Skip to content
Independent perspectives. Global stories.
BREAKING

ਪੰਜਾਬ ਦੇ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਦੀ ਮਿਆਦ ਸੋਮਵਾਰ ਤੱਕ ਵਧਾਈ

Share this story

ਮਾਨਸਾ/ਰਾਮਾ ਮੰਡੀ/ਰਾਮਪੁਰਾ ਫੂਲ, 10 ਅਕਤੂਬਰ (ਅਮਰਜੀਤ ਸਿੰਘ, ਜੱਗਾ ਸਿੰਘ ਸਿੱਧੂ, ਮਨਪ੍ਰੀਤ ਗਿੱਲ, ਜਸਵੰਤ ਦਰਦਪ੍ਰੀਤ)- ਰਾਜ ਦੀਆਂ 8 ਕਿਸਾਨ ਜਥੇਬੰਦੀਆਂ ਨੇ ਰੇਲ ਰੋਕੋ ਪ੍ਰੋਗਰਾਮ ਵਿਚ 2 ਦਿਨ ਹੋਰ ਵਾਧਾ ਕਰ ਦਿੱਤਾ ਹੈ। ਪਿਛਲੇ ਦਿਨਾਂ ਤੋਂ ਸੰਘਰਸ਼ ਦੇ ਰਾਹ ਪਈਆਂ ਇਨ੍ਹਾਂ ਜਥੇਬੰਦੀਆਂ ਵੱਲੋਂ ਹੁਣ 12 ਅਕਤੂਬਰ ਸ਼ਾਮ ਤੱਕ ਰੇਲਾਂ ਰੋਕੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਨ੍ਹਾਂ ਜਥੇਬੰਦੀਆਂ ਨਾਲ ਮੰਗਾਂ ‘ਤੇ ਵਿਚਾਰ ਕਰਨ ਲਈ 12 ਅਕਤੂਬਰ ਨੂੰ ਸਾਢੇ 4 ਵਜੇ ਚੰਡੀਗੜ੍ਹ ਮੀਟਿੰਗ ਬੁਲਾਈ ਹੈ। ਉੱਧਰ ਕਿਸਾਨ ਆਗੂਆਂ ਨੇ ਵੀ ਇਹ ਫ਼ੈਸਲਾ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਨਾਲ ਮੀਟਿੰਗ ਖ਼ਤਮ ਹੋਣ ਤੱਕ ਰੇਲ ਰੋਕੋ ਪ੍ਰੋਗਰਾਮ ਜਾਰੀ ਰਹੇਗਾ ਅਤੇ ਇਕੱਤਰਤਾ ਦੇ ਫ਼ੈਸਲੇ ਤੋਂ ਉਪਰੰਤ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਗੁੱਟ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਉਕਤ ਪੁਸ਼ਟੀ ਕਰਦਿਆਂ ਦੱਸਿਆ ਕਿ ਗੁਪਤ ਸਥਾਨ ‘ਤੇ ਹੋਈ ਇਕੱਤਰਤਾ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਹੈਕਿ ਮੰਗਾਂ ਮਨਵਾ ਕੇ ਹੀ ਸਾਹ ਲਿਆ ਜਾਵੇਗਾ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਸਰਕਾਰ ਦੀਆਂ ਅਣਗਹਿਲੀਆਂ ਕਾਰਨ ਨਰਮੇ ਦੀ ਫ਼ਸਲ ਤਬਾਹ ਹੋਣ ਬਾਅਦ ਸੰਘਰਸ਼ ਦੇ ਰਾਹ ਪਏ ਕਿਸਾਨਾਂ ਦੀਆਂ ਮੰਗਾਂ ਨੂੰ ਰਾਜ ਸਰਕਾਰ ਵੱਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਚਿੱਟੇ ਮੱਛਰ ਨਾਲ ਨਰਮੇ ਦੀ ਹੋਈ ਤਬਾਹੀ ਦਾ ਕੇਂਦਰ ਤੇ ਪੰਜਾਬ ਸਰਕਾਰ ਕੋਲੋਂ ਕਿਸਾਨਾਂ ਨੂੰ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਅਤੇ 20 ਹਜ਼ਾਰ ਰੁਪਏ ਪ੍ਰਤੀ ਮਜ਼ਦੂਰ ਪਰਿਵਾਰ ਨੂੰ ਆਰਥਿਕ ਸਹਾਇਤਾ ਹਾਸਲ ਕਰਨ ਤੱਕ ਕਿਸਾਨ ਸੰਘਰਸ਼ ਦੇ ਪਿੜ ‘ਚ ਹੀ ਰਹਿਣਗੇ।ਰਾਮਪੁਰਾ ਫੂਲ- ਸੰਘਰਸ਼ ਸੀਲ ਕਿਸਾਨ ਮਜਦੂਰ ਜੱਥੇਬੰਦੀਆਂ ਵੱਲੋ ਕਿਸਾਨ ਤੇ ਮਜਦੂਰਾ ਦੀ ਮੰਗਾ ਨੂੰ ਮਨਾਉਣ ਲਈ ਚਲਾਇਆ ਜਾ ਰਿਹਾ ਰੇਲ ਰੋਕੋ ਅੰਦੋਲਨ ਚੋਥੇ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਅਜੇ ਵੀ ਸਰਕਾਰ ਚੁੱਪ ਧਾਰੀ ਰੱਖਦੀ ਹੈ ਤਾਂ ਸੰਘਰਸ ਨੂੰ ਤਿੱਖਾ ਕਰਦਿਆਂ ਅਗਲੀ ਰਣਨੀਤੀ ਤੇ ਵਿਚਾਰ ਕੀਤੀ ਜਾਵੇਗੀ । ਕਿਸਾਨ ਆਗੂ ਸੁਖਵਿੰਦਰ ਸਿੰਘ ਫੂਲੇਵਾਲ ਨੇ ਦੱਸਿਆ ਕਿ ਇਹ ਧਰਨਾ ਦੋ ਦਿਨਾਂ ਲਈ ਹੋਰ ਵਧਾ ਦਿੱਤਾ ਗਿਆ ਹੈ , ਉਹਨਾਂ ਕਿਹਾ ਕਿ ਚੰਦੂਮਾਜਰੇ ਰਾਹੀ ਸੋਮਵਾਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੱਥੇਬੰਦੀਆਂ ਦੇ ਆਗੂ ਗੱਲਬਾਤ ਸਬੰਧੀ ਪੇਸ਼ਕਸ਼ ਕੀਤੀ ਹੈ ਜਿਸ ਲਈ ਮੀਟਿੰਗ ਕੀਤੀ ਗਈ ਤੇ ਜੱਥੇਬੰਦੀ ਦਾ ਇੱਕ ਵਫਦ ਉਹਨਾਂ ਨੂੰ ਮਿਲਕੇ ਆਪਣੀਆਂ ਮੰਗਾ ਸਬੰਧੀ ਜਾਣੂੰ ਕਰਵਾਵੇਗਾ । ਇਸ ਮੋਕੇ ਬੋਲਦਿਆਂ ਭਾਕਿਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ, ਭਾਕਿਯੂ ਕਰਾਂਤੀਕਾਰੀ ਦੇ ਸੂਬਾ ਪ੍ਰਧਾਜਨ ਸੁਰਜੀਤ ਸਿੰਘ ਫੂਲ, ਭਾਕਿਯੂ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਨਥਾਣਾ ਨੇ ਸਰਕਾਰ ਦੇ ਰਵੱਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਨਰਮਾ ਪੱਟੀ ਨੂੰ ਉਜਾੜਣ ਵਿੱਚ ਸਰਕਾਰ ਦੀਆਂ ਕਥਿਤ ਭ੍ਰਿਸ਼ਟ ਨੀਤੀਆਂ ਜਿੰਮੇਵਾਰ ਹਨ। ਉਹਨਾਂ ਕਿਹਾ ਕਿ ਸਰਕਾਰ ਪੁਲਿਸ ਕਰਮਚਾਰੀਆਂ ਨੂੰ ਆਦੇਸ਼ ਦੇ ਰਹੀ ਹੈ ਕਿ ਦੂਸਰੇ ਸ਼ਹਿਰਾ ਚੋ ਆ ਰਹੇ ਕਿਸਾਨਾ ਨੂੰ ਧਰਨਿਆ ਚ, ਸਾਮਲ ਨਾ ਹੋਣ ਦਿੱਤਾ ਇਸ ਸਬੰਧ ਵਿੱਚ ਕਈ ਪਿੰਡ ਤੋ ਆ ਰਹੇ ਕਿਸਾਨਾ ਨੂੰ ਥਾਨਿਆ ਚ, ਨਜ਼ਰ ਬੰਦ ਕੀਤਾ ਜਾ ਰਿਹਾ ਹੈ। ਅੱਜ ਦੇ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਹਰਪ੍ਰੀਤ ਕੋਰ ਜੈਠੂਕੇ, ਪਰਮਜੀਤ ਕੋਰ ਪਿੱਥੋ, ਮੋਹਣਾ ਸਿੰਘ ਰੂੜਕੇ, ਗੁਰਨਾਮ ਸਿੰਘ ਮਹਿਰਾਜ਼, ਜਗਜੀਤ ਸਿੰਘ ਭੂੰਦੜ, ਸੁਖਦੇਵ ਸਿੰਘ ਜਵੰਧਾ, ਬੇਅੰਤ ਸਿੰਘ ਜੇਠੂਕੇ, ਅਮਰੀਕ ਸਿੰਘ ਸਿਵੀਆਂ, ਬਸੰਤ ਸਿੰਘ ਕੋਠਾਗੁਰੂ, ਬਲਜੀਤ ਸਿੰਘ ਪੂਹਲਾ, ਸਵਰਨ ਸਿੰਘ ਭਾਇਰੂਪਾ,ਦਰਸ਼ਨ ਸਿੰਘ ਮਾਇਸਰਖਾਨਾ, ਸੁਰਮੁਖ ਸਿੰਘ ਸੇਲਬਰਾਹ, ਸੁਰਮੁਖ ਸਿੰਘ ਸਿੱਧੂ, ਪ੍ਰਸ਼ੋਤਮ ਸਿੰਘ ਮਹਿਰਾਜ, ਸੁਰਜੀਤ ਸਿੰਘ ਭੁੱਚੋ, ਸੁਖਵਿੰਦਰ ਸਿੰਘ ਫੂਲੇਵਾਲਾ, ਸੁਖਦੇਵ ਸਿੰਘ ਨਥਾਣਾ, ਸੁਖਪਾਲ ਸਿੰਘ ਖਿਆਲੀਵਾਲਾ, ਦਰਬਾਰਾ ਸਿੰਘ ਫੂਲੇਵਾਲਾ, ਜਗਸੀਰ ਸਿੰਘ ਕੋਟੜਾ, ਤੀਰਥ ਸਿੰਘ ਕੋਠਾ ਗੁਰੂ ਆਦਿ ਨੇ ਸੰਬੋਧਨ ਕੀਤਾ। ਰਾਮਾ ਮੰਡੀ- ਅੱਠ ਜਥੇਬੰਦੀਆਂ ਤੇ 7 ਮਜਦੂਰ ਜੱਥੇਬੰਦੀਆ ਵੱਲੋੇ ਬਠਿੰਡਾ ਵਿਖੇ 18 ਦਿਨਾਂ ਦੇ ਪੱਕੇ ਮੋਰਚੇ ਤੋ ਬਾਅਦ ਪਿੱਛਲੇ ਤਿੰਨ ਦਿਨਾ ਤੋ ਰੇਲਾ ਦਾ ਚੱਕਾ ਜਾਮ ਚੌਥੇ ਦਿਨ ਜਾਰੀ ਰਿਹਾ। ਇਹ ਰੇਲ ਰੋਕੋ ਧਰਨਾ ਬਠਿੰਡਾ ਰੇਲ ਲਾਇਨ ਤੇ ਪਿੰਡ ਪਥਰਾਲਾ ਵਿਖੇ ਦਿੱਤਾ ਗਿਆ। ਰੇਲ ਰੋਕੋ ਅੰਦੋਲਨ ਵਿੱਚ ਜਿਥੇ ਕਿਸਾਨ ਆਪਣੀ ਜਿੱਦ ਤੇ ਅੜੇ ਹੋਏ ਹਨ ਉੱਥੇ ਆਮ ਜੰਨਤਾਂ ਨੂੰ ਵੀ ਰੇਲ ਰੋਕੋ ਅੰਦੋਲਨ ਕਾਰਨ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਸ ਲਈ ਪੰਜਾਬ ਸਰਕਾਰ ਵੱਲੋ ਕੋਈ ਸਾਰਥਿੱਕ ਹੱਲ ਜਲਦੀ ਕੱਢਿਆ ਜਾਵੇ।

WRITTEN BY