ਨਵੀਂ ਦਿੱਲੀ, 16 ਅਕਤੂਬਰ (ਪੀ. ਟੀ.)- ਅਮਰੀਕਾ ਦਾ ਸਿੱਖ ਵਫਦ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨ ਮੈਰੀਲੈਂਡ ਦੀ ਅਗਵਾਈ ਵਿੱਚ ਕੰਵਲਜੀਤ ਸਿੰਘ ਸੋਨੀ ਭਾਰਤੀ ਜਨਤਾ ਪਾਰਟੀ ਅਮਰੀਕਾ ਅਤੇ ਅਡਿਪਾ ਪ੍ਰਸਾਦ ਸੀਨੀਅਰ ਭਾਰਤੀ ਜਨਤਾ ਪਾਰਟੀ ਅਮਰੀਕਾ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਜੇਲ੍ਹ ਅੰਦਰ ਬੰਦ ਵਰਿਆਮ ਸਿੰਘ ਨੂੰ ਟਾਡਾ ਐਕਟ ਤੋਂ ਮੁਕਤ ਕਰਕੇ ਰਿਹਾਅ ਕੀਤਾ ਹੈ। ਜਸਦੀਪ ਸਿੰਘ ਜੱਸੀ ਅਤੇ ਕੰਵਲਜੀਤ ਸੋਨੀ ਜਿਨ੍ਹਾਂ ਨੇ ਦੋ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੌਰੇ ਸਮੇਂ ਮਿਲ ਕੇ ਸਿੱਖਾਂ ਦੀਆਂ ਅਹਿਮ ਮੰਗਾਂ ਤੋਂ ਜਾਣੂ ਕਰਵਾਇਆ ਸੀ ਜਿਸ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਵੀ ਸ਼ਾਮਿਲ ਸੀ। ਇਸ ਸਬੰਧ ਵਿੱਚ ਪ੍ਰੋ. ਭੁੱਲਰ ਨੂੰ ਪੰਜਾਬ ਅਤੇ ਵਰਿਆਮ ਸਿੰਘ ਦੀ ਰਿਹਾਈ ਇੱਕ ਪਹਿਲਕਦਮੀ ਹੈ। ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਭਾਈ ਵਰਿਆਮ ਸਿੰਘ ਦੀ ਰਿਹਾਈ, ਚੌਰਾਸੀ ਦੇ ਦੰਗਿਆਂ ਵਿੱਚਪ੍ਰਭਾਵਿਤ ਪਰਿਵਾਰਾਂ ਨੂੰ ਪੰਜ-ਪੰਜ ਲੱਖ ਦਾ ਮੁਆਵਜ਼ਾ ਦੇਣਾ ਅਤੇ ਚੌਰਾਸੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਾਸਤੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਕੇ ਪ੍ਰਧਾਨ ਮੰਤਰੀ ਮੋਦੀ ਨੇ ਇਹ ਸਾਬਤ ਕੀਤਾ ਹੈ ਕਿ ਭਾਰਤ ਸਰਕਾਰ ਸਿੱਖਾਂ ਦੇ ਮਸਲਿਆਂ ਲਈ ਵਚਨਬਧ ਹੈ। ਸ. ਜੱਸੀ ਨੇ ਕਿਹਾ ਕਿ ਗ੍ਰਹਿ ਮੰਤਰੀ ਨਾਲ ਸਿੱਖਾਂ ਦੀ ਕਾਲੀ ਸੂਚੀ ਨੂੰ ਖਤਮ ਕਰਨਾ ਅਤੇ ਰਾਜਸੀ ਸ਼ਰਨ ਪ੍ਰਾਪਤਕਰਤਾ ਨੂੰ ਵੀਜ਼ਾ ਅਤੇ ਪਾਸਪੋਰਟ ਦੇਣ ਸਬੰਧੀ ਮਸਲੇ ਵਿਚਾਰੇ ਗਏ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਕਾਲੀ ਸੂਚੀ ਲਗਭਗ ਖਤਮ ਕਰ ਦਿੱਤੀ ਗਈ ਹੈ ਪਰ ਕੁਝ ਰਹਿੰਦੇ ਵਿਅਕਤੀਆਂ ਪ੍ਰਤੀ ਪੰਜਾਬ ਸਰਕਾਰ ਤੋਂ ਘੋਖ ਕਰਵਾਈ ਜਾ ਰਹੀ ਹੈ ਤਾਂ ਜੋ ਇਸ ਸੂਚੀ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ। ਕੰਵਲਜੀਤ ਸੋਨੀ ਨੇ ਕਿਹਾ ਕਿ ਉਹ ਮੋਦੀ ਸਰਕਾਰ ਵਿੱਚ ਪੂਰਨ ਵਿਸ਼ਵਾਸ ਰੱਖਦੇ ਹਨ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਣ ਤੋਂ ਬਾਅਦ ਦ੍ਰਿੜ੍ਹ ਵਿਸ਼ਵਾਸੀ ਬਣ ਗਏ ਹਨ ਕਿ ਭਾਰਤ ਸਰਕਾਰ ਸਿੱਖਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਜਿਨ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ, 1984 ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਰਾਜਸੀ ਸ਼ਰਨ ਪ੍ਰਾਪਤ ਸਿੱਖਾਂ ਨੂੰ ਪਾਸਪੋਰਟ ਅਤੇ ਵੀਜ਼ਾ ਦੇਣ ਵਰਗੇ ਮਸਲਿਆਂ ਨੂੰ ਪਹਿਲ ਦੇ ਆਧਾਰ ਉ¤ਤੇ ਹੱਲ ਕਰਨਗੇ। ਇਹ ਵਫਦ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਰਾਮ ਮਾਧਵ ਨੂੰ ਮਿਲਿਆ ਅਤੇ ਪ੍ਰਧਾਨ ਮੰਤਰੀ ਨੂੰ ਮਿਲਣ ਸਬੰਧੀ ਦਿਲਚਸਪੀ ਪ੍ਰਗਟ ਕੀਤੀ ਜਿਸ ਸਬੰਧੀ ਆਸ ਕੀਤੀ ਜਾ ਰਹੀ ਹੈ ਕਿ ਇਸ ਹਫਤੇ ਦੇ ਅਖੀਰ ਵਿੱਚ ਇਹ ਵਫਦ ਪ੍ਰਧਾਨ ਮੰਤਰੀ ਨੂੰ ਮਿਲ ਕੇ ਉਨ੍ਹਾਂ ਨੂੰ ਰਹਿੰਦੀਆਂ ਮੰਗਾਂ ਤੋਂ ਜਾਣੂ ਕਰਵਾਏਗਾ ਅਤੇ ਇਨ੍ਹਾਂ ਦੇ ਹੱਲ ਲਈ ਗੁਹਾਰ ਲਗਾਏਗਾ।



