ਜਾਲੈਨ, 18 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਨੂੰ ਪਤਾ ਲੱਗਿਆ ਕਿ ‘ਖਾਟ‘ ਨਾਲ ਚੋਣ ਮੈਦਾਨ ਫਤਿਹ ਨਹੀਂ ਹੋਵੇਗਾ ਤਾਂ ‘ਸਾਈਕਲ’ ’ਤੇ ਸਵਾਰ ਹੋ ਗਈ ਅਤੇ ਉਸ ਨੂੰ ਪਹਿਲਾਂ ਹੀ ਪੰਕਚਰ ਕਰ ਦਿੱਤਾ।ਰਾਜਨਾਥ ਨੇ ਇੱਥੇ ਇਕ ਚੋਣ ਰੈਲੀ ’ਚ ਕਾਂਗਰਸ ਉੱਪ-ਪ੍ਰਧਾਨ ਰਾਹੁਲ ਗਾਂਧੀ ’ਤੇ ਵਿਅੰਗ ਕਸਦਿਆਂ ਕਿਹਾ, ‘‘ਕੁਝ ਦਿਨ ਪਹਿਲਾਂ ਖਾਟ (ਮੰਜੀ) ਸਭਾ ਕਰ ਰਹੇ ਸਨ। ਅਸੀਂ ਮੈਦਾਨ ‘ਚ ਜਾਂ ਹਾਲ ‘ਚ ਤਾਂ ਸਭਾ ਦੇਖੀ ਹੈ ਪਰ ਮੰਜੀ ‘ਤੇ ਸਭਾ ਪਹਿਲੀ ਵਾਰ ਵੇਖੀ।ਰਾਜਨਾਥ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਜਨਤਾ ਨੇ ਲੋਕ ਸਭਾ ਚੋਣਾਂ ‘ਚ 80 ‘ਚੋਂ 73 ਸੀਟਾਂ ਜਿੱਤਾ ਕੇ ਪਹਿਲੀ ਵਾਰ ਭਾਰਤੀ ਸੰਸਦ ‘ਚ ਕਿਸੇ ਗੈਰ-ਕਾਂਗਰਸੀ ਪਾਰਟੀ ਦੀ ਸਪੱਸ਼ਟ ਬਹੁਮਤ ਵਾਲੀ ਸਰਕਾਰ ਬਣਾਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਜਪਾ ਦੀ ਸਰਕਾਰ ਬਣੀ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੀ ਜਨਤਾ ਨੇ ਭਾਰਤੀ ਸਿਆਸਤ ਨੂੰ ਇਤਿਹਾਸਕ ਮੋੜ ਦੇ ਦਿੱਤਾ।
ਰਾਹੁਲ ਨੇ ਸਾਈਕਲ ਨੂੰ ਪਹਿਲਾਂ ਹੀ ਕਰ ਦਿੱਤਾ ਪੰਕਚਰ : ਗ੍ਰਹਿ ਮੰਤਰੀ ਰਾਜਨਾਥ ਸਿੰਘ



