ਤਲਵੰਡੀ ਸਾਬੋ, 20 ਫਰਵਰੀ (ਰਾਮ ਰੇਸ਼ਮ ਨਥੇਹਾ)- ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ੍ਹ ਦੇ ਸਬ ਡਵੀਜਨ ਤਲਵੰਡੀ ਸਾਬੋ ਨਾਲ ਲੱਗਦੇ ਹਰਿਆਣਾ ਦੇ ਪਿੰਡ ਦਾਦੂ ਵਿਚਲੇ ਮੁੱਖ ਅਸਥਾਨ ਗੁ: ਗ੍ਰੰਥਸਰ ਸਾਹਿਬ ਵਿਖੇ ਸਿੱਖ ਰਾਜ ਦੇ ਮੋਢੀ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਸਮਰਪਿਤ ਕਰਕੇ ਕਰਵਾਏ ਗਏ ਦੋ ਰੋਜਾ ਗੁਰਮਤਿ ਸਮਾਗਮ ਸਿੱਖ ਹੱਕਾਂ ਲਈ ਜੂਝਣ ਦਾ ਸੱਦਾ ਦਿੰਦਿਆਂ ਸੰਪੰਨ ਹੋ ਗਏ। ਉਕਤ ਦੋ ਰੋਜਾ ਗੁਰਮਤਿ ਸਮਾਗਮਾਂ ਵਿੱਚ ਸਰਬੱਤ ਖਾਲਸਾ ਵੱਲੋਂ ਥਾਪੇ ਤਖਤ ਸਾਹਿਬਾਨ ਦੇ ਜਥੇਦਾਰਾਂ ਸਮੇਤ ਸਿੱਖ ਪੰਥ ਦੀ ਉੱਘੀਆਂ ਧਾਰਮਿਕ ਤੇ ਰਾਜਸੀ ਸਖਸ਼ੀਅਤਾਂ ਨੇ ਹਾਜਿਰੀ ਭਰੀ। ਸ਼੍ਰੋਮਣੀ ਰਾਗੀ ਭਾਈ ਹਰਜਿੰਦਰ ਸਿੰਘ ਜੀ ਨੇ ਸ਼ਬਦ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪੁੱਜੇ ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਗਿਆਨੀ ਰਾਮ ਸਿੰਘ ਭਿੰਡਰਾਂਵਾਲਿਆਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੂੰ ਸੰਬੋਧਨ ਦੌਰਾਨ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੇ ਜੀਵਨ ਸਬੰਧੀ ਦਸਦਿਆਂ ਕਿਹਾ ਕਿ ਮੁਗਲ ਰਾਜ ਦਾ ਖਾਤਮਾ ਕਰਕੇ ਸਿੱਖ ਰਾਜ ਦੀ ਸਥਾਪਤੀ ਬਾਬਾ ਬੰਦਾ ਸਿੰਘ ਜੀ ਬਹਾਦੁਰ ਵੱਲੋਂ ਕੀਤੀ ਗਈ।ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਨੇ ਸੰਬੋਧਨ ਦੌਰਾਨ ਸੰਗਤਾਂ ਨੂੰ ਆਰ.ਐੱਸ.ਐੱਸ ਵਰਗੀਆਂ ਸਿੱਖ ਵਿਰੋਧੀ ਸੰਸਥਾਵਾਂ ਤੋਂ ਸੁਚੇਤ ਹੋ ਕੇ ਗੁਰਬਾਣੀ ਦੇ ਲੜ ਲੱਗਣ ਲਈ ਪ੍ਰੇਰਿਆ ਅਤੇ ਜਥੇਦਾਰ ਦਾੂਦੂਵਾਲ੍ਹ ਵੱਲੋਂ ਕੀਤੀ ਜਾ ਰਹੀ ਪੰਥਕ ਸੇਵਾ ਦੀ ਸ਼ਲਾਘਾ ਕੀਤੀ ਗਈ। ਸਰਬੱਤ ਖਾਲਸਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਗਏ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਅਜੋਕੇ ਸਮੇਂ ਅਜਿਹੇ ਗੁਰਮਤਿ ਸਮਾਗਮਾਂ ਦੀ ਲੋੜ ਤੇ ਜੋਰ ਦਿੰਦਿਆਂ ਜਥੇਦਾਰ ਦਾਦੂਵਾਲ੍ਹ ਵੱਲੋਂ ਪਿਛਲੇ ਸਮੇਂ ਤੋਂ ਡੇਰਾਵਾਦ ਵਿਰੁੱਧ ਆਰੰਭੀ ਲੜਾਈ ਦੀ ਸ਼ਲਾਘਾ ਕੀਤੀ ਗਈ। ਸਮਾਗਮ ਵਿੱਚ ਹਰਿਆਣਾ ਗੁਰਦੁਆਰਾ ਕਮੇਟੀ ਦੇ ਭਾਈ ਜਗਦੀਸ਼ ਸਿੰਘ ਝੀਂਡਾ, ਬਾਬਾ ਬਲਦੇਵ ਸਿੰਘ ਦਮਦਮੀ ਟਕਸਾਲ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਪੰਥਕ ਸੇਵਾ ਲਹਿਰ, ਬਾਬਾ ਹਰਪ੍ਰੀਤ ਸਿੰਘ ਕਮਾਲੂ, ਬਾਬਾ ਮਨਪ੍ਰੀਤ ਸਿੰਘ ਅਲੀਪੁਰ, ਬਾਬਾ ਮੁਖਤਿਆਰ ਸਿੰਘ ਅਮਰੀਕਾ, ਭਾਈ ਬਲਦੇਵ ਸਿੰਘ ਕੈਨੇਡਾ, ਭਾਈ ਜੀਵਨ ਸਿੰਘ ਹਾਂਗਕਾਂਗ, ਬਾਬਾ ਸੁਖਵਿੰਦਰ ਸਿੰਘ ਇੰਗਲੈਡ,ਬਾਬਾ ਨਛੱਤਰ ਸਿੰਘ ਸੰਪਰਦਾਇ ਭਿੰਡਰਾਂ, ਬਾਬਾ ਚਮਕੌਰ ਸਿੰਘ ਭਾਈਰੂਪਾ, ਬਾਬਾ ਲਾਲ ਸਿੰਘ ਭੀਖੀ, ਬਾਬਾ ਸੁਖਦੇਵ ਸਿੰਘ ਜੋਗਾਨੰਦ, ਯੂਨਾਈਟਡ ਅਕਾਲੀ ਦਲ ਦੇ ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਪਰਮਜੀਤ ਸਿੰਘ ਸਹੌਲੀ, ਭਾਈ ਬੂਟਾ ਸਿੰਘ ਰਣਸੀਂਹ, ਡਾ. ਭੀਮ ਸੈਨ ਕਾਲਾਂਵਾਲੀ, ਸ਼ੀਸਪਾਲ ਕੇਹਰਵਾਲਾ, ਦਲਜੀਤ ਸਿੰਘ ਪੰਜਰਥ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਆਦਿ ਆਗੂਆਂ ਨੇ ਸ਼ਮੂਲੀਅਤ ਕੀਤੀ। ਧਾਰਮਿਕ ਸਮਾਗਮਾਂ ਦੀ ਸਮਾਪਤੀ ਮੌਕੇ ਕਰਵਾਏ ਅੰਮ੍ਰਿਤ ਸੰਚਾਰ ਮੌਕੇ ਸੈਂਕੜੇ ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛਕ ਗੁਰੁ ਵਾਲੇ ਬਣੇ।ਗੁਰੂੁ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਜਥੇ. ਦਾਦੂਵਾਲ ਦੀ ਅਗਵਾਈ ਹੇਠ ਦੋ ਰੋਜ਼ਾ ਗੁਰਮਤਿ ਸਮਾਗਮ ਸਿੱਖ ਹੱਕਾਂ ਲਈ ਜੂਝਣ ਦੇ ਸੱਦੇ ਨਾਲ ਸੰਪੰਨ



