Skip to content
Independent perspectives. Global stories.
BREAKING

ਰੇਲਵੇ ਟਰੈਕ ਪੁਲਿਸ ਛਾਉਣੀ ’ਚ ਹੋਇਆ ਤਬਦੀਲ

Share this story

image ਗੁਰੂਹਰਸਹਾਏ, 20 ਅਕਤੂਬਰ (ਗੁਰਮੀਤ ਕਚੂਰਾ, ਮਹਿੰਦਰ ਥਿੰਦ)-  ਐਫ.ਸੀ.ਆਈ. ਵਰਕਰ ਯੂਨੀਅਨ ਗੁਰੂਹਰਸਹਾਏ ਅਤੇ ਐਫ.ਸੀ.ਆਈ. ਅਧਿਕਾਰੀਆਂ ਵਿਚ ਚੱਲ ਰਿਹਾ ਆਪਸੀ ਤਣਾਅ ਉਦੋਂ ਵਧ ਗਿਆ ਜਦੋਂ ਅਧਿਕਾਰੀਆਂ ਵੱਲੋਂ ਦਿੱਤੇ ਟੈਡਰ ਅਨੁਸਾਰ ਠੇਕੇਦਾਰ ਮਾਲਗੱਡੀ ਲੋਢ ਕਰਨ ਲਈ ਆਪਣੀ ਪ੍ਰਾਈਵੇਟ ਲੇਬਰ ਲੈ ਕੇ ਪਲੇਟਫਾਰਮ ’ਤੇ ਪੁੱਜੇ ਤਾਂ ਉਥੇ ਪਹਿਲਾਂ ਤੋਂ ਹੀ ਮੌਜੂਦ ਐਫ.ਸੀ.ਆਈ. ਯੂਨੀਅਨ ਦੇ ਪੱਕੇ ਵਰਕਰਾਂ ਨੇ ਮਾਲਗੱਡੀ ਭਰਨ ਤੋਂ ਰੋਕ ਲਗਾ ਦਿੱਤੀ, ਜਿਸ ਤੋਂ ਬਾਅਦ ਉਥੇ ਵੱਡੀ ਮਾਤਰਾ ਵਿਚ ਪੁਲਿਸ ਫ਼ੋਰਸ, ਆਰ.ਪੀ.ਐਫ.ਮੁਲਾਜ਼ਮ ਤਾਇਨਾਤ ਕੀਤੇ ਗਏ ਅਤੇ ਦੇਖਦੇ ਹੀ ਦੇਖਦੇ ਰੇਲਵੇ ਪਲੇਟਫਾਰਮ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਈ ਅਤੇ ਐਫ.ਸੀ.ਆਈ.ਯੂਨੀਅਨ ਵੱਲੋਂ ਵੀ ਆਪਣੇ ਪਰਿਵਾਰਾਂ ਨਾਲ ਪੂਰੀ ਤਿਆਰੀ ਵਿਚ ਪੁੱਜੇ ਵਰਕਰਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਆਪਣੇ ਹੱਕ ਲੈਣ ਲਈ ਰੋਸ ਜਾਹਿਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਐਫ.ਸੀ.ਆਈ.ਯੂਨੀਅਨ ਦੇ ਪ੍ਰਧਾਨ ਰਾਜ ਸਿੰਘ ਨੇ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਲਗਾਤਾਰ ਕੰਮ  ਕਰਦੇ ਆ ਰਹੇ ਹਨ ਅਤੇ 300 ਤੋਂ ਵੱਧ ਐਫ.ਸੀ.ਆਈ.ਵਰਕਰਾਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਝ ਸਿਆਸੀ ਲੀਡਰਾਂ ਵੱਲੋਂ ਗੁਰੂਹਰਸਹਾਏ ਦਾ ਐਫ.ਸੀ.ਆਈ.ਮਹਿਕਮਾਂ ਅਤੇ ਲੇਬਰ ਯੂਨੀਅਨ ਦਾ ਕੰਮ ਠੇਕੇ ’ਤੇ ਦਿੱਤਾ ਜਾ ਰਿਹਾ ਹੈ ਅਤੇ ਜਿਸ ਨਾਲ ਐਫ.ਸੀ.ਆਈ. ਦੇ ਮੁਲਾਜ਼ਮਾਂ ਦੇ ਤਬਾਦਲੇ ਕਰਕੇ ਉਨ੍ਹਾਂ ਨੂੰ ਆਪਣੇ ਘਰਾਂ ਤੋਂ 50-60 ਕਿਲੋਮੀਟਰ ਦੂਰ ਭੇਜਿਆ ਜਾ ਰਿਹਾ ਹੈ, ਜਦਕਿ ਉਹ ਪਹਿਲਾਂ ਹੀ ਬਹੁਤ ਘੱਟ ਤਨਖਾਹਾਂ ਨਾਲ ਆਪਣਾ ਗੁਜਾਰਾ ਕਰ ਰਹੇ ਹਨ। ਦੂਜੇ ਪਾਸੇ ਐਫ.ਸੀ.ਆਈ.ਦੇ ਡੀ.ਐਮ. ਵਿਪਨ ਤਿਆਗੀ ਨੇ ਦੱਸਿਆ ਕਿ ਮਹਿਕਮੇ ਵੱਲੋਂ ਜੋ ਕੰਮ ਰੇਲਵੇ ਪਲੇਟਫਾਰਮ ’ਤੇ ਹੁੰਦਾ ਹੈ, ਉਹ ਕੰਮ ਠੇਕੇਦਾਰਾਂ ਨੂੰ ਦੇ ਦਿੱਤਾ ਹੈ, ਐਫ.ਸੀ.ਆਈ.ਵਰਕਰਾਂ ਕੋਲੋਂ ਇਸ ਕੰਮ ਨੂੰ ਕਰਵਾਉਣ ਵਿਚ ਬਹੁਤ ਜ਼ਿਆਦਾ ਖਰਚ ਭਰਨਾ ਪੈਂਦਾ ਹੈ, ਜਦਕਿ ਠੇਕੇਦਾਰਾਂ ਨੂੰ ਇਸ ਦਾ ਟੈਂਡਰ ਦੇ ਦਿੱਤਾ ਗਿਆ ਹੈ। ਇਸ ਸਾਰੇ ਮਾਮਲੇ ਨੂੰ ਸੁਲਝਾਉਣ ਲਈ ਗੁਰੂਹਰਸਹਾਏ ਦੇ ਐਸ.ਡੀ.ਐਮ.ਪਰਮਦੀਪ, ਡੀ.ਐਸ.ਪੀ.ਸੁਲੱਖਣ ਸਿੰਘ ਆਪਣੀ ਪੂਰੀ ਪਾਰਟੀ ਸਮੇਤ ਮੌਕੇ ’ਤੇ ਪੁੱਜ ਗਏ। ਪੁਲਿਸ ਵੱਲੋਂ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਅੱਗ ਬੁਝਾਊ ਜੰਤਰ ਵੀ ਮੰਗਵਾਏ ਗਏ। ਐਫ.ਸੀ.ਆਈ.ਯੂਨੀਅਨ ਦੇ ਵਰਕਰਾਂ ਦੀ ਹਮਾਇਤ ਲਈ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਪੁੱਤਰ ਸ੍ਰੀ ਅਨੁਮੀਤ ਸਿੰਘ ਹੀਰਾ ਸੋਢੀ ਮੌਕੇ ’ਤੇ ਪੁੱਜੇ, ਜਿੰਨ੍ਹਾਂ ਨੇ ਵਰਕਰਾਂ ਦਾ ਸਾਥ ਦੇਣ ਦਾ ਐਲਾਨ ਕੀਤਾ।

WRITTEN BY