ਬਰਨਾਲਾ, 20 ਫਰਵਰੀ (ਨਿਰਮਲ ਸਿੰਘ ਪੰਡੋਰੀ)- ਸਵਰਨ ਪ੍ਰੋਡਕਸ਼ਨ ਅਤੇ ਅਜਲ ਪ੍ਰੋਡਕਸ਼ਨ ਰਾਹੀਂ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਅਤੇ ਪੰਜਾਬੀ ਸੱਭਿਆਚਾਰਕ ਰਾਹੀਂ ਸੰਗੀਤ ਜਗਤ ਵਿੱਚ ਡੂੰਘੀਆਂ ਪੈੜਾਂ ਪਾਉਂਦਿਆਂ ਮੇਲਿਆਂ ਦੇ ਬਾਦਸ਼ਾਹ ਸਵਰਨ ਬਰਨਾਲਾ ਦੀ ਰਹਿਨੁਮਾਈ ਹੇਠ ‘ਮੇਲਾ ਸੰਘੇੜੇ ਦਾ’ 27 ਫਰਵਰੀ ਨੂੰ ਸੰਘੇੜਾ ਕਾਲਜ ਵਿਖੇ ਪੜ੍ਹੇ ਪੁਰਾਣੇ ਹਮਜਮਾਤੀਆਂ ਦੀ ਬਣੀ ਸੰਸਥਾ ਵੱਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਆਮ ਲੋਕਾਂ ਨੂੰ ਖੁੱਲ੍ਹੇ ਸੱਦੇ ਰਾਹੀਂ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਚਾਨਣਾ ਪਾਉਂਦਿਆਂ ਸਵਰਨ ਬਰਨਾਲਾ ਨੇ ਦੱਸਿਆ ਕਿ ਇਹ ਮੇਲਾ ਪੰਜਾਬੀ ਗਾਇਕੀ ਦੀ ਫੁਲਵਾੜੀ ਚੋਂ ਟੁੱਟੇ ਫੁੱਲ ਗਾਇਕ ਮਰਹੂਮ ਰਾਜ ਬਰਾੜ ਨੂੰ ਸਮਰਪਿਤ ਹੋਵੇਗਾ। ਇਸ ਮੇਲੇ ਵਿੱਚ ਫਿਲਮੀ ਕਲਾਕਾਰ ਅਤੇ ਪੰਜਾਬੀ ਗਾਇਕੀ ਦੇ ਮਸ਼ਹੂਰ ਗਾਇਕ ਆਪਣੀ ਕਲਾ ਦਾ ਜੌਹਰ ਦਿਖਾਉਂਦਿਆਂ ਸਰੋਤਿਆਂ ਦਾ ਮਨੋਰੰਜਨ ਕਰਨਗੇ। ਇਸ ਮੇਲੇ ਵਿੱਚ ਵਿਸ਼ੇਸ਼ ਤੌਰ ’ਤੇ ਪਾਲੀਵੁੱਡ ਦੀ ਮਸ਼ਹੂਰ ਹੀਰੋਇਨ ਸੁੱਖੀ ਬੱਲ, ਗਾਇਕ ਇੰਦਰਜੀਤ ਨਿੱਕੂ, ਸੁਨੰਦਾ ਸ਼ਰਮਾ, ਮਾਸਾ ਅਲੀ, ਹਰਦੀਪ ਸਰਪੰਚ, ਜੇ ਜੀਤ, ਹਰਪ੍ਰੀਤ ਢਿੱਲੋਂ, ਸੈਲੀਨਾਂ ਸ਼ੈਲੀ, ਹਰਸਿਮਰਨ, ਜੈਸੀ ਬਾਜਵਾ, ਫਤਿਹ ਸ਼ੇਰਗਿੱਲ, ਸਮੇਤ ਅਨੇਕਾਂ ਗਾਇਕ ਪੁੱਜ ਰਹੇ ਹਨ।



