ਮਾਨਸਾ, 9 ਦਸੰਬਰ (ਅਮਰਜੀਤ ਸਿੰਘ, ਅਨੂਪ ਸਿੰਘ ਖਾਲਸਾ)-ਸ੍ਰੀ ਰਘਬੀਰ ਸਿੰਘ ਸੰਧੂ, ਪੀ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਿਲਾ ਮਾਨਸਾ ਵਿੱਚ ਚਲਾਈ ਗਈ ਮਾੜੇ ਅਨਸਰਾਂ ਖਿਲਾਫ ਮੁਹਿੰਮ ਤਹਿਤ ਥਾਣਾ ਸਰਦੂਲਗੜ੍ਹ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਹੈ, ਮਿਤੀ 7 ਦਸੰਬਰ ਨੂੰ ਵਿਕਾਸ ਗਰਗ ਵਾਸੀ ਸਰਦੂਲਗੜ੍ਹ ਦਾ ਮੋਟਰਸਾਇਕਲ ਆਟੋ ਮਾਰਕੀਟ ਸਰਦੂਲਗੜ੍ਹ ਤੋਂ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ। ਜਿਸ ਤੇ ਥਾਣਾ ਸਰਦੂਲਗੜ੍ਹ ਵਿਖੇ ਵਿਕਾਸ ਗਰਗ ਦੇ ਬਿਆਨ ਤੇ ਮੁਕੱਦਮਾ ਨੰਬਰ 155 ਮਿਤੀ 09-10-15 ਅ/ਧ 379 ਹਿੰ:ਦੰ: ਬਰਖਿਲਾਫ ਨਾਮਾਲੂਮ ਦਰਜ ਰਜਿਸਟਰ ਹੋਇਆ ਸੀ। ਜਦੋਂ ਸ੍ਰੀ ਬਲਰਾਜ ਸਿੰਘ, ਪੀ.ਪੀ.ਐਸ., ਡੀ.ਐਸ.ਪੀ. ਸਰਦੂਲਗੜ੍ਹ ਦੀ ਨਿਗਰਾਨੀਹੇਠ ਇੰਸਪੈਕਟਰ ਦਵਿੰਦਰ ਸਿੰਘ ਥਾਣਾ ਸਰਦੂਲਗੜ੍ਹ ਅਤੇ ਐਸ.ਆਈ. ਕ੍ਰਿਸ਼ਨ ਕੁਮਾਰ ਥਾਣਾ ਸਰਦੂਲਗੜ੍ਹ ਦੀ ਹਦਾਇਤ ਅਨੁਸਾਰ ਮਿਤੀ 7 ਦਸੰਬਰ ਨੂੰ ਸਵੇਰ ਦੇ ਸਮੇਂ ਪੁਲਿਸ ਪਾਰਟੀ ਨੇ ਸਰਸਾ ਕੈਂਚੀਆਂ ਸਰਦੂਲਗੜ੍ਹ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਕਰੀਬ 11ਵਜੇ ਸਿਰਸਾ ਜਿਲਾ ਦੀ ਤਰਫੋਂ ਇੱਕ ਮੋਟਰਸਾਈਕਲ ਬਿਨਾਂ ਨੰਬਰੀ ਜਿਸ ਤੇ ਦੋ ਨੌਜਵਾਨ ਸਵਾਰ ਸਨ, ਪਹੁੰਚੇ। ਜਿਨਾਂ ਨੂੰ ਪੁਲਿਸ ਪਾਰਟੀ ਨੇ ਰੋਕ ਕੇ ਚੈਕ ਕੀਤਾ ਤਾਂ ਮੁਦੱਈ ਵਿਕਾਸ ਗਰਗ ਨੇ ਇਕਦਮ ਕਿਹਾ ਕਿ ਇਹ ਤਾਂ ਉਹੀ ਮੋਟਰਸਾਈਕਲ ਹੈ ਜੋ ਮੇਰਾ ਚੋਰੀ ਹੋਇਆ ਸੀ। ਥਾਣੇਦਾਰ ਕ੍ਰਿਸ਼ਨ ਕੁਮਾਰ ਨੇ ਪੁਲਿਸ ਪਾਰਟੀ ਦੀ ਮਦਦ ਨਾਲ ਇਹਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਮੋਟਰਸਾਈਕਲ ਚਲਾਉਣ ਵਾਲੇ ਨੇ ਆਪਣਾ ਨਾਮ ਰਿੰਕੂ ਸਿੰਘ ਪੁੱਤਰ ਜਰਨੈਲ ਸਿੰਘ ਕੌਮ ਰਾਏ ਸਿੱਖ ਵਾਸੀ ਮਹਿਮੜਾ ਅਤੇ ਪਿੱਛੇ ਬੈਠੇ ਵਿਆਕਤੀ ਨੇ ਆਪਣਾ ਨਾਮ ਹਰਜਿੰਦਰ ਸਿੰਘ ਉਰਫ ਨੰਦੂ ਪੁੱਤਰ ਬਚਨ ਸਿੰਘ ਕੌਮ ਰਾਏ ਸਿੱਖ ਵਾਸੀ ਮੂਸੇਅਲੀ (ਹਰਿਆਣਾ) ਦੱਸਿਆ। ਜਿਨਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਇਹਨਾਂ ਪਾਸੋਂ ਪੁੱਛ ਗਿੱਛ ਕਰਨ ਤੇ ਮੰਨਿਆ ਕਿ ਇਹਨਾਂ ਨੇ ਮੱਖਣ ਸਿੰਘ ਵਾਸੀ ਸਰਦੂਲਗੜ੍ਹ ਅਤੇ ਬਲਜਿੰਦਰ ਸਿੰਘ ਵਾਸੀ ਗੰਦਾ, ਜਿਲਾ ਫਤਿਆਬਾਦ ਹਾਲ ਸੂਰਤਗੜ੍ਹ (ਰਾਜਸਥਾਨ) ਨਾਲ ਮਿਲ ਕੇ 15 ਮੋਟਰਸਾਇਕਲ, 3 ਗੈਸ ਸਿਲੰਡਰ, 1 ਐਲ.ਸੀ.ਡੀ., 1 ਚੁੱਲਾ ਗੈਸ ਵਾਲਾ ਚੋਰੀ ਕੀਤੇ ਸਨ ਅਤੇ ਇਹਨਾਂ ਨੇ ਇਹ ਸਮਾਨ ਰਤੀਆ, ਫਤਿਆਬਾਦ, ਸਿਰਸਾ, ਸਰਦੂਲਗੜ੍ਹ ਦੇ ਇਲਾਕਾ ਤੋ ਚੋਰੀ ਕੀਤਾ ਸੀ। ਜਿਸ ਤੇ ਪੁਲਿਸ ਪਾਰਟੀ ਦੀਆਂ ਤੁਰੰਤ ਅਲਗ ਅਲਗ ਪਾਰਟੀਆਂ ਬਣਾ ਕੇ ਵੱਖ ਵੱਖ ਥਾਵਾਂ ਤੇ ਰੇਡ ਕਰਕੇ ਉਪਰੋਕਤ ਸਾਰਾ ਸਮਾਨ ਬਰਾਮਦ ਕਰਾਇਆ ਗਿਆ ਹੈ। ਜਿਸਦੀ ਕੁੱਲ ਕੀਮਤ 3,75,000/-ਰੁਪਏ ਬਣਦੀ ਹੈ। ਮੁਕੱਦਮਾ ਵਿੱਚ ਦੋ ਦੋਸ਼ੀਆਨ ਮੱਖਣ ਸਿੰਘ ਵਾਸੀ ਸਰਦੂਲਗੜ੍ਹ ਅਤੇ ਬਲਜਿੰਦਰ ਸਿੰਘ ਵਾਸੀ ਗੰਦਾ, ਜ਼ਿਲ੍ਹਾ ਫਤਿਆਬਾਦ ਹਾਲ ਸੂਰਤਗੜ੍ਹ (ਰਾਜਸਥਾਨ) ਦੀ ਗ੍ਰਿਫਤਾਰੀ ਬਾਕੀ ਹੈ। ਜਿਨਾਂ ਦੀ ਵੀ ਭਾਲ ਕਰਕੇ ਜਲਦੀ ਗ੍ਰਿਫਤਾਰੀ ਕੀਤੀ ਜਾਵੇਗੀ।



