Skip to content
Independent perspectives. Global stories.
BREAKING

ਧਨੌਲਾ ’ਚ ਵਿਛਾਏ ਜਾ ਰਹੇ ਸੀਵਰੇਜ ਦੌਰਾਨ ਢਿੱਗਾਂ ਡਿੱਗਣ ਕਾਰਨ ਇੱਕ ਮਜ਼ਦੂਰ ਦੀ ਮੌਤ, ਦੋ ਗੰਭੀਰ ਜ਼ਖ਼ਮੀ

Share this story

ਧਨੌਲਾ, 19 ਸਤੰਬਰ (ਸਰਾਜ ਘਨੌਰ)- ਸਥਾਨਕ ਟੈਗੋਰ ਪਬਲਿਕ ਸਕੂਲ ਦੇ ਸਾਹਮਣੇ ਸੀਵਰੇਜ ਬੋਰਡ ਵੱਲੋਂ ਪਾਣੀ ਨਿਕਾਸੀ ਲਈ ਪਾਏ ਜਾ ਰਹੇ ਸੀਵਰੇਜ ਚੱਲ ਰਹੇ ਕੰਮ ਦੌਰਾਨ 12 ਵਜੇ ਦੇ ਕਰੀਬ ਅਚਾਨਕ ਮਿੱਟੀ ਦੀਆਂ ਢਿੱਗਾਂ ਡਿੱਗਣ ਕਾਰਨ ਇੱਕ ਮਜਦੂਰ ਦੀ ਮੌਤ ਹੋ ਗਈ। ਜਦੋਂ ਕਿ ਦੋ ਗੰਭੀਰ ਜਖ਼ਮੀ ਹੋ ਗਏ। ਇਸ ਮੌਕੇ ਇਕੱਤਰ ਲੋਕਾਂ ਅਤੇ ਪੁਲਿਸ ਦੀ ਮਦਦ ਨਾਲ ਢਿੱਗਾਂ ਹੇਠ ਦੱਬੇ ਮਜਦੂਰਾਂ ਨੂੰ ਮਿੱਟੀ ’ਚੋਂ ਬਾਹਰ ਕੱਢ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਮਜਦੂਰ ਸੇਵਕ ਸਿੰਘ (25), ਅੰਮ੍ਰਿਤ ਸਿੰਘ (20) ਦੇ ਪੱਟ ਟੁੱਟ ਜਾਣ ਅਤੇ ਅੰਦਰੂਨੀ ਸੱਟਾਂ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਜਦੋਂ ਕਿ ਇਹਨਾਂ ਦਾ ਤੀਸਰਾ ਸਾਥੀ ਬੇਅੰਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਘੁੰਨਸ ਦੀ ਮੌਤ ਹਸਪਤਾਲ ਵਿਖੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੀਵਰੇਜ ਬੋਰਡ ਬਰਨਾਲਾ ਵੱਲੋਂ 1 ਕਰੋੜ 94 ਲੱਖ ਦੀ ਲਾਗਤ ਧਨੌਲਾ ਮੰਡੀ ਅੰਦਰ ਗੰਦੇ ਪਾਣੀ ਦੀ ਨਿਕਾਸੀਲਈ ਸੀਵਰ ਵਿਛਾਇਆ ਜਾ ਰਿਹਾ ਸੀ। ਜਿਸਦਾ ਕੰਮ ਵਿਭ੍ਯਾਗ ਵੱਲੋਂ ਮਾਨਸਾ ਦੀ ਫ਼ਰਮ ਪ੍ਰਿਤਪਾਲ ਸਿੰਘ, ਬਲਦੇਵ ਸਿੰਘ ਐਂਡ ਕੰਪਨੀ ਨੂੰ ਸੌਂਪਿਆ ਗਿਆ ਹੈ। ਇਸ ਪਾਏ ਸੀਵਰੇਜ ਦੇ 16 ਫੁੱਟ ਡੂੰਘੇ ਟੋਏ ਵਿੱਚ ਤਿੰਨੇ ਮਜਦੂਰ ਪਾਇਪ ਪਾਉਣ ਦਾ ਕੰਮ ਕਰ ਰਹੇ ਸਨ। ਤਾਂ ਅਚਾਨਕ ਮਿੱਟੀ ਪੋਲ੍ਹੀ ਹੋਣ ਕਾਰਨ ਢਿੱਗਾਂ ਡਿੱਗਣੀਆਂ ਸ਼ੁਰੂ ਹੋ ਗਈਆਂ। ਤਿੰਨੇ ਮਜਦੂਰ ਮਿੱਟੀ ਹੇਠ ਦਬ ਗਏ। ਜਿੰਨ੍ਹਾਂ ਨੂੰ ਕੱਢਣ ਲਈ ਦੂਸਰੀ ਨਾਲ ਕੰਮ ਕਰ ਰਹੀ ਲੇਵਰ ਦੇ ਮਜਦੂਰਾਂ ਅਤੇ ਸਥਾਨਕ ਲੋਕਾਂ ਅਤੇ ਪੁਲਿਸ ਵੱਲੋਂ ਉਨ੍ਹਾਂ ਬੜੀ ਜੱਦੋਂ-ਜਹਿਦ ਤੋਂ ਬਾਹਰ ਕੱਢ ਲਿਆ ਗਿਆ। ਇਸ ਮੌਕੇ ਜਖ਼ਮੀ ਹੋਏ ਮਜਦੂਰਾਂ ਦਾ ਹਾਲ ਪੁੱਛਣ ਲਈ ਨਗਰ ਕੌਸਲ ਦੇ ਪ੍ਰਧਾਨ ਸ਼੍ਰੀ ਗੁਰਜੰਟ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਮੱਖਣ ਸਿੰਘ ਧਨੌਲਾ, ਸਰਕਲ ਪ੍ਰਧਾਨ ਬੀਰਇੰਦਰਪਾਲ ਸਿੰਘ ਲੱਕੀ, ਸੁਖਚਰਨ ਸਿੰਘ ਜਵੰਧਾ ਪੱਤੀ, ਮੁਨੀਸ਼ ਬਾਂਸਲ, ਸਾਬਕਾ ਕੌਂਸਲਰ ਚਰਨਜੀਤ ਮਿੱਤਲ ਨੇ ਮ੍ਰਿਤਕ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਅਤੇ ਜਖਮੀਆਂ ਦੇ ਇਲਾਜ ਲਈ ਸਹਾਇਤਾ ਕਰਨ ਦੀ ਮੰਗ ਕੀਤੀ। ਪੁਲਿਸ ਦੇ ਤਫ਼ਤੀਸ਼ੀ ਅਫ਼ਸਰ ਗੁਰਜੰਟ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਜਦੂਰ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸ਼ਾਂ ਹਵਾਲੇ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸਹਾਇਕ ਠੇਕੇਦਾਰ ਨੇ ਦੱਸਿਆ ਕਿ ਇਸ ਕੰਮ ਦੌਰਾਨ 15 ਮਜਦੂਰ ਕੰਮ ਕਰ ਰਹੇ ਸਨ ਪ੍ਰੰਤੂ ਚਲਦੇ ਕੰਮ ਦੌਰਾਨ ਅਚਾਨਕ ਢਿੱਗਾਂ ਡਿੱਗਣ ਕਾਰਨ 3 ਮਜਦੂਰ ਦਬ ਗਏ ਸਨ ਜਿਸ ਵਿੱਚ ਇੱਕ ਦੀ ਮੌਤ ਹੋ ਗਈ ਅਤੇ ਦੋ ਜਖ਼ਮੀ ਹਨ। ਜਿੰਨ੍ਹਾਂ ਦਾ ਇਲਾਜ ਫਰਮ ਵੱਲੋਂ ਆਪਣੇ ਪੱਧਰ ’ਤੇ ਕਰਵਾਇਆ ਜਾ ਰਿਹਾ ਹੈ। ਮ੍ਰਿਤਕ ਦੇ ਵਾਰਸਾਂ ਨੂੰ ਮਾਲੀ ਸਹਾਇਤਾ ਦੇਣ ਲਈ ਗੱਲਬਾਤ ਜਾਰੀ ਹੈ। ਉਧਰ ਐਸ.ਡੀ.ਓ ਸੀਵਰੇਜ ਬੋਰਡ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਇਹ ਕੰਮ ਠੇਕਾ ਅਧਾਰ ’ਤੇ ਕਰਵਾਇਆ ਜਾ ਰਿਹਾ ਸੀ ਉਨ੍ਹਾਂ ਅਫ਼ਸੋਸ ਜਾਹਿਰ ਕਰਦਿਆ ਕਿਹਾ ਕਿ ਇਸ ਮੰਦਭਾਗੀ ਘਟਨਾ ਵਿੱਚ ਵਿਭਾਗ ਉਨ੍ਹਾਂ ਨਾਲ ਖੜ੍ਹਾ ਹੈ।

WRITTEN BY