ਬਠਿੰਡਾ, 19 ਅਗਸਤ (ਅਵਤਾਰ ਸਿੰਘ, ਵੀਰ ਸਿੰਘ ਕਾਲਾ)-ਅੱਜ ਸਥਾਨਕ ਜ਼ਿਲ੍ਹਾ ਅਦਾਲਤ ਵਿਚ ਪੇਸ਼ੀ ਭੁਗਤਣ ਆਇਆ ਕੈਦੀ ਦੁਪਹਿਰ ਬਾਅਦ ਲੱਗ ਭੱਗ 3-30 ਵਜੇ ਸੁਰੱਖਿਆ ਮੁਲਾਜ਼ਮਾਂ ਨੂੰ ਚਕਮਾ ਦੇਕੇ ਫਰਾਰ ਹੋਣ ਵਿੱਚ ਸਫਲ ਹੋ ਗਿਆ। ਜਿਸ ਤੋਂ ਬਾਅਦ ਕੈਦੀ ਦੀ ਸੁੱਖਿਆ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਅਤੇ ਜ਼ੇਲ੍ਹ ਪ੍ਰਸਾਸ਼ਨ ਦੇ ਹੱਥ ਪੈਰ ਫੁੱਲ ਗਏ। ਸਬੰਧਤ ਥਾਣਾ ਪੁਲਿਸ ਦੀ ਮੱਦਦ ਲੈਕੇ ਫਰਾਰ ਹੋਏ ਕੈਦੀ ਦੀ ਭਾਲ ਵਿੱਚ ਲੱਗ ਗਏ ਅਤੇ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕਰ ਦਿੱਤੀ ਗਈ। ਖਬਰ ਲਿਖੇ ਜਾਣ ਤੱਕ ਫਰਾਰ ਕੈਦੀ ਦਾ ਕੋਈ ਸੁਰਾਗ ਨਹੀਂ ਮਿਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਪੁਲਿਸ ਨੇ ਰਾਜੂ ਵਰਮਾ ਵਾਸੀ ਆਵਾ ਬਸਤੀ ਨੂੰ ਲੜਕੀ ਭਜਾਉਣ ਦੇ ਦੋਸ਼ ਵਿਚ ਧਾਰਾ 363, 376 ਆਈ ਪੀ ਸੀ ਦੇ ਤਹਿਤ ਮਾਮਲਾ ਦਰਜ ਕਰਕੇ ਮਾਨਯੋਗ ਐਡੀਸ਼ਨਲ ਸ਼ੈਸਨ ਜੱਜ ਸ੍ਰ: ਮਹਿੰਦਰਪਾਲ ਸਿੰਘ ਪਾਹਵਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਉਸ ਨੂੰ ਜ਼ੇਲ੍ਹ ਭੇਜ ਦਿੱਤਾ ਗਿਆ ਸੀ। ਪੁਲਿਸ ਨੇ ਅੱਜ ਉਸ ਨੂੰ ਫਿਰ ਤੋਂ ਮਾਨਯੋਗ ਜੱਜ ਦੇ ਸਾਹਮਣੇ ਪੇਸ਼ ਕਰਕੇ ਦੁਬਾਰਾ ਜ਼ੇਲ੍ਹ ਵਿੱਚ ਲੈਕੇ ਜਾ ਰਹੇ ਸਨ। ਇਸ ਦੌਰਾਨ ਕੈਦੀ ਉਸ ਦੀ ਸੁਰੱਖਿਆ ਵਿੱਚ ਤਾਇਨਾਤ ਜ਼ੇਲ੍ਹ ਪੁਲਿਸ ਮੁਲਾਜਮਾਂ ਨੂੰ ਚਕਮਾ ਦੇਕੇ ਫਰਾਰ ਹੋ ਗਿਆ। ਇਸ ਤੋਂ ਪਹਿਲਾਂ ਮਾਰਚ ਮਹੀਨੇ ਦੀ 4 ਤਰੀਖ ਨੂੰ ਬਠਿੰਡਾ ਦੇ ਹਸਪਤਾਲ ਵਿਚੋਂ, 5 ਅਪ੍ਰੈਲ ਨੂੰ ਮਾਈਸਰਖਾਨਾ ਤੋਂ ਅਤੇ ਅੱਜ ਬਠਿੰਡਾ ਕੋਰਟ ਕੰਪਲੈਕਸ ਵਿੱਚੋ ਪੁਲਿਸ ਨੂੰ ਚਕਮਾ ਦੇਕੇ ਕੈਦੀ ਫਰਾਰ ਹੋਇਆ ਹੈ। ਫਿਲਹਾਲ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਵਲੋਂ ਕੋਈ ਪੁਸ਼ਟੀ ਨਹੀਂ ਹੋਈ।



