ਜਲੰਧਰ/ਚੰਡੀਗੜ੍ਹ, 14 ਸਤੰਬਰ-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਕਿਸਾਨਾਂ ਲਈ 10 ਕਰੋੜ ਰੁਪਏ ਦੇ ਮੁਆਵਜੇ ਦਾ ਭੁਗਤਾਨ ਕਰਨ ਲਈ ਤੁਰੰਤ 10 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੂੰ ਚਿੱਟੀ ਮੱਖੀ ਦੇ ਹਮਲੇ ਦੇ ਕਾਰਨ ਆਪਣੀ ਨਰਮੇ ਦੀ ਫਸਲ ਵਾਹੁਣੀ ਪਈ ਹੈ। ਮਾਲਵਾ ਪੱਟੀ ਦੇ ਛੇ ਜਿਲ੍ਹਿਆਂ ਵਿੱਚ ਚਿੱਟੀ ਮੱਖੀ ਦੇ ਹੋਏ ਹਮਲੇ ਦੇ ਕਾਰਨ ਵਾਹਿਆ ਗਿਆ ਇਹ ਰਕਬਾ 11,780 ਏਕੜ ਬਣਦਾ ਹੈ। ਇਹ ਫੈਸਲਾ ਸ. ਬਾਦਲ ਨੇ ਭਾਰਤੀ ਕਿਸਾਨ ਯੂਨੀਅਨ (ਸਿੱਧਪੁਰ) ਦੇ ਵਫਦ ਨਾਲ ਹੋਈ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਜੋ ਆਪਣੇ ਪ੍ਰਧਾਨ ਸ਼੍ਰੀ ਪਿਸ਼ੌਰਾ ਸਿੰਘ ਦੀ ਅਗਵਾਈ ਵਿੱਚ ਅੱਜ ਦੁਪਹਿਰ ਉਨ੍ਹਾਂ ਨਾਲ ਮੀਟਿੰਗ ਕਰਲ ਲਈ ਪੰਜਾਬ ਭਵਨ ਵਿਖੇ ਆਇਆ ਸੀ। ਮੀਟਿੰਗ ਦੌਰਾਨ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਸ. ਬਾਦਲ ਨੂੰ ਦੱਸਿਆ ਕਿ ਚਿੱਟੀ ਮੱਖੀ ਦੇ ਖਰਬੇ ਕਾਰਨ ਕਿਸਾਨਾਂ ਵੱਲੋਂ 11,780 ਏਕੜ ਫਸਲ ਵਾਹੀ ਗਈ ਹੈ ਜਿਸ ਵਿੱਚੋਂ ਸ੍ਰੀ ਮੁਕਤਸਰ ਜਿਲ੍ਹੇ ਵਿੱਚ 5000 ਏਕੜ, ਫਾਜਿਲਕਾ ਵਿੱਚ 3727 ਏਕੜ, ਬਠਿੰਡਾ ਵਿੱਚ 2090, ਮਾਨਸਾ ਵਿੱਚ 539 ਏਕੜ, ਫਰੀਦਕੋਟ ਵਿੱਚ 398 ਏਕੜ ਅਤੇ ਬਰਨਾਲਾ ਜਿਲ੍ਹੇ ਵਿੱਚ 26 ਏਕੜ ਫਸਲ ਵਾਹੀ ਗਈ ਹੈ। ਵਫਦ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਨਰਮਾ ਉਤਪਾਦਕਾਂ ਨੂੰ ਭਰੋਸਾ ਦੁਆਇਆ ਕਿ ਚਿੱਟੀ ਮੱਖੀ ਦੇ ਕਾਰਨ ਹੋਏ ਨੁਕਸਾਨ ਦੇ ਲਈ ਉਨ੍ਹਾਂ ਨੂੰ ਢੁਕਵਾਂ ਮੁਆਵਜਾ ਦਿੱਤਾ ਜਾਵੇਗਾ। ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਉਨ੍ਹਾਂ ਕਿਸਾਨਾਂ ਨੂੰ ਸੰਕਟ ਵਿੱਚੋਂ ਬਾਹਰ ਕੱਢਣ ਲਈ ਫੈਸਲਾ ਲਿਆ ਹੈ ਜਿਨ੍ਹਾਂ ਨੂੰ ਚਿੱਟੀ ਮੱਖੀ ਦੇ ਹਮਲੇ ਕਾਰਨ ਆਪਣੀ ਫਸਲੀ ਵਾਹੁਣੀ ਪਈ ਹੈ। ਚਿੱਟੀ ਮੱਖੀ ਦੇ ਕਾਰਨ ਖੜ੍ਹੀ ਫਸਲ ਨੂੰ ਹੋਏ ਨੁਕਸਾਨ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਮਾਲ ਵਿਭਾਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਮਾਲਵਾ ਪੱਟੀ ਵਿੱਚ ਅਗਲੇ 10 ਦਿਨਾਂ ਵਿੱਚ ਗਿਰਦਾਵਰੀ ਦੀ ਸਮੁੱਚੀ ਪ੍ਰਕਿਰਿਆ ਖਤਮ ਕਰਨ ਲਈ ਆਖਿਆ ਹੈ ਜੋ ਕਿ ਪਹਿਲਾਂ ਹੀ ਪਿਛਲੇ 7 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ। ਇੱਕ ਹੋਰ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਮੁੱਖ ਮੰਤਰੀ ਨੇ ਮਾਲ ਵਿਭਾਗ ਨੂੰ ਗੁਆਰ ਅਤੇ ਸਬਜੀਆਂ ਵਰਗੀਆਂ ਹੋਰ ਫਸਲਾਂ ਲਈ ਵੀ ਮੁਆਵਜਾ ਦੇਣ ਵਾਸਤੇ ਨਰਮੇ ਦੀ ਤਰਜ ’ਤੇ ਇਨ੍ਹਾਂ ਨੂੰ ਵੀ ਆਪਣੇ ਕਾਰਜ ਹੇਠ ਲਿਆਉਣ ਲਈ ਆਖਿਆ ਹੈ ਕਿਉਂਕਿ ਚਿੱਟੀ ਮੱਖੀ ਦੇ ਹਮਲੇ ਕਾਰਨ ਇਨ੍ਹਾਂ ’ਤੇ ਵੀ ਬੁਰਾ ਪ੍ਰਭਾਵ ਪਿਆ ਹੈ। ਕਿਸਾਨਾਂ ਵੱਲੋਂ ਉਠਾਏ ਗਏ ਇਤਰਾਜ਼ਾਂ ਦੇ ਨਿਬੇੜੇ ਦੇ ਸਬੰਧ ਵਿੱਚ ਮਾਲ ਵਿਭਾਗ ਦੇ ਅਧਿਕਾਰੀ ਇਸ ਮਹੀਨੇ ਦੇ ਆਖੀਰ ਵਿੱਚ ਆਉਣ ਵਾਲੀ ਰਿਪੋਰਟ ਦੇ ਅਨੁਮਾਨ ਦੇ ਅਨੁਸਾਰ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜੇ ਦੀ ਰਾਸ਼ੀ ਜਾਰੀ ਕਰਨਗੇ। ਮੁੱਖ ਮੰਤਰੀ ਨੇ ਮਾਲ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਹਾਲਤਾਂ ਵਿੱਚ ਜ਼ਮੀਨ ਦੇ ਮਾਲਕਾਂ ਵੱਲੋਂ ਜ਼ਮੀਨ ਠੇਕੇ ’ਤੇ ਦਿੱਤੀ ਗਈ ਹੈ ਉਸ ਸ਼ਕਲ ਵਿੱਚ ਭੁਗਤਾਨ ਸਿੱਧਾ ਕਾਸ਼ਤਕਾਰ ਨੂੰ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਭੁਗਤਾਨ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਲ ਨਾ ਆਵੇ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਕਿਸਾਨਾਂ ਨੂੰ ਜਾਅਲੀ ਕੀਟਨਾਸ਼ਕ ਅਤੇ ਨਦੀਨਨਾਸ਼ਕ ਸਪਲਾਈ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਸਬੰਧ ਵਿੱਚ ਕਿਸੇ ਨੂੰ ਵੀ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਵਫਦ ਨੂੰ ਦੱਸਿਆ ਕਿ ਸੂਬਾ ਪੁਲਿਸ ਵਿਭਾਗ ਨੇ ਪਹਿਲਾਂ ਹੀ ਮਾਲਵਾ ਪੱਟੀ ਵਿੱਚ ਘਟੀਆ ਕੀਟਨਾਸ਼ਕਾਂ ਦੇ 208 ਸੈਂਪਲ ਲੈ ਲਏ ਹਨ ਅਤੇ ਜਾਂਚ ਤੋਂ ਬਾਅਦ ਦੋਸ਼ੀਆਂ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵਗੀ। ਉਨ੍ਹਾਂ ਨੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਤਰੁੰਤ ਉਨ੍ਹਾਂ ਡੀਲਰਾਂ ਵਿਰੁੱਧ ਢੁਕਵੀਂ ਕਾਰਵਾਈ ਕਰਨ ਲਈ ਕਿਹਾ ਹੈ ਜੋ ਜਾਂਚ ਜਾ ਪੁਲਸ ਕਾਰਵਾਈ ਤੋਂ ਬਚਣ ਲਈ ਨੇੜੇ ਦੀਆਂ ਨਹਿਰਾਂ ਵਿੱਚ ਵੱਡੀ ਮਾਤਰਾ ਵਿੱਚ ਜਾਅਲੀ ਕੀਟਨਾਸ਼ਕਾਂ ਨੂੰ ਵਹਾਅ ਰਹੇ ਹਨ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਨਰਮੇ ਅਤੇ ਹੋਰ ਫਸਲਾਂ ਦੇ ਨਾਲ ਜਾਅਲੀ ਦੁਆਈ ਨਾਲ ਖੇਡ ਖੇਡਣ ਵਾਲੇ ਇਨ੍ਹਾਂ ਡੀਲਰਾਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ। ਕਿਸਾਨਾਂ ਦੇ ਵਫਦ ਦੀ ਇੱਕ ਹੋਰ ਮੰਗ ਨੂੰ ਪ੍ਰਵਾਨ ਕਰਦੇ ਹੋਏ ਮੁੱਖ ਮੰਤਰੀ ਨੇ ਖੇਤੀਬਾੜੀ ਅਤੇ ਬਿਜਲੀ ਵਿਭਾਗ ਨੂੰ ਰਾਸ਼ਟਰੀ ਗਰੀਨ ਟਰਬਿਊਨਲ ਦੇ ਫੈਸਲੇ ਦੇ ਸੰਦਰਭ ਵਿੱਚ ਨਵੇਂ ਟਿਊਬਵੈਨ ਕੁਨੈਕਸ਼ਨ ਜਾਰੀ ਕਰਨ ਲਈ ਕਾਰਵਾਈ ਸ਼ੁਰੂ ਕਰਨ ਵਾਸਤੇ ਲੋੜੀਂਦੇ ਨੋਟੀਫਿਕੇਸ਼ਨ ਜਾਰੀ ਕਰਨ ਲਈ ਆਖਿਆ ਹੈ ਤਾਂ ਜੋ ਆਉਂਦੀ ਹਾੜ੍ਹੀ ਦੀ ਬਿਜਾਈ ਤੋਂ ਪਹਿਲਾਂ ਹੀ ਯੋਗ ਬਿਨੇਕਾਰਾਂ ਨੂੰ ਕੁਨੈਕਸਨ ਜਾਰੀ ਕੀਤੇ ਜਾ ਸਕਣ। ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ, ਵਧੀਕ ਮੁੱਖ ਸਕੱਤਰ ਵਿਕਾਸ ਸ੍ਰੀ ਸੁਰੇਸ਼ ਕੁਮਾਰ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ਼੍ਰੀ ਐਸ. ਕੇ. ਸੰਧੂ, ਸਕੱਤਰ ਬਿਜਲੀ ਸ੍ਰੀ ਵੇਨੂ ਪ੍ਰਸਾਦ , ਸਕੱਤਰ ਮਾਲ ਸ੍ਰੀ ਸਮੀਰ ਕੁਮਾਰ, ਚੇਅਰਮੈਨ ਪੰਜਾਬ ਰਾਜ ਬਿਜਲੀ ਕਾਰਪਰੇਸ਼ਨ ਸ੍ਰੀ ਕੇ.ਡੀ.ਚੌਧਰੀ, ਸਕੱਤਰ ਖਰਚਾ ਸ੍ਰੀ ਜਸਪਾਲ ਸਿੰਘ, ਡਾਇਰੈਕਟਰ ਖੇਤੀਬਾੜੀ ਸ੍ਰੀ ਮੰਗਲ ਸਿੰਘ ਸੰਧੂ ਅਤੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਸ੍ਰੀ ਆਈ ਪੀ ਐਸ ਸਹੋਤਾ ਸ਼ਾਮਲ ਸਨ।



