ਜਲੰਧਰ, 20 ਨਵੰਬਰ (ਪੀ. ਟੀ.)- ਉ¤ਤਰੀ ਭਾਰਤ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਇੱਕ ਸਦੀ ਤੋਂ ਵਧ ਦਾ ਸਫਰ ਤਹਿ ਕਰਦੀ ਹੋਈ ਅੱਗੇ ਵਧ ਰਹੀ ਹੈ। ਉਸ ਦੇ ਸਬੰਧ ਵਿੱਚ ਅਮਰੀਕਾ ਦੀ ਸਟੇਟ ਕੈਲੀਫੋਰਨੀਆ ਵਿੱਚ ਵਸਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਐਲ ਕੇ ਸੀ ਸਟੂਡੈਂਟ ਰੀ-ਯੂਨੀਅਨ ਨਾਂਅ ਦੀ ਸੰਸਥਾ ਦੁਆਰਾ 21 ਨਵੰਬਰ ਦਿਨ ਸ਼ਨੀਵਾਰ ਨੂੰ ਸੈਕਰਾਮੈਂਟੋ ਦੇ ਮੀਰਾਜ਼ ਬੈਂਕੁਇਟ ਹਾਲ ਅਤੇ ਰੈਸਟੋਰੈਂਟ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਪ੍ਰਬੰਧ ਕੀਤਾ ਹੈ, ਜਿਸ ਵਿੱਚ ਕੈਲੇਫੋਰਨੀਆ ਤੋਂ ਇਲਾਵਾ ਹੋਰਨਾਂ ਰਾਜਾਂ ਤੋਂ ਵੀ ਕਾਲਜ ਦੇ ਪੁਰਾਣੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਅਧਿਆਪਕ ਅਤੇ ਵਿਦਿਆਰਥੀ ਦੇ ਪਵਿੱਤਰ ਰਿਸ਼ਤੇ ਨੂੰ ਕਾਇਮ ਰੱਖਦਿਆਂ ਇਨ੍ਹਾਂ ਪੁਰਾਣੇ ਵਿਦਿਆਰਥੀਆਂ ਨੇ ਲਾਇਲਪੁਰ ਖਾਲਸਾ ਕਾਲਜ ਦੇ ਸਾਬਕਾ ਪ੍ਰਾਅਧਿਆਪਕ ਪ੍ਰੋ. ਹਰਬੰਸ ਸਿੰਘ ਬੋਲੀਨਾ ਨੂੰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਸੱਦਾ ਭੇਜਿਆ ਹੈ, ਜਿਹੜੇ ਇਸ ਸਮਾਗਮ ਵਿੱਚ ਕਾਲਜ ਦੇ 100 ਸਾਲਾ ਸਫਰ ਸਬੰਧੀ ਵਿਸ਼ੇਸ਼ ਭਾਸ਼ਣ ਦੇਣਗੇ। ਪ੍ਰੋਗਰਾਮ ਦੇ ਪ੍ਰਬੰਧਕ ਸ. ਰਣਧੀਰ ਸਿੰਘ ਨਿੱਝਰ, ਸ੍ਰੀ ਹੁਸਨ ਲਾਲ ਲੜੋਆ, ਸ. ਹਰਜਿੰਦਰਸਿੰਘ ਬੋਲੀਨਾ ਅਤੇ ਸ.ਮਨਦੀਪ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਮੌਜੂਦਾ ਮੇਅਰ ਸੁਖ ਧਾਲੀਵਾਲ ਕਰਨਗੇ। ਇਸ ਸਮੇਂ ਲਾਇਲਪੁਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਕਾਲਜ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਨਿਰੰਜਣ ਸਿੰਘ ਢੇਸੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਇਹ ਵਰਣਨਯੋਗ ਹੈ ਕਿ ਦਸੰਬਰ 2012 ਵਿੱਚ ਕੈਨੇਡਾ ਦੀ ਸਟੇਟ ਬ੍ਰਿਟਿਸ਼ ਕੋਲੰਬੀਆ ਵਿੱਚ ਵਸਦੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਵੀ ਸਰੀ ਵਿਖੇ ਅਜਿਹਾ ਹੀ ਸਮਾਗਮ ਕੀਤਾ ਸੀ ਅਤੇ ਉਥੇ ਵੀ ਪ੍ਰੋ. ਹਰਬੰਸ ਸਿੰਘ ਬੋਲੀਨਾ ਨੂੰ ਹੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਹੋਇਆ ਸੀ। ਪ੍ਰੋ. ਬੋਲੀਨਾ ਅਤੇ ਦੂਸਰੇ ਮਹਿਮਾਨ ਅਮਰੀਕਾ ਪਹੁੰਚ ਗਏ ਹਨ। ਵਿਦਿਆਰਥੀਆਂ ਨਾਲ ਵਿਸ਼ੇਸ਼ ਪਿਆਰ ਅਤੇ ਵਿਲੱਖਣ ਪ੍ਰਤਿਭਾ ਕਾਰਨ ਪ੍ਰੋ. ਬੋਲੀਨਾ ਨੂੰ ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਦਾ ਮਾਣ ਮਿਲ ਰਿਹਾ ਹੈ। ਪ੍ਰੋ. ਬੋਲੀਨਾ ਸਿੱਖ ਰਾਜਨੀਤੀ ਅਤੇ ਇਤਿਹਾਸ ਦੇ ਵੱਡੇ ਗਿਆਤਾ ਹਨ, ਉਨ੍ਹਾਂ ਨੇ ਇਨ੍ਹਾਂ ਮਾਮਲਿਆਂ ਉ¤ਪਰ ਕਾਫੀ ਉ¤ਚ ਪੱਧਰ ਦੇ ਲੇਖ ਵੀ ਲਿਖੇ ਹਨ।



