ਮੀਟਿੰਗ ਵਿੱਚ ਕੂਟਨੀਤਿਕ ਤਰੀਕਾ ਅਪਣਾਉਣ ’ਤੇ ਵਿਚਾਰਾਂ
ਸ੍ਰੀਨਗਰ, 19 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਜੰਮੂ ਕਸ਼ਮੀਰ ਦੇ ਉੜੀ ਵਿੱਚ ਹੋਏ ਘਾਤਿਕ ਹਮਲੇ ਸਬੰਧੀ ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ ਜਵਾਬ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਵਾਸ ਸਥਾਨ ’ਤੇ ਸਰਕਾਰ ਦੇ ਸੀਨੀਅਰ ਮੰਤਰੀਆਂ ਨੇ ਵਿਚਾਰ ਚਰਚਾ ਕੀਤੀ। ਇਸੇ ਦੌਰਾਨ ਇਸ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ ਵਧ ਕੇ 18 ਹੋ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਉੱਚ ਪੱਧਰੀ ਮੀਟਿੰਗ ਵਿੱਚ ਪਾਕਿਸਤਾਨ ਖ਼ਿਲਾਫ ਅਪਣਾਏ ਜਾਣ ਵਾਲੇ ਹਰ ਪਹਿਲੂ ’ਤੇ ਵਿਚਾਰ ਕੀਤਾ ਗਿਆ। ਮੀਟਿੰਗ ਵਿੱਚ ਤੈਅ ਹੋਇਆ ਕਿ ਪਾਕਿਸਤਾਨ ਨੂੰ ਹਰ ਸੂਰਤ ਵਿੱਚ ਇਸ ਹਮਲੇ ਦਾ ਜਵਾਬ ਦਿੱਤਾ ਜਾਵੇਗਾ। ਇਹ ਜਵਾਬ ਕਈ ਤਰੀਕਿਆਂ ਨਾਲ ਦਿੱਤਾ ਜਾਵੇਗਾ। ਇਨ੍ਹਾਂ ਵਿੱਚ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੰਚ ’ਤੇ ਕੂਟਨੀਤਿਕ ਤਰੀਕੇ ਨਾਲ ਅਲੱਗ-ਥਲੱਗ ਕਰਨਾ ਵੀ ਸ਼ਾਮਿਲ ਹੈ। ਸੂਤਰਾਂ ਨੇ ਦੱਸਿਆ ਕਿ ਫੌਜ ਦੇ ਮੁੱਖੀ ਜਨਰਲ ਦਲਬੀਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਹਮਲੇ ਸਬੰਧੀ ਪੂਰੀ ਜਾਣਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਕਿ ਸੈਨਾ ਜਵਾਬ ਵਿੱਚ ਕੀ ਕੀ ਕਰ ਸਕਦੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸੈਨਾ ਇਸ ਹਮਲੇ ਦਾ ਜਵਾਬ ਜਰੂਰ ਦੇਵੇਗੀ ਪਰ ਇਹ ਤੁਰੰਤ ਹੀ ਦੇਵੇ ਇਹ ਜਰੂਰੀ ਨਹੀਂ ਇਹ ਬਾਅਦ ਵਿੱਚ ਵੀ ਦਿੱਤਾ ਜਾ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਭਾਰਤ ਹੁਣ ਪਾਕਿਸਤਾਨ ਨੂੰ ਹਰ ਮੋਰਚੇ ’ਤੇ ਦੁਨੀਆਂ ਭਰ ਵਿੱਚ ਅਲੱਗ-ਥਲੱਗ ਕਰਨ ਦੀ ਰਣਨੀਤੀ ’ਤੇ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਉੜੀ ਹਮਲੇ ਨੂੰ ਲੈ ਕੇ ਅਜਿਹੇ ਸਬੂਤ ਮਿਲੇ ਹਨ ਜਿਨ੍ਹਾਂ ਨਾਲ ਹਮਲੇ ਪਿੱਛੇ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਦਾ ਹੱਥ ਹੋਣ ਦੀ ਗੱਲ ਪੂਰੀ ਤਰਾਂ ਸਾਫ ਹੋ ਚੁੱਕੀ ਹੈ। ਅਜਿਹੀ ਸਥਿਤੀ ਵਿੱਚ ਭਾਰਤ ਦੁਨੀਆਂ ਭਰ ਵਿੱਚ ਪਾਕਿਸਤਾਨ ਖਿਲਾਫ ਲੋਕ ਰਾਇ ਤਿਆਰ ਕਰਕੇ ਪਾਕਿਸਤਾਨ ਨੂੰ ਅਲੱਗ-ਥਲੱਗ ਕਰਨ ਦੀ ਮੁਹਿੰਮ ਵਿੱਚ ਤੇਜ਼ੀ ਲਿਆਵੇਗਾ। ਉੜੀ ਹਮਲੇ ਦੀ ਅਮਰੀਕਾ, ਬ੍ਰਿਟੇਨ, ਫਰਾਂਸ ਅਤੇ ਸੰਯੁਕਤ ਰਾਸ਼ਟਰ ਨੇ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਤੇ ਅਜਿਹੀ ਸਥਿਤੀ ਵਿੱਚ ਦੁਨੀਆਂ ਭਰ ਵਿੱਚ ਲੋਕ ਰਾਇ ਭਾਰਤ ਦੇ ਪੱਖ ਵਿੱਚ ਹੈ। ਸੂਤਰਾਂ ਦੀ ਮੰਨੀਏ ਤਾਂ ਅਜਿਹੀ ਸਥਿਤੀ ਵਿੱਚ ਭਾਰਤ ਬਲੋਚ ਲਿਬਰੇਸ਼ਨ ਅੰਦੋਲਨ ਨੂੰ ਸਮਰਥਨ ਦੇ ਸਕਦਾ ਹੈ। ਜੰਮੂ ਕਸ਼ਮੀਰ ਵਿੱਚ ਬੀਤੇ 26 ਸਾਲਾਂ ਦੌਰਾਨ ਸੈਨਾ ਦੇ ਬੇਸ ’ਤੇ ਹੋਇਆ ਸਭ ਤੋਂ ਵੱਡਾ ਹਮਲਾ ਹੈ। ਜਿਸ ਵਿੱਚ 17 ਜਵਾਨ ਸ਼ਹੀਦ ਹੋ ਗਏ ਸਨ, ਇਸ ਹਮਲੇ ਵਿੱਚ 19 ਜਵਾਨ ਜ਼ਖਮੀ ਵੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਅੱਜ ਇੱਕ ਜਵਾਨ ਨੇ ਦਮ ਤੋੜ ਦਿੱਤਾ ਜਿਸ ਕਾਰਨ ਸ਼ਹੀਦ ਜਵਾਨਾਂ ਦੀ ਗਿਣਤੀ 18 ਹੋ ਗਈ ਹੈ।
ਉੜੀ ਹਮਲਾ : ਪਾਕਿਸਤਾਨ ਨੂੰ ਅੰਤਰਰਾਸ਼ਟੀ ਪੱਧਰ ’ਤੇ ਅਲੱਗ-ਥਲੱਗ ਕਰੇਗਾ ਭਾਰਤ : ਪ੍ਰਧਾਨ ਮੰਤਰੀ ਨੇ ਦਿੱਤੀ ਮਨਜ਼ੂਰੀ



