ਭਵਾਨੀਗੜ੍ਹ, 18 ਅਕਤੂਬਰ (ਕ੍ਰਿਸ਼ਨ ਗਰਗ, ਇਕਬਾਲ ਬਾਲੀ)-ਅੱਜ ਇੱਥੇ ਸੰਤ ਬਾਬਾ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਨੇ ਟੀ ਪੁਆਇੰਟ ਵਿਖੇ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਤੇ ਲਗਾਏ ਜਾਮ ਦੌਰਾਨ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਬਰਗਾੜੀ ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ ਦੇ ਦੋਸ਼ੀਆਂ ਅਤੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਉਪਰ ਅੱਤਿਆਚਾਰ ਕਰਨ ਵਾਲੇ ਮੁਲਾਜਮਾਂ ਖਿਲਾਫ ਕਾਰਵਾਈ ਕਰਕੇ ਸਖ਼ਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ ਤਾਂ ਜੋ ਸਿੱਖ ਸੰਗਤਾਂ ਵਿਚ ਪੈਦਾ ਹੋਇਆ ਰੋਸ ਸ਼ਾਂਤ ਹੋ ਸਕੇ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਗੁਰਬਾਣੀ
ਦਾ ਪਾਠ ਕਰ ਰਹੇ ਨਿਹੱਥੇ ਸਿੰਘਾਂ ਉਪਰ ਪੁਲੀਸ ਨੇ ਅੰਨੇਵਾਹ ਤਸ਼ੱਦਦ ਢਾਹਿਆ ਜਿਸ ਵਿਚ ਅਨੇਕਾਂ ਹੀ ਸਿੱਖ ਸੰਗਤਾਂ ਜ਼ਖਮੀ ਹੋਇਆ। ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਕੀਤੇ ਲਾਠੀਚਾਰਜ, ਅੱਥਰੂ ਗੈਸ ਅਤੇ ਗੋਲੀਆਂ ਕਾਰਨ ਜਖ਼ਮੀ ਹੋਏ ਅਤੇ ਸ਼ਹੀਦ ਹੋਏ ਸ਼ਹੀਦ ਸਿੰਘਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਿੱਖ ਕੌਮ ਦੇ ਸਾਹਮਣੇ ਲਿਆ ਸਖਤ ਸਜਾਵਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਸਰਕਾਰਾਂ ਜੋ ਕਰ ਰਹੀਆਂ ਹਨ ਇਹ ਸਭ ਕੁਝ ਸਾਡੇ ਸਾਹਮਣੇ ਹੈ। ਜਿਹੜੀ ਏਜੰਸੀ ਗੁਰੂ ਗਰੰਥ ਸਾਹਿਬ ਥਾਂ ਥਾਂ ਬੇਅਦਬੀ ਕਰਵਾ ਰਹੀ ਹੈ, ਉਹ ਕੌਣ ਵਿਅਕਤੀ ਹਨ ਉਨ੍ਹਾਂ ਨੂੰ ਸਿੱਖ ਕੌਮ ਦੇ ਸਾਹਮਣੇ ਲਿਆਂਦਾ ਜਾਵੇ। ਜੇਕਰ ਦੋਸ਼ੀ ਸਾਹਮਣੇ ਨਹੀਂ ਆਉਂਦੇ ਤਾਂ ਸਰਕਾਰ ਦੀਆਂ ਏਜੰਸੀਆਂ ਨਲਾਇਕ ਸਾਬਤ ਹੋਣਗੀਆਂ ਜਾਂ ਫਿਰ ਸਾਡੀਆਂ ਸਰਕਾਰਾਂ ਬੇਈਮਾਨ ਹੋਣਗੀਆਂ। ਉਨ੍ਹਾਂ ਕਿਹਾ ਕਿ ਇੱਥੇ ਹਰ ਰੋਜ ਧਰਨੇ ਲੱਗ ਰਹੇ ਹਨ ਕਿਤੇ ਕਿਸਾਨਾਂ ਵਲੋਂ, ਕਿਤੇ ਅਧਿਆਪਕਾਂ ਵਲੋਂ ਪਰੰਤੂ ਜੋ ਧਰਨੇ ਸੰਗਤਾਂ ਲਾ ਰਹੀਆਂ ਹਨ ਇਹ ਸਭ ਕੁਝ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਅਤੇ ਗੁਰੂ ਗਰੰਥ ਸਾਹਿਬ ਜੀ ਦੇ ਸਤਿਕਾਰ ਲਈ ਹੀ ਹੋ ਰਿਹਾ ਹੈ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਥਾਂ-ਥਾਂ ਹੋ ਰਹੀ ਬੇਅਦਬੀ ਨੂੰ ਜੇਕਰ ਸਰਕਾਰਾਂ ਅਤੇ ਇਸਦੀਆਂ ਏਜੰਸੀਆਂ ਨੇ ਨਾ ਰੋਕਿਆ ਤਾਂ ਸ਼ਹੀਦ ਹੋਏ ਭਾਈ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੀ ਅੰਤਿਮ ਅਰਦਾਸ਼ (25 ਅਕਤੂਬਰ) ਤੋਂ ਬਾਅਦ ਸੰਗਤਾਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ ਜਿਸਦੀਆਂ ਜਿੰਮੇਵਾਰ ਸਮੇਂ ਦੀਆਂ ਸਰਕਾਰਾਂ ਹੋਣਗੀਆਂ।’’ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਸਿੱਖਾਂ ਵਲੋਂ ਲਗਾਤਾਰ ਕੀਤੇ ਜਾ ਰਹੇ ਸੰਘਰਸ਼ਾਂ ਕਾਰਨ ਅੱਜ ਸਰਕਾਰਾਂ ਦੇ ਪੈਰ ਹੱਲ ਚੁੱਕੇ ਹਨ ਅਤੇ ਉਹ ਸਿੱਖ ਪ੍ਰਚਾਰਕਾਂ ਅਤੇ ਸੰਘਰਸ਼ਮਈ ਆਗੂਆਂ ਨੂੰ ਬਦਨਾਮ ਕਰਨ ਲਈ ਕੋਝੀਆਂ ਚਾਲਾਂ ਚੱਲ ਰਹੀਆਂ ਹਨ, ਜਿਸ ਤੋਂ ਸਿੱਖ ਸੰਗਤ ਨੂੰ ਸੁਚੇਤ ਹੋਣ ਦੀ ਲੋੜ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਔਰਤਾਂ ਵਲੋਂ ਵੀ ਰੋਸ ਜਾਹਿਰ ਕੀਤਾ ਗਿਆ। ਇਸ ਮੌਕੇ ਸੁਖਪ੍ਰੀਤ ਸਿੰਘ ਇਸ਼ਰਾਣਾ ਸਾਹਿਬ (ਪਾਣੀਪਤ), ਗੁਰਤੇਜ ਸਿੰਘ ਝਨੇੜੀ ਸਾਬਕਾ ਪ੍ਰਧਾਨ, ਮਨਜੀਤ ਸਿੰਘ ਡੱਲਾ, ਪ੍ਰਿਤਪਾਲ ਸਿੰਘ ਕਾਕੜਾ, ਹਰਜੀਤ ਸਿੰਘ ਬੀਟਾ, ਰਣਜੀਤ ਸਿੰਘ ਤੂਰ, ਦਲੀਪ ਸਿੰਘ ਨਦਾਮਪੁਰ, ਬੌਬੀ ਸੰਘਰੇੜੀ, ਪਿਰਥੀ ਸਿੰਘ ਥੰਮਣ ਸਿੰਘ ਵਾਲਾ, ਪ੍ਰਗਟ ਸਿੰਘ ਭੜੋ, ਸੁਖਵਿੰਦਰ ਸਿੰਘ ਬਲਿਆਲ, ਗੁਰਤੇਜ ਸਿੰਘ ਸਾਬਕਾ ਐਮ. ਸੀ., ਬਲਜਿੰਦਰ ਸਿੰਘ, ਭੀਮ ਸਿੰਘ, ਜਗਤਾਰ ਸਿੰਘ, ਗੁਰਮੇਲ ਸਿੰਘ ਮਾਝਾ, ਦਰਸ਼ਨ ਸਿੰਘ ਸ਼ੇਰਗਿੱਲ, ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਦਾ ਜਥਾ, ਜਰਨੈਲ ਸਿੰਘ ਨਕਟੇ, ਕਰਨੈਲ ਸਿੰਘ ਮਾਝੀ, ਰਾਜਿੰਦਰ ਸਿੰਘ ਮੁਨਸੀਵਾਲਾ, ਬਲਜਿੰਦਰ ਸਿੰਘ, ਜਰਨੈਲ ਸਿੰਘ ਜੈਲੀ, ਬੱਬੀ ਬੜੈਚ ਆਦਿ ਹਾਜ਼ਰ ਸਨ।



