Skip to content
Independent perspectives. Global stories.
BREAKING

ਜ਼ਿਲ੍ਹੇ ਦੇ 463 ਵਿੱਚੋਂ 461 ਪਿੰਡਾਂ ‘ਚ ਪੀਣ ਲਈ ਸ਼ੁੱਧ ਜਲ ਸਪਲਾਈ ਕੀਤਾ ਜਾ ਰਿਹਾ : ਡੀ.ਸੀ.

Share this story

ਨਵਾਂਸ਼ਹਿਰ 19 ਅਗਸਤ (ਸਨਪ੍ਰੀਤ ਮਾਂਗਟ, ਬਲਵੀਰ ਰੂਬੀ)- ਜ਼ਿਲ੍ਹੇ ਵਿੱਚ ਸਰਕਾਰ ਵੱਲੋਂ ਸਾਫ਼-ਸੁੱਥਰਾ ਪਾਣੀ ਮੁੱਹਈਆ ਕਰਵਾਉਣ ਦੀ ਯੋਜਨਾ ਤਹਿਤ 463 ਪਿੰਡਾਂ ਵਿੱਚੋਂ 461 ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਜਲ ਸਪਲਾਈ ਨਾਲ ਜੋੜਿਆ ਜਾ ਚੁੱਕਾ ਹੈ ਅਤੇ ਬਕਾਇਆ ਰਹਿੰਦੇ ਦੋ ਪਿੰਡਾਂ ਮੱਲੋ ਮਜਾਰਾ ਅਤੇ ਕੰਗ ਦੇ ਲੋਕਾਂ ਨੂੰ ਇਸ ਸਾਲ ਵਿੱਚ ਸ਼ੁੱਧ ਜਲ ਸਪਲਾਈ ਨਾਲ ਜੋੜਨ ਤੋਂ ਬਾਅਦ ਪੀਣ ਵਾਲੇ ਸ਼ੁੱਧ ਪਾਣੀ ਦੀ ਸਪਲਾਈ ਜ਼ਿਲ੍ਹੇ ਦੇ ਪਿੰਡਾਂ ਵਿੱਚ 100 ਫ਼ੀਸਦੀ ਹੋ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਨੂ ਕਸ਼ਯਪ ਨੇ ਦੱਸਿਆ ਕਿ ਸਾਲ 2007 ਤੋਂ ਹੁਣ ਤੱਕ ਜ਼ਿਲ੍ਹੇ ਵਿੱਚ ਜਲ ਸਪਲਾਈ ਪ੍ਰਾਜੈਕਟਾਂ ਦੀ ਉਸਾਰੀ ‘ਤੇ 5021.35 ਲੱਖ ਰੁਪਏ ਦਾ ਖਰਚ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ ਕੁੱਝ ਪ੍ਰਾਜੈਕਟ 40 ਲੀਟਰ ਪ੍ਰਤੀ ਜੀਅ ਪ੍ਰਤੀ ਦਿਨ ਪਾਣੀ ਦੀ ਖ਼ਪਤ ਹੋਣ ਕਾਰਨ, ਇਨ੍ਹਾਂ ਨੂੰ 70 ਲੀਟਰ ਪ੍ਰਤੀ ਜੀਅ ਪ੍ਰਤੀ ਦਿਨ ਦੀ ਪਾਣੀ ਦੀ ਖ਼ਪਤ ਦੇ ਹਿਸਾਬ ਨਾਲ ਅਪਗ੍ਰੇਡ ਕੀਤੇ ਜਾ ਰਹੇ ਹਨ, ਜਿਨ੍ਹਾਂ ‘ਤੇ ਚਾਲੂ ਮਾਲੀ ਸਾਲ ਵਿੱਚ 2284.64 ਲੱਖ ਰੁਪਏ ਦਾ ਖਰਚ ਕੀਤਾ ਜਾਵੇਗਾ। ਉਨ੍ਹਾਂ ਵੱਖ-ਵੱਖ ਸਕੀਮਾਂ/ਪ੍ਰੋਗਰਾਮਾਂ ਤਹਿਤ ਸ਼ੁੱਧ ਜਲ ਸਪਲਾਈ ਦੇ ਇਨ੍ਹਾਂ ਪ੍ਰਾਜੈਕਟਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਏ.ਆਰ.ਡਬਲਯੂ.ਐਸ.ਪੀ. ਤਹਿਤ ਸਾਲ 2007 ਤੋਂ ਹੁਣ ਤੱਕ 2197.98 ਲੱਖ ਰੁਪਏ ਦਾ ਖਰਚਾ ਕੀਤਾ ਗਿਆ, ਜਿਸ ਨਾਲ 138 ਪਿੰਡਾਂ (82 ਸਕੀਮਾਂ) ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਦਿੱਤੀ ਗਈ। ਸਾਲ 2013-14 ਦੌਰਾਨ ਇਸ ਮੱਦ ਅਧੀਨ 38 ਪਿੰਡਾਂ (31 ਸਕੀਮਾਂ) ਨੂੰ ਅਪਗ੍ਰੇਡ ਕਰਕੇ ਕਮਿਸ਼ਨ ਕਰਨ ਦਾ ਟੀਚਾ ਹੈ ਜਿਸ ‘ਤੇ ਲਗਭਗ  1711.71 ਲੱਖ ਰੁਪਏ ਦਾ ਖਰਚਾ ਆਵੇਗਾ। ਇਸੇ ਤਰ੍ਹਾਂ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਸਾਲ 2007 ਤੋਂ ਹੁਣ ਤੱਕ 2120.67 ਲੱਖ ਰੁਪਏ ਦੀ ਲਾਗਤ ਨਾਲ 57 ਪਿੰਡਾਂ (55 ਸਕੀਮਾਂ) ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਦੇ ਕੇ ਕਮਿਸ਼ਨ ਕੀਤਾ ਗਿਆ। ਸਾਲ 2013-14 ਦੌਰਾਨ 13 ਪਿੰਡਾਂ (11 ਸਕੀਮਾਂ) ਨੂੰ ਕਮਿਸ਼ਨ ਕਰਨ ਦਾ ਟੀਚਾ ਹੈ, ਜਿਸ ਤੇ ਲਗਭਗ 472.93 ਲੱਖ ਰੁਪਏ ਖਰਚਾ ਆਵੇਗਾ। ਇਸ ਵਿਚੋਂ 1 ਪਿੰਡ (1 ਸਕੀਮ) ਚੱਕ ਬਿਲਗਾ ਦੀ ਸਕੀਮ ਚਾਲੂ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਨਬਾਰਡ ਸਕੀਮ ਤਹਿਤ ਸਾਲ 2007 ਤੋਂ ਹੁਣ ਤੱਕ 702.70 ਲੱਖ ਰੁਪਏ ਦਾ ਖਰਚਾ ਕੀਤਾ ਗਿਆ। ਇਸ ਸਕੀਮ ਤਹਿਤ 55 ਪਿੰਡਾਂ (23 ਸਕੀਮਾਂ) ਨੂੰ ਪੀਣ ਵਾਲੇ ਸ਼ੁੱਧ ਪਾਣੀ ਦੀ ਸਹੂਲਤ ਦਿੱਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਸ਼ਹਿਰੀ ਤਰਜ਼ ‘ਤੇ ਗੰਦੇ ਪਾਣੀ ਦੀ ਨਿਕਾਸੀ ਲਈ ਸਰਕਾਰ ਵੱਲੋਂ ਪੂਰੇ ਪੰਜਾਬ ਵਿਚ ਵਿਸ਼ਵ ਬੈਂਕ ਦੀ ਸਹਾਇਤਾ ਨਾਲ 100 ਪਿੰਡਾਂ ਨੂੰ ਸੀਵਰੇਜ ਵਿਛਾਉਣ ਲਈ ਚੁਣਿਆ ਗਿਆ ਹੈ। ਇਨ੍ਹਾਂ ਵਿਚੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 7 ਪਿੰਡ ਚੁਣੇ ਗਏ ਹਨ, ਜਿਨ੍ਹਾਂ ਨੂੰ ਸਾਲ 2013-14 ਦੌਰਾਨ ਕਮਿਸ਼ਨ (ਮੁਕੰਮਲ ਕਰਕੇ ਚਲਾਉਣ) ਕਰਨ ਦਾ ਟੀਚਾ ਹੈ, ਇਸ ‘ਤੇ 1220.10 ਲੱਖ ਰੁਪਏ ਖਰਚਾ ਆਵੇਗਾ। ਇਨ੍ਹਾਂ ਪਿੰਡਾਂ ਵਿੱਚ ਚਾਹਲ ਖੁਰਦ, ਮੀਰਪੁਰ ਜੱਟਾਂ, ਚੱਕ ਮਾਈ ਦਾਸ, ਹੰਸਰੋਂ, ਸੋਨਾ, ਸਿੰਬਲ ਮਜਾਰਾ ਅਤੇ ਭਰੌਲੀ ਸ਼ਾਮਿਲ ਹਨ। ਇਨ੍ਹਾਂ ਸਾਰੀਆਂ ਸਕੀਮਾਂ ‘ਤੇ ਕੰਮ ਕਰ ਰਹੇ ਪੰਜਾਬ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਅਮਰਜੀਤ ਸਿੰਘ ਨੇ ਦੱਸਿਆ ਕਿ ਸੀਵਰੇਜ ਸਿਸਟਮ ਦੇ ਟੈਂਡਰ ਅਲਾਟ ਹੋ ਚੁੱਕੇ ਹਨ ਅਤੇ ਇੱਕ ਸਾਲ ਵਿੱਚ ਕੰਮ ਖ਼ਤਮ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰੇਕ ਪਿੰਡ ਦੀ ਲੋੜ ਮੁਤਾਬਕ ਸਵਾ ਤੋਂ ਸਾਢੇ ਤਿੰਨ ਏਕੜ ਜ਼ਮੀਨ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਵੀ ਲਾਇਆ ਜਾਵੇਗਾ ਅਤੇ ਪਾਣੀ ਸਾਫ਼ ਕਰਨ ਉਪਰਂੰਤ ਸਿੰਜਾਈ ਲਈ ਵਰਤਿਆ ਜਾਵੇਗਾ।

WRITTEN BY