ਸੰਯੁਕਤ ਰਾਸ਼ਟਰ, 2 ਅਕਤੂਬਰ (ਪੀ. ਟੀ. ਲਾਇਵ)- ਅੱਤਵਾਦ ਛੱਡ ਕੇ ਗੱਲਬਾਤ ਕਰਨ ਦੀ ਭਾਰਤ ਦੀ ਨਸੀਹਤ ਦੇ ਜਵਾਬ ’ਚ ਪਾਕਿਸਤਾਨ ਨੇ ਕਿਹਾ ਕਿ ਕਿਸੇ ਵੀ ਦੋਪੱਖੀ ਵਾਰਤਾ ’ਚ ਜੰਮੂ-ਕਸ਼ਮੀਰ ਦਾ ਮੁੱਦਾ ਮੁੱਖ ਏਜੰਡੇ ’ਤੇ ਰਹੇਗਾ। ਪਾਕਿਸਤਾਨ ਨੇ ਦੋਸ਼ ਲਗਾਇਆ ਕਿ ਭਾਰਤ ਗੱਲਬਾਤ ਰੋਕਣ ਲਈ ਅੱਤਵਾਦ ਦੇ ਸ਼ੈਤਾਨ ਦਾ ਇਸਤੇਮਾਲ ਕਰ ਰਿਹਾ ਹੈ। ਪਾਕਿਸਤਾਨ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਦੀ ਜ਼ਮੀਨ ’ਤੇ ਅਸ਼ਾਂਤੀ ਤੇ ਅੱਤਵਾਦ ਲਈ ਭਾਰਤ ਜ਼ਿੰਮੇਵਾਰ ਹੈ। ਪਾਕਿਸਤਾਨ ਨੇ ਇਸ ਸਬੰਧ ਵਿੱਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੂੰ ਡੋਜੀਅਰ ਸੌਂਪਿਆ ਹੈ।ਇਸੇ ਦੌਰਾਨ ਇਸਲਾਮਾਬਾਦ ਤੋਂ ਇੱਕ ਰਿਪੋਰਟ ਮੁਤਾਬਿਕ- ਭਾਰਤ ਵੱਲੋਂ ਸੰਯੁਕਤ ਰਾਸ਼ਟਰ ਮਹਾਸਭਾ ’ਚ ਪਾਕਿਸਤਾਨ ਪ੍ਰਾਯੋਜਿਤ ਅੱਤਵਾਦ ਦਾ ਮੁੱਦਾ ਉਠਾਏ ਜਾਣ ਦੇ ਵਿਚਕਾਰ ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਰਾਹੀਲ ਸ਼ਰੀਫ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਕਿਸੇ ਵੀ ਦੇਸ਼ ਦੇ ਵਿਰੁੱਧ ‘ਪ੍ਰੋਕਸੀਜ਼’ ਦੀ ਵਰਤੋਂ ਕਰਨ ਦੇ ਖਿਲਾਫ ਹੈ।ਇਸ ਸਮੇਂ ਬਰਤਾਨੀਆ ਦੇ ਦੌਰੇ ’ਤੇ ਗਏ ਰਾਹੀਲ ਨੇ ਲੰਡਨ ’ਚ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟਜਿਕ ਸਟਡੀਜ਼ ’ਚ ਇਕ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਕਹੀ ਹੈ।ਸੈਨਾ ਦੇ ਬੁਲਾਰੇ ਅਸੀਮ ਸਲੀਮ ਬਾਜਵਾ ਨੇ ਟਵੀਟ ਕੀਤਾ ਹੈ ਕਿ ਸੈਨਾ ਮੁਖੀ ਨੇ ਕਿਹਾ ਕਿ ਪਾਕਿਸਤਾਨ ਅੱਤਵਾਦ ਨੂੰ ਉਖਾੜ ਸੁੱਟਣ ਲਈ ਵਚਨਬਧ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਪ੍ਰੋਕਸੀਜ਼ ਦੀ ਵਰਤੋਂ ਦੇ ਖਿਲਾਫ ਹਾਂ ਅਤੇ ਇਸ ਨੂੰ ਆਪਣੀ ਜ਼ਮੀਨ ’ਤੇ ਮਨਜ਼ੂਰੀ ਨਹੀਂ ਦਿਆਂਗੇ।ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਨੂੰ ਭਾਰਤ ਦੀ ਵਿਦੇਸ਼ ਮੰਤਰੀ ਵੱਲੋਂ ਕਰਾਰਾ ਜਵਾਬ ਮਿਲਣ ਦੇ ਬਾਅਦ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੂੰ ਭਾਰਤ ਦੇ ਖਿਲਾਫ ਜਿਹੜਾ ਡੋਜੀਅਰ ਸੌਂਪਿਆ ਹੈ ਉਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਭਾਰਤ ਬਲੋਚਿਸਤਾਨ ਅਤੇ ਕਰਾਚੀ ਵਿੱਚ ਅੱਤਵਾਦ ਫੈਲਾਅ ਰਿਹਾ ਹੈ। ਪਾਕਿ ਪ੍ਰਤੀਨਿਧ ਨੇ ਆਪਣੇ ਡੋਜੀਅਰ ਵਿੱਚ ਕਿਹਾ ਕਿ ਸਬੂਤਾਂ ਤੋਂ ਪਤਾ ਚਲਦਾ ਹੈ ਕਿ ਭਾਰਤੀ ਸੁਰੱਖਿਆ ਏਜੰਸੀਆਂ ਦੇ ਕਬਾਇਲੀ ਇਲਾਕਿਆਂ ਵਿੱਚ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਨਾਲ ਸਬੰਧ ਹੈ। ਭਾਰਤ ਅੱਤਵਾਦ ਦਾ ਇਸਤੇਮਾਲ ਕਰਕੇ ਨਾ ਸਿਰਫ ਦੋਤਰਫਾ ਗੱਲਬਾਤ ਨੂੰ ਰੋਕ ਰਿਹਾ ਹੈ, ਬਲਕਿ ਦੋਨੋ ਦੇਸ਼ਾਂ ਵਿਚਾਲੇ ਮਾਹੌਲ ਨੂੰ ਵੀ ਖਰਾਬ ਕਰ ਰਿਹਾ ਹੈ। ਪਾਕਿ ਪ੍ਰਤੀਨਿਧ ਨੇ ਕਿਹਾ ਕਿ ਭਾਰਤ ਦਾ ਸਿਰਫ ਇੱਕਨੁਕਾਤੀ ਏਜੰਡੇ ਉੱਪਰ ਗੱਲਬਾਤ ਲਈ ਜ਼ੋਰ ਦੇਣਾ ਇਹ ਸਾਬਿਤ ਕਰਦਾ ਹੈ ਕਿ ਉਹ ਗੰਭੀਰ ਗੱਲਬਾਤ ਵਿੱਚ ਦਿਲਚਸਪੀ ਨਹੀਂ ਰਖਦਾ। ਉਨ੍ਹਾਂ ਨੇ 2007 ਵਿੱਚ ਸਮਝੌਤਾ ਰੇਲਗੱਡੀ ਵਿੱਚ ਹੋਏ ਬੰਬ ਧਮਾਕੇ ਦੀ ਸਾਜ਼ਿਸ਼ ਰਚਨ ਵਾਲਿਆਂ ਦੇ ਵਿਰੁੱਧ ਭਾਰਤ ਵੱਲੋਂ ਕਾਰਵਾਈ ਨਾ ਕਰਨ ਦਾ ਵੀ ਦੋਸ਼ ਲਗਾਇਆ।



