ਲਧਿਆਣਾ, 12 ਅਕਤੂਬਰ (ਪੀ. ਟੀ.)- ਸਮੁੱਚੀ ਮਨੁੱਖਤਾ ਨੂੰ ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਵੈਰ ਵਿਰੋਧ ਤੇ ਕੱਟੜਤਾ ਨੂੰ ਠੱਲ੍ਹ ਪਾਉਣ ਲਈ ਜੋ ਬੀੜਾ ਵਿਸ਼ਵ ਸਰਬ ਧਰਮ ਸੰਮੇਲਨ ਦੀ ਲੜੀ ਅਰੰਭ ਕਰਕੇ ਨਾਨਕਸਰ ਕਲੇਰਾਂ ਸੰਪਰਦਾ ਦੇ ਮੁੱਖੀ ਸੰਤ ਬਾਬਾ ਲੱਖਾ ਸਿੰਘ ਨੇ ਚੁੱਕਿਆ ਹੈ, ਉਹ ਆਪਣੇ ਆਪ ਵਿੱਚ ਇੱਕ ਵੱਡਾ ਬੇਮਿਸਾਲ ਕਾਰਜ ਹੈ । ਜਿਸਦੇ ਆਉਣ ਵਾਲੇ ਸਮੇਂ ਅੰਦਰ ਬੇਹੱਦ ਸਾਰਥੱਕ ਸਿੱਟੇ ਨਿਕਲਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਆਪਣੇ ਗ੍ਰਹਿ ਵਿਖੇ ਪੁੱਜੇ ਨਾਨਕਸਰ ਸੰਪਰਦਾ ਦੇ ਮੁੱਖੀ ਸੰਤ ਬਾਬਾ ਲੱਖਾ ਸਿੰਘ ਜੀ ਦੇ ਨਾਲ ਵਿਸ਼ੇਸ਼ ਮਿਲਣੀ ਕਰਨ ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਕੀਤਾ । ਜੱਥੇਦਾਰ ਅਵਤਾਰ ਸਿੰਘ ਨੇ ਪਿਛਲੇ ਦਿਨੀਂ ਦਿੱਲੀ ਵਿਖੇ ਆਯੋਜਿਤ ਕੀਤੇ ਗਏ ਵਿਸ਼ਵ ਸਰਬ ਧਰਮ ਸੰਮੇਲਨ ਅੰਦਰ ਪੁੱਜੀਆਂ 14 ਧਰਮਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੂੰ ਸਰਬ ਧਰਮ ਵਿਸ਼ਵ ਸ਼ਾਂਤੀ ਮਿਸ਼ਨ ਦਾ ਪ੍ਰਧਾਨ ਬਣਾਉਣਅਤੇ ਉਹਨਾਂ ਵਿਸ਼ਵ ਸ਼ਾਤੀ ਦੂਤ ਦੇ ਸਨਮਾਨ ਨਾਲ ਸਨਮਾਨਿਤ ਕਰਨ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕਰਦਿਆਂ ਹੋਇਆ ਕਿਹਾ ਕਿ ਬਾਬਾ ਲੱਖਾ ਸਿੰਘ ਵੱਲੋਂ ਵਿਸ਼ਵ ਸ਼ਾਤੀ ‘ਤੇ ਹਰ ਧਰਮ ਨੂੰ ਆਪਣੇ ਅੰਦਰੋਂ ਕੱਟੜਵਾਦਤਾ ਨੂੰ ਠੱਲ੍ਹ ਪਾਉਣ ਲਈ ਕੀਤੇ ਜਾ ਰਹੇ ਕਾਰਜ ਸਮੁੱਚੀ ਕੌਮ ਦੇ ਲਈ ਮਾਣ ਵਾਲੀ ਗੱਲ ਹੈ । ਆਪਣੀ ਗੱਲਬਾਤ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਜੱਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਵੱਖ-ਵੱਖ ਧਰਮਾਂ ਵਿੱਚ ਆਪਸੀ ਸਿਧਾਂਤਕ ਮੱਤਭੇਦ ਹੋ ਸਕਦੇ ਹਨ । ਪਰ ਹਰ ਧਰਮ ਦੇ ਪੈਰੋਕਾਰਾ ਨੂੰ ਆਪਸੀ ਵਖਰੇਵਿਆਂ ਤੋਂ ਉਪਰ ਉਠ ਕੇ ਦੂਜੇ ਧਰਮਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਹੀ ਅਸੀਂ ਗੁਰੂ ਸਾਹਿਬਾਨ ਵਜੋਂ ਦਰਸਾਈ ਧਰਮ ਨਿਰਪੱਖਤਾ ਤੇ ਸਰਬ ਸਾਂਝੀਵਾਲਤਾ ਵਾਲੀ ਸੋਚ ਨੂੰ ਹੋਰ ਉਜਾਗਰ ਕਰਨ ਵਿੱਚ ਕਾਮਯਾਬੀ ਪ੍ਰਾਪਤ ਕਰ ਸਕਦੇ ਹਾਂ । ਇਸ ਦੌਰਾਨ ਸਰਬ ਧਰਮ ਵਿਸ਼ਵ ਸਾਂਤੀ ਮਿਸ਼ਨ ਦੇ ਨਵ- ਨਿਯੁਕਤ ਪ੍ਰਧਾਨ ਤੇ ਨਾਨਕਸਰ ਸੰਪਰਦਾ ਦੇ ਮੁੱਖੀ ਸੰਤ ਬਾਬਾ ਲੱਖਾ ਸਿੰਘ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਧਰਮ ਦੀ ਪ੍ਰਪੱਕਤਾ ਤੇ ਮਜ਼ਬੂਤੀ ਲਈ ਸਾਨੂੰ ਆਪਣੇ ਅੰਦਰੋਂ ਕੱਟੜਤਾ ਤੇ ਵੈਰ ਵਿਰੋਧ ਦੀ ਭਾਵਨਾ ਖਤਮ ਕਰਨੀ ਪਵੇਗੀ ਤਾਂ ਹੀ ਅਸੀਂ ਸਮੁੱਚੀ ਇਨਸਾਨੀਅਤ ਨੂੰ ਅਮਨ, ਸ਼ਾਂਤੀ ਤੇ ਇੱਕ ਜੁਟਤਾ ਦਾ ਸੰਦੇਸ਼ ਦੇਣ ਵਿੱਚ ਸਫਲ ਹੋ ਸਕਦੇ ਹਾਂ। ਇਸ ਮਿਸ਼ਨ ਦੀ ਪ੍ਰਾਪਤੀ ਲਈ ਸਾਰੇ ਪ੍ਰਮੁੱਖ ਧਰਮਾਂ ਦੀਆਂ ਸ਼ਖਸੀਅਤਾ ਦੇ ਸਹਿਯੋਗ ਨਾਲ ਵੱਖ-ਵੱਖ ਸ਼ਹਿਰਾਂ ਅੰਦਰ ਵਿਸ਼ਵ ਸਰਬ ਧਰਮ ਸੰਮੇਲਨ ਆਯੋਜਿਤ ਕਰਨ ਦੀ ਲੜੀ ਅਰੰਭ ਕੀਤੀ ਗਈ । ਜਿਸਦਾ ਫੈਲਾਅ ਆਉਣ ਵਾਲੇ ਸਮੇਂ ਵਿੱਚ ਸਮੁੱਚੇ ਦੇਸ਼ ਅੰਦਰ ਹੀ ਨਹੀਂ ਬਲਕਿ ਵਿਦੇਸ਼ਾ ਵਿੱਚ ਵੀ ਕੀਤਾ ਜਾਵੇਗਾ । ਇਸ ਸਮੇਂ ਉਹਨਾਂ ਦੇ ਨਾਲ ਸ. ਭੁਪਿੰਦਰ ਸਿੰਘ ਮਨੀ ਜ਼ਿਊਲਰਜ਼, ਅਮਰਜੀਤ ਸਿੰਘ ਨਨਕਾਣਾ ਸਾਹਿਬ, ਪ੍ਰਿਤਪਾਲ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਧਰਮਿੰਦਰ ਸਿੰਘ, ਅਮੋਲਕਜੀਤ ਸਿੰਘ, ਸੁਰਿੰਦਰ ਸਿੰਘ ਤੇ ਕੁਲਜੀਤ ਸਿੰਘ ਖੁਰਾਣਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।



