ਬਠਿੰਡਾ, 29 ਸਤੰਬਰ (ਇੰਦਰਜੀਤ ਨਥਾਣਾ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਹੈ ਕਿ ਪੰਜਾਬ ਸਰਕਾਰ ਦੁਆਰਾ ਨਰਮਾ ਉਤਪਾਦਕਾਂ ਲਈ ਐਲਾਨਿਆ ਗਿਆ 600 ਕਰੋੜ ਰੁਪਏ ਦਾ ਖਰਾਬਾ ਰਾਹਤ ਪੈਕਜ ਇਸ ਔਖੀ ਘੜ੍ਹੀ ’ਚ ਕਿਸਾਨਾਂ ਲਈ ਬਹੁਤ ਮੱਦਦਗਾਰ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਪੀੜ੍ਹਤ ਕਿਸਾਨਾਂ ਨੂੰ ਮੁਆਵਜ਼ਾ ਬਹੁਤ ਤੇਜ਼ੀ ਨਾਲ ਵੰਡਿਆ ਜਾ ਰਿਹਾ ਹੈ । ਬਠਿੰਡਾ ਜ਼ਿਲ੍ਹੇ ਲਈ ਸਰਕਾਰ ਦੁਆਰਾ 114 ਕਰੋੜ ਰੁਪਏ ਭੇਜ ਦਿੱਤੇ ਗਏ ਹਨ ਅਤੇ ਹੋਰ ਮੱਦਦ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚਿੱਟੀ ਮੱਖੀ ਇੱਕ ਕੁਦਰਤੀ ਆਪਦਾ ਹੈ, ਜਿਸ ਦਾ ਕਹਿਰ ਨਾ ਸਿਰਫ਼ ਪੰਜਾਬ ਬਲਕਿ ਹਰਿਆਣਾ ਅਤੇ ਰਾਜਸਥਾਨ ਦੇ ਨਰਮਾ ਪੱਟੀ ਇਲਾਕਿਆਂ ’ਤੇ ਵੀ ਪਿਆ ਹੈ। ਕੇਂਦਰੀ ਮੰਤਰੀ ਨੇ ਇਸ ਗੱਲ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ਼੍ਰੀਮਤੀ ਬਾਦਲ ਨੇ ਅੱਜ ਪਿੰਡ ਹਰਰਾਏਪੁਰ ਵਿਖੇ ਗਊਸ਼ਾਲਾ ਦਾ ਨੀਂਹ ਪੱਥਰ
ਰੱਖਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ 919 ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਮੁਦਰਾ ਬੈਂਕ ਤਹਿਤ 3.33 ਕਰੋੜ ਰੁਪਏ ਦੀ ਕਰਜ ਪ੍ਰਵਾਨਗੀ ਪੱਤਰ ਵੀ ਵੰਡੇ। ਸ਼੍ਰੀਮਤੀ ਬਾਦਲ ਨੇ ਪਿੰਡਾਂ ’ਚ ਕੰਮ ਕਰਨ ਵਾਲੀ ਲੇਬਰ ਪ੍ਰਤੀ ਹਮਦਰਦੀ ਜਿਤਾਉਂਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਮਨਰੇਗਾ ਤਹਿਤ ਕੰਮ ਵਧਾਵੇ ਤਾਂ ਜੋ ਇਨ੍ਹਾਂ ਪ੍ਰਭਾਵਿਤ ਲੋਕਾਂ ਨੂੰ ਕੰਮ ਦਿੱਤਾ ਜਾ ਸਕੇ, ਕਿਉਂਕਿ ਇਹ ਲੋਕ ਪਹਿਲਾਂ ਕਿਸਾਨਾਂ ਦੇ ਖੇਤਾਂ ’ਚ ਨਰਮਾ ਚੁਗ ਕੇ ਹੀ ਆਪਣਾ ਜੀਵਨ ਚਲਾ ਰਹੇ ਸਨ। ਸ਼੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕਿਸਾਨ ਭਰਾਵਾਂ ਨਾਲ ਉਨ੍ਹਾਂ ਦੀ ਦੁੱਖ ਦੀ ਘੜੀ ’ਚ ਹਰ ਵੇਲੇ ਨਾਲ ਖੜ੍ਹੀ ਹੈ। ਇਸ ਮੌਕੇ ਪੰਜਾਬ ਦੇ ਪਾਣੀਆਂ ਦੇ ਰਿਪੇਰੀਅਨ ਕਨੂੰਨ ’ਤੇ ਬੋਲਦਿਆਂ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਸੂਬੇ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਉਨ੍ਹਾ ਕਿਹਾ ਕਿ ਪੰਜਾਬ ਆਪਣੇ ਕਿਸਾਨਾਂ ਦੇ ਹਿੱਤਾਂ ਨੂੰ ਤਾਕ ’ਤੇ ਰੱਖ ਕਿ ਕਿਸੇ ਹੋਰ ਨੂੰ ਪਾਣੀ ਨਹੀਂ ਦੇਵੇਗਾ। ਸ਼੍ਰੀਮਤੀ ਬਾਦਲ ਨੇ ਕਿਹਾ ਕਿ ਪਿਛਲੇ 9 ਸਾਲਾਂ ’ਚ ਅਕਾਲੀ-ਭਾਜਪਾ ਸਰਕਾਰ ਕਿਸਾਨਾਂ ਨੂੰ 28000 ਕਰੋੜ ਰੁਪਏ ਦਾ ਮੁਫ਼ਤ ਪਾਣੀ ਅਤੇ ਬਿਜਲੀ ਮੁਹੱਈਆ ਕਰਵਾ ਚੁੱਕੀ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਆਪਣੇ ਅੰਦਰੂਨੀ ਫੁੱਟ ਵਿਚ ਉਲਝੀਆਂ ਹਨ ਅਤੇ ਉਨ੍ਹਾਂ ਕੋਲ ਸੂਬੇ ਦੇ ਲੋਕਾਂ ਬਾਰੇ ਸੋਚਣ ਲਈ ਕੋਈ ਸਮਾਂ ਨਹੀਂ। ਕਾਂਗਰਸ ਐਮ.ਪੀ. ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਨਾ ਹੀ ਕੈਪਟਨ ਨੇ ਕਦੇ ਆਪਣੇ ਹਲਕੇ ਲਈ ਕੰਮ ਕੀਤਾ ਅਤੇ ਨਾ ਹੀ ਅੰਮ੍ਰਿਤਸਰ ਲਈ ਕਦੇ ਅਵਾਜ਼ ਬੁ¦ਦ ਕੀਤੀ ਹੈ। ਇਸ ਮੌਕੇ ਸ਼੍ਰੀਮਤੀ ਬਾਦਲ ਨੇ ਬਠਿੰਡਾ ਜ਼ਿਲ੍ਹੇ ਦੇ 919 ਲਾਭਪਾਤਰੀਆਂ ਨੂੰ 3.33 ਕਰੋੜ ਰੁਪਏ ਦੀ ਪ੍ਰਵਾਨਗੀ ਪ੍ਰਧਾਨ ਮੰਤਰੀ ਮੁਦਰਾ ਬੈਂਕ ਯੋਜਨਾ ਤਹਿਤ ਵੰਡੀ ਗਈ, ਤਾਂ ਜੋ ਇਹ ਲਾਭਪਾਤਰੀ ਆਪਣਾ ਕੰਮ ਅਸਾਨ ਕਰਜ਼ਾ ਲੈ ਕੇ ਚਲਾ ਸਕਣ। ਇਸ ਮੌਕੇ ਇਨ੍ਹਾਂ ਨਾਲ ਮੁੱਖ ਪਾਰਲੀਮਾਨੀ ਸਕੱਤਰ ਸ਼੍ਰੀ ਸਰੂਪ ਚੰਦ ਸਿੰਗਲਾ, ਵਿਧਾਇਕ ਸ਼੍ਰੀ ਦਰਸ਼ਨ ਸਿੰਘ ਕੋਟਫੱਤਾ, ਓ.ਐਸ.ਡੀ. ਉਪ ਮੁੱਖ ਮੰਤਰੀ ਸ਼੍ਰੀ ਮੁਨੀਸ਼ ਕੁਮਾਰ ਅਤੇ ਸ਼੍ਰੀ ਹਰਿੰਦਰ ਸਿੰਘ ਸਰਾਂ, ਸਹਾਇਕ ਮੀਡੀਆ ਸਲਾਹਕਾਰ ਸ਼੍ਰੀ ਹਰਜਿੰਦਰ ਸਿੱਧੂ, ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ, ਐਸ.ਐਸ.ਪੀ. ਸ਼੍ਰੀ ਇੰਦਰ ਮੋਹਨ ਸਿੰਘ ਭੱਟੀ, ਬੀ.ਜੇ.ਪੀ. ਸ਼ਹਿਰੀ ਪ੍ਰਧਾਨ ਸ਼੍ਰੀ ਮੋਹਿਤ ਗੁਪਤਾ, ਅਕਾਲੀ ਦਲ ਪ੍ਰੈਸ ਸਕੱਤਰ ਡਾ. ਓਮ ਪ੍ਰਕਾਸ਼ ਸ਼ਰਮਾ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ। ਸ਼੍ਰੀਮਤੀ ਬਾਦਲ ਨੇ ਮਾਨਸਾ ਦੇ ਪਿੰਡ ਖੋਖਰ ਵਿਖੇ ਗਊਸ਼ਾਲਾ ਅਤੇ ਨਗਰ ਪੰਚਾਇਤ ਭੀਖੀ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਜ਼ਿਲ੍ਹਾ ਪੰਚਾਇਤ ਰਿਸ਼ੋਰਸ਼ ਕੇਂਦਰ ਦਾ ੳਦਘਾਟਨ ਪਿੰਡ ਖਿਆਲਾਂ ਕਲਾਂ ਵਿਖੇ ਕੀਤਾ।



