ਇਸਲਾਮਾਬਾਦ, 7 ਦਸੰਬਰ- ਇੱਕ ਪਾਸੇ ਬੈਂਕਾਕ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰਾਂ ਦਰਮਿਆਨ ਬੈਠਕ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਸੰਸਦ ਵਿੱਚ ਸਪੱਸ਼ਟੀਕਰਨ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਅਜਿਹੇ ਮਾਹੌਲ ਵਿੱਚ ਭਾਰਤ ਦੀ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਦੋ ਰੋਜ਼ਾ ਯਾਤਰਾ ’ਤੇ ਕੱਲ੍ਹ 9 ਦਸੰਬਰ ਨੂੰ ਇਸਲਾਮਾਬਾਦ ਰਵਾਨਾ ਹੋ ਰਹੇ ਹਨ ਜਿੱਥੇ ਉਨ੍ਹਾਂ ਦੀ ਮੁਲਾਕਾਤ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਜਨਾਬ ਨਵਾਜ਼ ਸ਼ਰੀਫ ਨਾਲ ਹੋਵੇਗੀ। ਉਹ ਇਸਲਾਮਾਬਾਦ ਵਿਖੇ ਹੋ ਰਹੇ ਇੱਕ ਰੋਜ਼ਾ ਬਹੁਪੱਖੀ ਸੰਮੇਲਨ ਵਿੱਚ ਭਾਗ ਲੈਣ ਜਾ ਰਹੇ ਹਨ। ਨਵਾਜ਼ ਸ਼ਰੀਫ ਨਾਲ ਮੁਲਾਕਾਤ ਦੀ ਜਾਣਕਾਰੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਤਰਫੋਂ ਦਿੱਤੀ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿਸੁਸ਼ਮਾ ਦੇ ਇਸ ਦੌਰੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਰੁਕੀ ਹੋਈ ਗੱਲਬਾਤ ਅੱਗੇ ਵਧਣ ਵਿੱਚ ਅਹਿਮ ਕਾਮਯਾਬੀ ਮਿਲੇਗੀ। ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਸੂਤਰਾਂ ਮੁਤਾਬਿਕ ਪੈਰਿਸ ਵਿੱਚ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੇ ਗੈਰ ਰਸਮੀ ਮੁਲਾਕਾਤ ਕੀਤੀ ਸੀ ਅਤੇ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਦੀ ਗੱਲਬਾਤ ਹੋਈ ਸੀ ਤਾਂ ਨਵਾਜ਼ ਸ਼ਰੀਫ ਦੀ ਤਰਫੋਂ ਸੁਸ਼ਮਾ ਸਵਰਾਜ ਨੂੰ ‘ਹਾਰਟ ਆਫ ਏਸ਼ੀਆ’ ਕਾਨਫਰੰਸ ਵਿੱਚ ਭੇਜਣ ਦਾ ਜ਼ਿਕਰ ਕੀਤਾ ਗਿਆ ਸੀ। ਪ੍ਰਧਾਨ ਮਤੰਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਸੁਰੱਖਿਆ ਸਲਾਹਕਾਰਾਂ ਦੀ ਮੁਲਾਕਾਤ ਹੋਣੀ ਚਾਹੀਦੀ ਹੈ। ਇਹ ਵੀ ਤੈਅ ਹੋਇਆ ਸੀ ਕਿ ਉਸ ਵਿੱਚ ਦੋਵਾਂ ਦੇਸ਼ਾਂ ਦੇ ਵਿਦੇਸ਼ ਸਕੱਤਰ ਵੀ ਸ਼ਾਮਿਲ ਹੋਣ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਪਾਕਿਸਤਾਨ ਯਾਤਰਾ ਸਬੰਧੀ ਜਾਣਕਾਰੀ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਵੀ ਟਵੀਟ ਰਾਹੀਂ ਦਿੱਤੀ ਹੈ। ਇਸ ਵਿੱਚ ਆਖਿਆ ਗਿਆ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਸਲਾਮਾਬਾਦ ਵਿੱਚ 9 ਦਸੰਬਰ ਨੂੰ ਹੋ ਰਹੇ ਅਫਗਾਨਿਸਤਾਨ ਉੱਤੇ ਪੰਜਵੀਂ ਮੰਤਰੀ ਪੱਧਰੀ ਬੈਠਕ ‘ਹਾਰਟ ਆਫ ਏਸ਼ੀਆ’ ’ਚ ਭਾਰਤੀ ਵਫਦ ਦੀ ਅਗਵਾਈ ਕਰਨਗੇ। ਸੁਸ਼ਮਾ ਇਜਹੇ ਸਮੇਂ ਪਾਕਿਸਤਾਨ ਜਾ ਰਹੀ ਹੈ ਜਦੋਂ ਬੈਂਕਾਕ ਵਿੱਚ ਦੋਵਾਂ ਦੇਸ਼ਾਂ ਦੇ ਸੁਰੱਖਿਆ ਸਲਾਹਕਾਰਾਂ ਦੀ ਮੁਲਾਕਾਤ ਉੱਪਰ ਸੰਸਦ ’ਚ ਸਵਾਲ ਉਠਾਉਂਦੇ ਹੋਏ ਸਾਬਕਾ ਕੈਬਨਿਟ ਮੰਤਰੀ ਆਨੰਦ ਸ਼ਰਮਾ ਨੇ ਕਿਹਾ ਹੈ ਕਿ ਇਸ ਮਾਮਲੇ ’ਚ ਸੰਸਦ ਨੂੰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਇਸ ਪੂਰੀ ਗੱਲਬਾਤ ਬਾਰੇ ਸੰਸਦ ਪੂਰੀ ਤਰ੍ਹਾਂ ਹਨੇਰੇ ਵਿੱਚ ਹੈ। ਇਸ ਤੋਂ ਪਹਿਲਾਂ 2012 ਵਿੱਚ ਸਾਬਕਾ ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਨੇ ਇਸਲਾਮਾਬਾਦ ਦੀ ਯਾਤਰਾ ਕੀਤੀ ਸੀ, ਜਦੋਂ ਦੋਵੇਂ ਦੇਸ਼ਾਂ ਨੇ ਇੱਕ ਵੀਜ਼ਾ ਉਦਾਰੀਕਰਨ ਸਮਝੌਤੇ ’ਤੇ ਦਸਤਖਤ ਕੀਤੇ ਸਨ। ਜ਼ਿਕਰਯੋਗ ਹੈ ਕਿ ਸੁਸ਼ਮਾ ਸਵਰਾਜ ਦੀ ਇਸ ਯਾਤਰਾ ਦੌਰਾਨ ਉਨ੍ਹਾਂ ਨਾਲ ਵਿਦੇਸ਼ ਸੱਕਤਰ ਐਸ ਜੈਸ਼ੰਕਰ ਵੀ ਹੋਣਗੇ, ਜੋ ਕਿ ਕੌਮੀ ਸੁੱਰਖਿਆ ਸਲਾਹਕਾਰ ਅਜਿਤ ਦੋਭਾਲ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਨਸ਼ੀਰ ਜੰਜੂਆ ਦੇ ਵਿਚਕਾਰ ਗੱਲਬਾਤ ਸਮੇਂ ਵੀ ਮੌਜੂਦ ਸਨ। ਗੱਲਬਾਤ ਤੋਂ ਬਾਅਦ ਦੋਵੇਂ ਪੱਖਾਂ ਨੇ ਇੱਕ ਸਾਂਝਾ ਬਿਆਨ ਵੀ ਜਾਰੀ ਕੀਤਾ ਸੀ। ਪਾਕਿਸਤਾਨ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਸੁਸ਼ਮਾ ਸਵਰਾਜ ਦੇ ਇਸ ਦੌਰੇ ਤੋਂ ਬਾਅਦ ਨਾ ਕੇਵਲ ਰੁਕੀ ਹੋਈ ਗੱਲਬਾਤ ਲੀਹ ’ਤੇ ਆ ਜਾਵੇਗੀ, ਸਗੋਂ ਦੋਨੋ ਦੇਸ਼ਾਂ ਵਿੱਚਕਾਰ ਕ੍ਰਿਕਟ ਸਬੰਧਾਂ ਬਾਰੇ ਵੀ ਗੱਲਬਾਤ ਅੱਗੇ ਵਧੇਗੀ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਰਤਾਜ ਅਜ਼ੀਜ਼ ਨੇ ਭਾਰਤ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਇਸਲਾਮਾਬਾਦ ਵਿੱਚ ਸੁਸ਼ਮਾ ਸਵਰਾਜ ਦਾ ਇੰਤਜ਼ਾਰ ਹੈ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਜਾਣਗੇ ਪਾਕਿਸਤਾਨ



