਕੁਲ ਅਣਜਾਣ ਹੈ। ਵਿਆਹ ਸ਼ਾਦੀਆਂ ਅਤੇ ਬਿਮਾਰ ਲੋਕਾਂ ਲਈ ਇਹ ਮੁਸ਼ਕਿਲ ਦੀ ਘੜੀ ਹੈ।



