ਸੰਗਰੂਰ, 3 ਨਵੰਬਰ (ਹਰਜੀਤ ਸਿੰਘ ਹਸਨਪੁਰੀ)- ਇੱਥੇ ਚੰਡੀਗੜ੍ਹ-ਬਠਿੰਡਾ ਮੁੱਖ ਮਾਰਗ ’ਤੇ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ਵਿੱਚ ਇੱਕ ਬੱਸ ਡਰਾਈਵਰ ਦੀ ਮੌਤ ਹੋ ਗਈ ਜਦਕਿ ਛੇ ਵਿਅਕਤੀ ਜ਼ਖ਼ਮੀ ਅਤੇ ਤਕਰੀਬਨ ਡੇਢ ਦਰਜ਼ਨ ਵਾਹਨ ਟੁੱਟ ਗਏ।ਮਿਲੀ ਜਾਣਕਾਰੀ ਅਨੁਸਾਰ ਇਥੋਂ ਥੋੜੀ ਦੂਰ ਫੱਗੂਵਾਲਾ ਕੈਂਚੀਆਂ ’ਤੇ ਬਣੇ ਓਵਰਬ੍ਰਿਜ ’ਤੇ ਅੱਜ ਸਵੇਰੇ ਇੱਕ ਤੇਲ ਵਾਲਾ ਟੈਂਕਰ ਜਦੋਂ ਬੈਕ ਹੋ ਰਿਹਾ ਸੀ ਤਾਂ ਸੰਘਣੀ ਧੁੰਦ ਕਾਰਨ ਉਸ ਵਿੱਚ ਪਹਿਲਾਂ ਇੱਕ ਟਰੱਕ ਆ ਵੱਜਿਆ ਅਤੇ ਇਸ ਉਪਰੰਤ ਤਿੰਨ ਹੋਰ ਟਰੱਕ ਅਤੇ ਪੰਜ ਕਾਰਾਂ ਵੱਜੀਆਂ।ਹਾਦਸੇ ਤੋਂ ਬਾਅਦ ਬੈਕ ਲਗਾ ਰਹੇ ਟੈਂਕਰ ਨੂੰ ਡਰਾਈਵਰ ਲੈ ਕੇ ਫ਼ਰਾਰ ਹੋ ਗਿਆ।ਇਸ ਤੋਂ ਥੋੜੀ ਦੂਰ ਅੱਗੇ ਪਿੰਡ ਰੌਸ਼ਨਵਾਲਾ ਵਿੱਚ ਦਸ਼ਮੇਸ਼ ਕੰਪਨੀ ਦੀ ਮਿੰਨੀ ਬੱਸ ਇੱਕ ਟਰੈਕਟਰ ਨਾਲ ਟਕਰਾ ਗਈ।ਜਦੋਂ ਬੱਸ ਦਾ ਡਰਾਈਵਰ ਸੱਤਪਾਲ ਸਿੰਘ ਬੱਸ ਵਿੱਚੋਂ ਹੇਠਾਂ ਉਤਰ ਕੇ ਟਰੈਕਟਰ ਵਾਲੇ ਨਾਲ ਬਹਿਸ ਕਰਨ ਲੱਗਾ ਤਾਂ ਅਚਾਨਕ ਭਵਾਨੀਗੜ੍ਹ ਵਾਲੇ ਪਾਸਿਅਓ ਇੱਕ ਟੈਂਕਰ ਪੀ.ਬੀ 23 ਐਮ 8140 ਮਿੰਨੀ ਬੱਸ ਦੇ ਪਿੱਛੇ ਵੱਜਿਆ।ਮਿੰਨੀ ਬੱਸ ਅੱਗੇ ਖੜੇ ਡਰਾਈਵਰ ਨੂੰ ਦਰੜ ਕੇ ਡਿਵਾਈਡਰ ਦੇ ਦੂਜੇ ਪਾਸੇ ਜਾ ਕੇ ਖਤਾਨਾਂ ਵਿੱਚ ਪਲਟ ਗਈ ਅਤੇ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇੱਕ ਸਵਾਰੀ ਦੀ ਲੱਤ ਟੁੱਟ ਗਈ।
ਇਸ ਤੋਂ ਥੋੜੀ ਦੂਰ ਵਾਪਰੇ ਇੱਕ ਹੋਰ ਹਾਦਸੇ ਦੌਰਾਨ ਘਾਬਦਾਂ ਨੇੜੇ ਇੱਕ ਸਰਕਾਰੀ ਸਵਰਾਜ ਮਾਜਦਾ ਗੱਡੀ ਇੱਕ ਅਣਪਛਾਤੇ ਵਾਹਨ ਨਾਲ ਟਕਰਾ ਗਈ ਫ਼ਿਰ ਇਸ ਗੱਡੀ ਦੇ ਪਿੱਛੇ ਟਰੱਕ ਟਰਾਲਾ ਵੱਜਿਆ, ਜਿਸ ਪਿੱਛੇ ਬਰਨਾਲਾ ਡਿਪੂ ਦੀ ਬੱਸ ਵੱਜ ਗਈ ਅਤੇ ਇਸ ਉਪਰੰਤ ਸੰਗਰੂਰ ਡਿਪੂ ਦੀ ਬੱਸ ਵੱਜੀ।ਹਾਦਸਿਆਂ ਦੌਰਾਨ ਜ਼ਖ਼ਮੀ ਹੋਏ ਤਿੰਨ ਵਿਅਕਤੀਆਂ ਨੂੰ ਪਟਿਆਲਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਧੁੰਦ ਕਾਰਨ ਹਾਦਸਿਆਂ ’ਚ 1 ਮੌਤ 6 ਜ਼ਖ਼ਮੀ



