ਫਾਜ਼ਿਲਕਾ/ਜਲਾਲਾਬਾਦ, (ਜੋਨੀ ਦਰਗਨ, ਨਵਨੀਤ ਛਾਬੜਾ, ਬਬਲੂ ਨਾਗਪਾਲ)- ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਭਾਰਤੀ ਫੌਜ਼ ਵੱਲੋਂ ਹਾਲ ਹੀ ਵਿਚ ਕੀਤੇ ਗਏ ਸਰਜੀਕਲ ਆਪ੍ਰੇਸ਼ਨ ਦੀ ਸਲਾਘਾ ਕਰਦਿਆਂ ਕਿਹਾ ਕਿ ਇਹ ਆਪ੍ਰੇਸ਼ਨ ਪਾਕਿਸਤਾਨ ਨੂੰ ਭਾਰਤ ਵਿਰੋਧੀ ਕਾਰਵਾਈਆਂ ਲਈ ਸਬਕ ਸਿਖਾਉਣ ਲਈ ਬਹੁਤ ਜਰੂਰੀ ਸੀ। ਅੱਜ ਇੱਥੇ ਸਰਹੱਦੀ ਪਿੰਡਾਂ ਦੇ ਦੌਰੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਮੁੱਢ ਤੋਂ ਅਮਨ ਅਤੇ ਭਾਈਚਾਰਕ ਸਾਂਝ ਦਾ ਮੁੱਦਈ ਰਿਹਾ ਹੈ ਪਰ ਪਾਕਿਸਤਾਨ ਨੇਹਮੇਸਾ ਹੀ ਸਾਡੀ ਦਰਿਆਦਿਲੀ ਨੂੰ ਸਾਡੀ ਕਮਜੋਰੀ ਸਮਝਿਆ ਹੈ। ਇਸੇ ਲਈ ਇਹ ਸਰਜੀਕਲ ਆਪ੍ਰੇਸ਼ਨ ਕਰਨਾ ਭਾਰਤ ਸਰਕਾਰ ਲਈ ਬਹੁਤ ਜਰੂਰੀ ਹੋ ਗਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦਲੇਰਾਨਾ ਤੇ ਸ਼ਾਨਦਾਰ ਕੰਮ ਦੀ ਮਿਸਾਲ ਦੁਨੀਆਂ ਭਰ ਵਿੱਚ ਹੋਰ ਕਿਤੇ ਨਹੀਂ ਮਿਲਦੀ ਹੈ। ਪਿੰਡ ਪ੍ਰਭਾਤ ਸਿੰਘ ਵਾਲਾ, ਪੱਕਾ ਚਿਸਤੀ ਤੇ ਜੱਟ ਵਾਲੀ ਦੇ ਸੰਤ ਕਬੀਰ ਕਾਲਜ ਵਿਚ ਬਣੇ ਰਾਹਤ ਕੇਂਦਰ ਵਿਚ ਸਰਹੱਦੀ ਲੋਕਾਂ ਦੇ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਸਰਹੱਦ ਤੇ ਅਸ਼ਾਂਤੀ ਫੈਲਾਉਣ ਵਾਲੀਆਂ ਕਿਸੇ ਵੀ ਤਰਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ। ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਪੰਜਾਬ ਦੇ ਸਿਹਤ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ, ਲੋਕ ਸਭਾ ਮੈਂਬਰ ਸ: ਸ਼ੇਰ ਸਿੰਘ ਘੁਬਾਇਆ ਨੇ ਮੁੱਖ ਮੰਤਰੀ ਨੂੰ ਸਥਾਨਕ ਲੋਕਾਂ ਦੀਆਂ ਮੁਸਕਿਲਾਂ ਅਤੇ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਬਾਰੇ ਦੱਸਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ: ਗੁਰਤੇਜ ਸਿੰਘ ਘੁੜਿਆਣਾ, ਪੰਜਾਬ ਐਗਰੋ ਦੇ ਚੇਅਰਮੈਨ ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਸ: ਸਤਿੰਦਰਜੀਤ ਸਿੰਘ ਮੰਟਾ, ਸ: ਗੁਰਪਾਲ ਸਿੰਘ ਗਰੇਵਾਲ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ੍ਰੀ ਅਸੋਕ ਅਨੇਜਾ ਵਾਈਸ ਚੇਅਰਮੈਨ ਪੰਜਾਬ ਐਗਰੋ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ੍ਰੀ ਐਸ. ਕਰੁਣਾ ਰਾਜੂ, ਪ੍ਰਮੁੱਖ ਸਕੱਤਰ ਬਿਜਲੀ ਸ੍ਰੀ ਏ ਵੇਣੂ ਪ੍ਰਸਾਦ, ਡਿਪਟੀ ਕਮਿਸ਼ਨਰ ਸ੍ਰੀਮਤੀ ਈਸਾ ਕਾਲੀਆ, ਡੀਆਈਜੀ ਆਰ ਐਸ ਖੱਟੜਾ, ਐਸ.ਐਸ.ਪੀ. ਸ੍ਰੀ ਨਰਿੰਦਰ ਭਾਰਗਵ, ਸ: ਦਵਿੰਦਰ ਸਿੰਘ ਬੱਬਲ, ਸ੍ਰੀ ਵਿਨੋਦ ਬਜਾਜ, ਸ੍ਰੀ ਲਖਵਿੰਦਰ ਸਿੰਘ ਰੋਹੀਵਾਲਾ, ਬੀਬੀ ਵੀਰਪਾਲ ਕੌਰ ਤਰਮਾਲਾ ਮੈਂਬਰ ਇਸਤਰੀ ਅਕਾਲੀ ਦਲ, ਪਰਮਜੀਤ ਸਿੰਘ ਪੰਮਾ ਵੈਰੜ, ਸੋਹਨ ਲਾਲ ਡੰਗਰ ਖੇੜਾ ਆਦਿ ਹਾਜ਼ਰ ਸਨ।
ਸਰਜੀਕਲ ਹਮਲਾ ਸਮੇਂ ਦੀ ਲੋੜ ਸੀ : ਮੁੱਖ ਮੰਤਰੀ



