ਚੰਡੀਗੜ੍ਹ, 19 ਨਵੰਬਰ (ਪੀ. ਟੀ.)- ਪੰਜਾਬ ਰਾਜ ਲਾਟਰੀਜ ਵਿਭਾਗ ਵੱਲੋਂ ਆਨ ਲਾਈਨ ਲਾਟਰੀ ਸਕੀਮਾਂ ਚਲਾਉਣ ਦੀ ਕਾਰਵਾਈ ਆਰੰਭੀ ਜਾ ਚੁੱਕੀ ਹੈ। ਇਨ੍ਹਾਂ ਸਕੀਮਾਂ ਨਾਲ ਸਰਕਾਰ ਨੂੰ 150 ਕਰੌੜ ਰੁਪਏ ਸਲਾਨਾ ਆਮਦਨ ਹੋਣ ਦਾ ਅਨੁਮਾਨ ਹੈ, ਇਹ ਜਾਣਕਾਰੀ ਇੱਕ ਸਰਕਾਰੀ ਬੁਲਾਰੇ ਨੇ ਦਿੱਤੀ। ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਲਾਟਰੀ ਸਕੀਮਾਂ ਤੋਂ ਕਮਾਇਆ ਧਨ ਰਾਜ ਦੇ ਸੰਕਲਿਤ ਫੰਡ ਵਿਚ ਜਾਂਦਾ ਹੈ ਅਤੇ ਇਹ ਧਨ ਰਾਜ ਦੇ ਵਿਕਾਸ ਅਤੇ ਭਲਾਈ ਸਕੀਮਾਂ ਤੇ ਖਰਚ ਕੀਤਾ ਜਾਂਦਾ ਹੈ। ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਵਿੱਤੀ ਸਾਲ 2007-2008 ਤੋ 2014-15 ਤੱਕ ਲਾਟਰੀ ਵਿਭਾਗ ਵੱਲੋਂ ਰਾਜ ਦੇ ਖਜ਼ਾਨੇ ‘ਚ 615 ਕਰੋੜ ਰੁਪਏ ਦਾ ਵੱਡਾ ਯੋਗਦਾਨ ਪਾਇਆ ਗਿਆ ਹੈ, ਜਿਸ ਅਨੁਸਾਰ ਸਾਲ 2007-2008 ਦੌਰਾਨ 162.07 ਕਰੋੜ, ਸਾਲ 2008-2009 ਦੌਰਾਨ 168.97 ਕਰੋੜ, ਸਾਲ 2009-2010 ਦੌਰਾਨ 169.86 ਕਰੋੜ, ਸਾਲ 2010-2011 ਦੌਰਾਨ 05.68
ਕਰੋੜ ਰੁਪਏ, ਸਾਲ 2011-2012 ਦੌਰਾਨ 21.78 ਕਰੋੜ ਰੁਪਏ, ਸਾਲ 2012-2013 ਦੌਰਾਨ 20.84 ਕਰੋੜ ਰੁਪਏ, ਸਾਲ 2013-2014 ਦੌਰਾਨ 31.07 ਕਰੋੜ ਰੁਪਏ, 2014-2015 ਦੌਰਾਨ 20.40 ਕਰੋੜ, ੇ, ਸਾਲ 2015 -2016 ਦੌਰਾਨ (ਅਕਤੂਬਰ 2015) ਤੱਕ 16.27 ਕਰੋੜ ਰੁਪਏ ਦੀ ਆਮਦਨ ਰਾਜ ਸਰਕਾਰ ਨੂੰ ਲਾਟਰੀਆਂ ਤੋਂ ਹੋਈ ਹੈ। ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲਾਟਰੀਆਂ ਬਾਰੇ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਾਲ 2007,2008,2009 ਵਿੱਚ ਵਿਭਾਗ ਹਫਤੇ ਵਿੱਚ 336 ਹਫਤਾਵਾਰੀ ਲਾਟਰੀ ਸਕੀਮਾਂ ਚਲਾ ਰਿਹਾ ਸੀ। ਇਸ ਤੋ ਇਲਾਵਾ ਵਿਭਾਗ 4 ਬੰਪਰ ਲਾਟਰੀ ਸਕੀਮਾਂ ਚਲਾ ਰਿਹਾ ਸੀ। ਸਾਲ 2009 ਵਿੱਚ ਵਿਭਾਗ ਵੱਲੋ ਇੱਕ ਮਹੀਨਾਵਾਰ ਲਾਟਰੀ ਸਕੀਮ (ਕੀਮਤ 10/-ਰੁ ਪ੍ਰਤੀ ਟਿਕਟ) ਚਲਾਈ ਗਈ। ਸਾਲ 2010 ਵਿੱਚ ਭਾਰਤ ਸਰਕਾਰ ਵੱਲੋ ਮਿਤੀ 1-4-2010 ਨੂੰ ਨਵੇ ਲਾਟਰੀ (ਰੈਗੂਲੇਸ਼ਨਜ਼) ਰੂਲ 2010 ਬਣਾ ਦਿੱਤੇ ਗਏ।ਇਨ੍ਹਾਂ ਲਾਟਰੀ ਰੂਲਾਂ ਕਾਰਣ ਵਿਭਾਗ ਵੱਲੋ ਸਾਰੀਆਂ ਹਫਤਾਵਾਰੀ ਲਾਟਰੀ ਸਕੀਮਾਂ ਦੇ ਡਰਾਅ ਬੰਦ ਕਰ ਦਿੱਤੇ ਗਏ। ਇਨ੍ਹਾਂ ਹਫਤਾਵਾਰੀ ਸਕੀਮਾਂ ਨੂੰ ਬੰਦ ਕਰਨ ਨਾਲ ਪੰਜਾਬ ਸਰਕਾਰ ਨੂੰ ਬਹੁਤ ਘਾਟਾ ਪਿਆ। ਇਸ ਘਾਟੇ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵੱਲੋ ਸਾਲ 2010 ਵਿੱਚ 2 ਮਹੀਨਾਵਾਰ ਲਾਟਰੀ ਸਕੀਮਾਂ ਚਲਾਈਆਂ ਗਈਆਂ। 2010 ਤੋ ਹੁਣ ਤੱਕ ਮਾਰਕਿਟ ਕੰਡੀਸ਼ਨਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋ ਲਾਟਰੀ (ਰੈਗੂਲੇਸ਼ਨਜ਼) ਰੂਲ 2010 ਅਨੁਸਾਰ ਸਮੇ ਸਮੇ ਤੇ ਮਹੀਨਾਵਾਰ ਲਾਟਰੀ, ਪੰਦਰਵਾੜਾ ਅਤੇ ਹਫਤਾਵਾਰੀ ਲਾਟਰੀ ਸਕੀਮਾਂ ਚਲਾਈਆਂ ਗਈਆਂ। ਲਾਟਰੀ ਵਿਭਾਗ ਵੱਲੋ ਰਾਜ ਦੇ ਖਜਾਨੇ ਵਿੱਚ ਜਿਆਦਾ ਤੋ ਜਿਆਦਾ ਧੰਨ ਇਕੱਠਾ ਕਰਨ ਲਈ ਉਪਰਾਲੇ ਕੀਤੇ ਗਏ ਅਤੇ ਹੁਣ ਵਿਭਾਗ ਵੱਲੋ ਸਾਲ ਵਿੱਚ 4 ਤੋ 5 ਬੰਪਰ ਲਾਟਰੀ ਸਕੀਮਾਂ ਅਤੇ ਹਫਤੇ ਵਿੱਚ 2 ਹਫਤਾਵਾਰੀ ਲਾਟਰੀ ਸਕੀਮਾਂ (ਕੀਮਤ 20/- ਅਤੇ 10/-ਰੁ) ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਹਫਤਾਵਾਰੀ ਲਾਟਰੀ ਸਕੀਮਾਂ ਦਾ ਡਰਾਅ ਹਰ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਕੱਢਿਆ ਜਾ ਰਿਹਾ ਹੈ। ਬੁਲਾਰੇ ਨੇ ਕਿਹਾ ਕਿ ਲਾਟਰੀਆਂ ਰਾਜ ਦੇ ਖਜ਼ਾਨੇ ‘ਚ ਵੱਡਾ ਹਿੱਸਾ ਪਾਉਂਦੀ ਹਨ । ਲਾਟਰੀਆਂ ਰਾਹੀਂ ਹੋਈ ਆਮਦਨ ਨੂੰ ਰਾਜ ਸਰਕਾਰ ਲੋਕਾਂ ਦੀ ਭਲਾਈ, ਵੱਖ-ਵੱਖ ਯੋਜਨਾਵਾਂ ਅਤੇ ਰਾਜ ਦੀ ਤਰੱਕੀ ’ਤੇ ਖਰਚ ਕਰਦੀ ਹੈ।



