ਅੰਮ੍ਰਿਤਸਰ, 18 ਸਤੰਬਰ (ਦਵਾਰਕਾ ਨਾਥ ਰਾਣਾ)- ਦੋ ਭਾਈਵਾਲਾਂ ਵੱਲੋਂ ਚਲਾਏ ਜਾ ਰਹੇ ਇਕ ਨਿੱਜੀ ਹਸਪਤਾਲ ਨੂੰ ਦੂਸਰੇ ਭਾਈਵਾਲ ਨੇ ਆਪਣੇ 50-60 ਹਥਿਆਰਬੰਦ ਸਾਥੀਆਂ ਦੇ ਨਾਲ ਜ਼ਬਰਦਸਤੀ ਜੰਦਰੇ ਮਾਰ ਕੇ ਉਸ ’ਤੇ ਆਪਣਾ ਕਬਜ਼ਾ ਕਰ ਲਿਆ। ਜਦੋਂ ਇਸ ਦੀ ਜਾਣਕਾਰੀ ਇਕ ਧਿਰ ਦੇ ਮੁਖੀ ਮਨਜੀਤ ਸਿੰਘ ਦੇ ਲੜਕੇ ਹਰਮਨਜੀਤ ਸਿੰਘ ਅਤੇ ਨਰਿਦਰ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਸਵੰਤ ਸਿੰਘ ਵਾਸੀ ਮਜੀਠਾ ਦੇ ਨਾਲ ਸਾਡੇ ਪਿਤਾ ਜੀ ਨੇ ਭਾਈਵਾਲੀ ’ਤੇ ਰਲ ਕੇ ਇਹ ਹਸਪਤਾਲ ਬਣਾਇਆ ਸੀ ਅਤੇ ਜਸਵੰਤ ਸਿੰਘ ਨੇ ਅਧੇ ਹਿਸੇ ਦੀ ਥਾਂ ’ਤੇ ਰਜਿਸਟਰੀ ਕਰਵਾ ਲਈ ਹੈ ਅਤੇ ਜਸਵੰਤ ਸਿੰਘ ਸਾਰੇ ਹਸਪਤਾਲ ’ਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਜ਼ਬਰਦਸਤੀ ਹਸਪਤਾਲ ਨੂੰ ਜੰਦਰੇ ਮਾਰ ਕੇ ਆਪਣਾ ਕਬਜ਼ਾ ਕਰ ਲਿਆ। ਜਿਸ ਦੀ ਜਾਣਕਾਰੀ ਪੁਲਿਸ ਨੂੰ ਦੇਕੇ ਰਿਪੋਰਟ ਲਿਖਣ ਨੂੰ ਕਿਹਾ ਤਾਂ ਪੁਲਿਸ ਨੇ ਰਿਪੋਰਟ ਲਿਖਣ ਤੋਂ ਇਨਕਾਰ ਕਰ ਦਿੱਤਾ ਤਾਂ ਸਾਨੂੰ ਮਜਬੂਰ ਹੋ ਕੇ ਇਹ ਕਦਮ ਚੁੱਕਣਾ ਪਿਆ। ਇਸ ਮੌਕੇ ’ਤੇ ਯੂਥ
ਅਕਾਲੀ ਦਲ ਦੇ ਨੀਰਜ਼ ਸ਼ਰਮਾ ਨੇ ਦੱਸਿਆ ਕਿ ਜਦੋਂ ਅਸੀਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਪੁਲਿਸ ਨੇ ਕੋਈ ਕਰਵਾਈ ਨਹੀਂ ਕੀਤੀ, ਤਾਂ ਮਜਬੂਰ ਹੋ ਕੇ ਸਾਨੂੰ ਪੁਲਿਸ ਦੀਆਂ ਅੱਖਾਂ ਖੋਲ੍ਹਣ ਵਾਸਤੇ ਰੋਡ ਬੰਦ ਕਰਨਾ ਪਿਆ। ਉਨ੍ਹਾਂ ਕਿਹਾ ਕਿ ਜਦ ਤਕ ਪੁਲਿਸ ਦੋਸ਼ੀਆਂ ਦੇ ਖ਼ਿਲਾਫ ਕਾਨੂੰਨੀ ਕਾਰਵਾਈ ਨਹੀਂ ਕਰੇਗੀ ਤਦ ਤਕ ਸਾਡਾ ਇਹ ਧਰਨਾ ਖਤਮ ਨਹੀਂ ਹੋਵੇਗਾ। ਇਸ ਮੌਕੇ ’ਤੇ ਜਦ ਜਸਵੰਤ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਆਖਿਆ ਕਿ ਕੁਝ ਲੋਕਾਂ ਨੂੰ ਹਸਪਤਾਲ ਦੀ ਰਾਖੀ ਲਈ ਰਖਿਆ ਹੋਇਆ ਸੀ ਪਰ ਉਨ੍ਹਾਂ ਦੀਆਂ ਗਲਤ ਹਰਕਤਾਂ ਕਰਕੇ ਹਸਪਤਾਲ ਨੂੰ ਜਿੰਦਰਾ ਮਾਰਿਆ ਗਿਆ ਹੈ। ਇਸ ਮੌਕੇ ’ਤੇ ਥਾਣਾ ਸਦਰ ਦੇ ਮੁਖੀ ਸੰਜੀਵ ਸ਼ਰਮਾ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਰਿਪੋਰਟ ਦਰਜ ਕਰ ਲਈ ਹੈ ਅਤੇ ਤਫ਼ਤੀਸ਼ ਕਰਕੇ ਜਿਹੜਾ ਵੀ ਦੋਸ਼ੀ ਹੋਵੇਗਾ ਉਸ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।



