ਭਵਾਨੀਗੜ੍ਹ, 18 ਸਤੰਬਰ (ਇਕਬਾਲ ਬਾਲੀ, ਕ੍ਰਿਸ਼ਨ ਗਰਗ)-ਅੱਜ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਵਲੋਂ ਪੱਲੇਦਾਰਾਂ ਦੀ 5 ਮਹੀਨੇ ਤੋਂ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਅੱਜ ਥਾਣਾ ਭਵਾਨੀਗੜ੍ਹ ਦਾ ਘੇਰਾਓ ਕਰਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਅਤੇ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਹਮੀਰ ਸਿੰਘ ਮਾਝੀ, ਹਰੀਦੇਵ ਸਿੰਘ, ਹਰਮੇਸ਼ ਸਿੰਘ, ਜਸਵੀਰ ਸਿੰਘ, ਚਰਨ ਸਿੰਘ, ਨਛੱਤਰ ਸਿੰਘ, ਸੁਰਜੀਤ ਸਿੰਘ, ਸੁਖਦੇਵ ਸਿੰਘ, ਕੇਬਲ ਸਿੰਘ ਅਤੇ ਰੋਹੀ ਸਿੰਘ ਨੇ ਦੱਸਿਆ ਕਿ ਪੱਲੇਦਾਰਾਂ ਨੇ ਰੋਸ ਪ੍ਰਗਟਾਇਆ ਪੁਲੀਸ ਬੀਤੀ ਰਾਤ ਧੱਕੇ ਨਾਲ ਪੱਲੇਦਾਰ ਆਗੂਆਂ ਨੂੰ ਰਾਤਾਂ ਨੂੰ ਘਰਾਂ ਵਿਚੋਂ ਚੁੱਕਿਆ ਜਾ ਰਿਹਾ ਹੈ, ਸੰਗਰੂਰ ਭੁੱਖ ਹੜਤਾਲ ਤੇ ਬੈਠੇ ਪੱਲੇਦਾਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਹਾੜੀ ਦੇ ਸੀਜਨ ਦੀ ਅਦਾਇਗੀ ਨਾ ਹੋਣ ਕਾਰਨ ਉਨ੍ਹਾਂ ਦੇ ਪਰਿਵਾਰ ਭੁੱਖ ਮਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਫੀਸਾਂ ਨਾ ਭਰਨ ਕਾਰਨ ਸਕੂਲ ਨਹੀਂ ਜਾ ਸਕਦੇ ਅਤੇ ਵਿਹਲੇ ਫਿਰ ਰਹੇ ਹਨ। ਮਾਸਟਰ ਤੇਲੂ ਰਾਮ ਜਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਲਗਾਏ ਧਰਨੇ ਵਿਚ ਆਗੂਆਂ ਨੇ ਦੱਸਿਆ ਕਿ ਪੁਲੀਸ ਰਾਮਪਾਲ ਮੂਨਕ,
ਕਰਨੈਲ ਸਿੰਘ ਤੋਂ ਇਲਾਵਾ ਭੁੱਖ ਹੜਤਾਲ ਤੋਂ ਵੀ ਆਗੂਆਂ ਨੂੰ ਧੱਕੇ ਨਾਲ ਚੁੱਕ ਲਿਆ। ਉਨ੍ਹਾਂ ਮੰਗ ਕੀਤੀ ਕਿ ਗ੍ਰਿਫਤਾਰ ਕੀਤੇ ਆਗੂਆਂ ਨੂੰ ਜਲਦੀ ਰਿਹਾਅ ਕੀਤੇ ਜਾਵੇ ਅਤੇ ਉਨ੍ਹਾਂ ਦੀ ਹਾੜੀ ਦੇ ਸੀਜਨ ਦੀ ਅਦਾਇਗੀ ਕੀਤੀ ਜਾਵੇ ਨਹੀਂ ਤਾਂ ਪੰਜਾਬ ਸਰਕਾਰ ਖਿਲਾਫ ਪਰਿਵਾਰਾਂ ਸਮੇਤ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਾ ਪਵੇਗਾ। ਸਾਲ 2015-16 ਦੇ ਕਣਕ ਦੇ ਸੀਜਨ ਦੇ ਕੰਮ ਦੀ ਪੰਜਾਬ ਸਰਕਾਰ ਅਤੇ ਫੂਡ ਏਜੰਸੀਆਂ ਵਲੋਂ ਪੇਮਿੰਟ ਨਾ ਕਰਨ ਸਬੰਧੀ ਅਤੇ ਮਿਤੀ 26.04.2015 ਨੂੰ ਉਚ ਅਧਿਕਾਰੀਆ ਨਾਲ ਬੇਸਕ ਰੇਟ ਉਪਰ ਵਾਧਾ 132ਫੀਸਦੀ ਦੇਣ ਲਈ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨਾਂ ਨਾਲ ਸਮਝੌਤਾ ਕੀਤਾ ਗਿਆ ਸੀ, ਪਰ ਅੱਜ ਕੰਮ ਕੀਤੇ ਨੂੰ 5 ਮਹੀਨੇ ਬੀਤ ਚੁੱਕੇ ਹਨ ਪਰ ਪੰਜਾਬ ਸਰਕਾਰ ਅਤੇ ਫੂਡ ਏਜੰਸੀਆ ਵਲੋਂ ਪੰਜਾਬ ਪੱਲੇਦਾਰ ਮਜ਼ਦੂਰ ਯੂਨੀਅਨਾਂ ਨੂੰ ਕੀਤੇ ਗਏ ਕੰਮਾਂ ਦੀਆਂ ਅਦਾਇਗੀਆਂ ਨਹੀਂ ਕੀਤੀਆਂ ਗਈਆਂ ਜਿਸ ਕਾਰਨ ਪੱਲੇਦਾਰ ਯੂਨੀਅਨਾਂ ਵਿਚ ਭਾਰੀ ਰੋਸ ਪਾਇਆ ਗਿਆ ਅਤੇ ਪੱਲੇਦਾਰ ਯੂਨੀਅਨਾਂ ਦੇ ਬੱਚੇ ਪੁੱਖ ਮਰੀ ਦਾ ਸ਼ਿਕਾਰ ਤੇ ਸਾਰੇ ਹੀ ਬਾਕੀ ਕੰਮਕਾਰ ਠੱਪ ਹੋਏ ਪਏ ਹਨ। ਪੰਜਾਬ ਸਰਕਾਰ ਵਲੋਂ ਹਰ ਰੋਜ ਟੈਂਡਰਾਂ ਦੇ ਨਵੇਂ ਫਾਰਮੁੱਲੇ ਛੱਡੇ ਜਾਂਦੇ ਹਨ ਅਤੇ ਫੂਡ ਏਜੰਸੀਆਂ ਵਿਚ ਟੈਂਡਰ ਪਵਾਕੇ ਯੂਨੀਅਨਾਂ ਨਾਲ ਠੇਕੇਦਾਰਾਂ ਨੂੰ ਲੜਾਇਆ ਜਾ ਰਿਹਾ ਹੈ ਪਰ ਸਰਕਾਰ ਵਲੋਂ ਪੰਜਾਬ ਪ੍ਰਦੇਸ਼ ਮਜ਼ਦੂਰ ਯੂਨੀਅਨਾਂ ਨਾਲ ਕੀਤੇ 26.04.2015 ਨੂੰ ਸਮਝੌਤੇ ਨੂੰ ਲਾਗੂ ਕਰਨ ਦੀ ਬਜਾਏ ਯੂਨੀਅਨਾਂ ਉਤੇ ਝੂਠੇ ਪਰਚੇ ਪਵਾਕੇ ਉਨ੍ਹਾਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅਤੇ ਗ੍ਰਿਫਤਾਰ ਕੀਤੇ ਜਿਲ੍ਹਾ ਕਮੇਟੀ ਦੇ ਵਰਕਰਾਂ ਨੂੰ ਬਹਾਲ ਕਰਨ ਲਈ ਅਤੇ ਪੇਮਿੰਟ ਨਾ ਮਿਲਣ ਦੇ ਰੋਸ ਵਜੋਂ ਸਾਰੇ ਭਵਾਲੀਗੜ੍ਹ ਸ਼ਹਿਰ ਵਿਚ ਰੋਸ ਰੈਲੀ ਕੀਤੀ ਗਈ ਅਤੇ ਇਹ ਦੱਸਣਯੋਗ ਹੈ ਕਿ ਯੂਨੀਅਨਾਂ ਦਾ ਇਹ ਸਾਰਾ ਮਾਮਲਾ ਮਾਣਯੋਗ ਹਾਈਕੋਰਟ ਵਿਚ ਪੁੱਜ ਗਿਆ, ਜਿਸਦੀ ਯੂਨੀਅਨਾਂ ਨੂੰ 5 ਅਕਤੂਬਰ ਦੀ ਤਾਰੀਖ ਲੱਗੀ ਹੈ, ਜੇਕਰ ਗ੍ਰਿਫਤਾਰ ਕੀਤੇ ਮਜ਼ਦੂਰ ਸਾਥੀ ਰਿਹਾਅ ਨਾ ਕੀਤੇ ਤਾਂ ਯੂਨੀਅਨਾਂ ਵਲੋਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਕਾਂਗਰਸੀ ਆਗੂ ਵਰਿੰਦਰ ਪੰਨਵਾਂ ਅਤੇ ਰਾਂਝਾ ਸਿੰਘ ਖੇੜੀ ਚੰਦਵਾਂ ਵੀ ਹਾਜ਼ਰ ਸਨ।



