ਬਰਨਾਲਾ, 16 ਅਕਤੂਬਰ (ਹਰਵਿੰਦਰ ਖੁੱਡੀ ਕਲਾਂ)- ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਖੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਕੀਤੀ ਬੇਅਦਬੀ ਦੇ ਰੋਸ ਵਜੋਂ ਸ਼ਾਤਮਈ ਧਰਨਾ ਦੇ ਰਹੇ ਸਿੱਖ ਮੁਜਾਹਰਾਕਾਰੀਆਂ ਉ¤ਪਰ ਪੁਲਿਸ ਵੱਲੋਂ ਕੀਤੀ ਗੋਲੀਬਾਰੀ ਨਾਲ ਸ਼ਹੀਦ ਹੋਏ ਦੋ ਸਿੰਘਾਂ ਦੀ ਮੌਤ ਦੇ ਰੋਸ ਵਜੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਅਤੇ ਦਿੱਤੇ ਜਾ ਰਹੇ ਰੋਸ ਧਰਨਿਆਂ ਦੀ ਬਦੌਲਤ ਬਰਨਾਲਾ ‘ਚ ਅੱਜ ਦੂਸਰੇ ਦਿਨ ਵੀ ਬੱਸ ਸੇਵਾ ਪੂਰੀ ਤਰ੍ਹਾ ਨਾਲ ਠੱਪ ਰਹੀ।ਬਰਨਾਲਾ ਤੋਂ ਲੁਧਿਆਣਾ,ਸੰਗਰੂਰ,ਮੋਗਾ ਅਤੇ ਬਠਿੰਡਾ ਆਦਿ ਮੁੱਖ ਮਾਰਗਾਂ ਤੋਂ ਇਲਾਵਾ ਅਨੇਕਾਂ ਹੀ ਪਿੰਡਾਂ ਅਤੇ ਕਸਬਿਆਂ ਨੂੰ ਬੱਸ ਸੇਵਾ ਚੱਲਦੀ ਹੈ।ਪਰ ਸਿੱਖ ਸੰਗਤਾਂ ਦੇ ਰੋਸ ਦੇ ਚੱਲਦਿਆਂ ਅੱਜ ਲਗਾਤਾਰ ਦੂਜੇ ਦਿਨ ਵੀ ਬਰਨਾਲਾ ਤੋਂ ਕਿਸੇ ਰੂਟ ’ਤੇ ਕੋਈਬੱਸ ਨਹੀਂ ਚੱਲੀ ਅਤੇ ਬੱਸਾਂ ਦੀ ਆਮਦ ਵੀ ਪੂਰੀ ਤਰਾਂ ਬੰਦ ਰਹੀ। ਇਸੇ ਤਰਾਂ ਅੱਜ ਦੂਜੇ ਦਿਨ ਵੀ ਸਿੱਖ ਸੰਗਤਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜੀ ਕਰਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜਿੰਮੇਵਾਰ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸ਼ਖਤ ਸਜਾਂ ਦੇਣ ਦੀ ਮੰਗ ਕੀਤੀ ਗਈ।ਅੱਜ ਸ਼ਹਿਰ ਬਰਨਾਲਾ ਦੇ ਬਾਜ਼ਾਰ, ਸਰਕਾਰੀ ਦਫਤਰ, ਵਿੱਦਿਅਕ ਅਦਾਰੇ ਅਤੇ ਹੋਰ ਕਾਰੋਬਾਰੀ ਅਦਾਰੇ ਤਾਂ ਭਾਵੇਂ ਆਮ ਵਾਂਗ ਖੁੱਲੇ ਰਹੇ,ਪਰ ਸੜਕਾਂ ‘ਤੇ ਬੇਰੌਣਕੀ ਛਾਈ ਰਹੀ।ਅੱਜ ਦੇ ਰੋਸ ਧਰਨਿਆਂ ਦਾ ਜਿਆਦਾ ਕੇਂਦਰ ਬਿੰਦੂ ਪਿੰਡ ਰਹੇ।ਸਿੱਖ ਸੰਗਤਾਂ ਵੱਲੋਂ ਪਿੰਡਾਂ ਵਿੱਚ ਰੋਸ ਧਰਨੇ ਮਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਅਤੇ ਬਿਨਾਂ ਵਜਾਂ ਗੋਲੀਬਾਰੀ ਕਰਕੇ ਸਿੱਖਾਂ ਨੂੰ ਸ਼ਹੀਦ ਕਰਨ ਵਾਲੇ ਮੁਲਾਜ਼ਮਾਂ ਨੂੰ ਸ਼ਜਾਵਾਂ ਦੇਣ ਦੀ ਮੰਗ ਕੀਤੀ ਗਈ।



