ਸ਼ਾਹਕੋਟ 11 ਸਤੰਬਰ (ਸੁਰਿੰਦਰ ਸਿੰਘ ਪਦਮ)- ਲੋੜਵੰਦਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ, ਪੰਚਾਇਤੀ ਜਮੀਨਾਂ ’ਚੋਂ ਤੀਜੇ ਹਿੱਸੇ ਦੀ ਦਲਿਤਾਂ ਨੂੰ ਜ਼ਮੀਨ ਅਤੇ ਲੈਂਡ ਸੀਲਿੰਗ ਤੋਂ ਉਪਰਲੀਆਂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ-ਕਿਸਾਨਾਂ ’ਚ ਨਾ ਵੰਡਣ ਦੇ ਰੋਸ ਵਜੋਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਇਕੱਠੇ ਹੋਏ ਕਿਰਤੀਆਂ ਕਾਮਿਆਂ ਨੇ ਸ਼ਾਹਕੋਟ ਨੇੜਲੇ ਪਿੰਡ ਪਰਜੀਆਂ ਕਲਾਂ ਅਤੇ ਮੂਲੇਵਾਲ ਬ੍ਰਾਹਮਣਾ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ 22 ਸਤੰਬਰ ਨੂੰ ਹੂਟਰ ਮਾਰਦੀਆਂ ਗੱਡੀਆਂ ਸਮੇਤ 12 ਵਜੇ ਤੋਂ 2 ਵਜੇ ਤੱਕ ਰਾਜ ਭਰ ਵਿੱਚ ਚੱਕਾ ਜਾਮ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੱਖ ਵੱਖ ਪਿੰਡਾਂ ਪਰਜੀਆਂ ਕਲਾਂ, ਪਰਜੀਆਂ ਖੁਰਦ, ਖਜੂਰ, ਦਸ਼ਮੇਸ਼ ਨਗਰ, ਨਾਰੰਗਪੁਰ ਅਤੇ ਗੇਹਲੜਾਂ ਨਾਲ ਸੰਬੰਧਤ ਇਹ ਮਜ਼ਦੂਰ ਪਿੰਡ ਪਰਜੀਆਂ ਖੁਰਦ ਅਤੇ ਪਿੰਡ ਮੂਲੇਵਾਲ ਖਹਿਰਾ, ਮੂਲੇਵਾਲ ਅਰਾਈਆਂ ਅਤੇ ਮੂਲੇਵਾਲ ਬ੍ਰਾਹਮਣਾ ਨਾਲ ਸੰਬੰਧਤ ਮਜ਼ੂਦਰ ਮੂਲੇਵਾਲਬ੍ਰਾਹਮਣਾ ਵਿਖੇ ਇਕੱਠੇ ਹੋਏ, ਜਿੱਥੇ ਕੋਆਪ੍ਰੇਟਿਵ ਸੁਸਾਇਟੀਆਂ ਅੱਗੇ ਧਰਨੇ ਦੇ ਕੇ ਸੁਸਾਇਟੀਆਂ ਵਿੱਚ ਦਲਿਤਾਂ ਨਾਲ ਜਾਤੀ ਵਿਤਕਰਾ ਕਰਨ ਕਾਰਨ ਦਲਿਤਾਂ ਦੇ ਸੁਸਾਇਟੀਆਂ ਵਿੱਚ ਹਿੱਸੇ ਪਾ ਕੇ ਬਿਨ ਵਿਆਜ ਤੋਂ ਮਿਲਣ ਵਾਲੇ ਕਰਜ਼ੇ ਨਾ ਦੇਣ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਓਥੋਂ ਰੋਹ ਭਰਿਆ ਪ੍ਰਦਰਸ਼ਨ ਕਰਦੇ ਹੋਏ ਪਰਜੀਆਂ ਕਲਾਂ ਅਤੇ ਮੂਲੇਵਾਲ ਬ੍ਰਾਹਮਣਾ ਵਿਖੇ ਪ੍ਰਦਰਸ਼ਨ ਕਰਕੇ ਮਜ਼ਦੂਰ ਵਿਰੋਧੀ ਬਾਦਲ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਮਜ਼ਦੂਰ ਆਗੂਆਂ ਨੇ ਇਕੱਠੇ ਹੋਏ ਕਿਰਤੀ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮੇਂ ਦੇ ਹਾਕਮ ਦੇਸੀ-ਵਿਦੇਸ਼ੀ ਕੰਪਨੀਆਂ ਅਤੇ ਜਗੀਰਦਾਰਾਂ ਦੇ ਸੇਵਾਦਾਰਾਂ ਵਜੋਂ ਵਿਚਰ ਰਹੇ ਹਨ ਤੇ ਇਹਨਾਂ ਪੱਖੀ ਨੀਤੀਆਂ ਲਾਗੂ ਕਰ ਰਹੇ ਹਨ। ਮਜ਼ਦੂਰ ਵਰਗ ਨੂੰ ਲਾਰਿਆਂ-ਵਾਅਦਿਆਂ ਨਾਲ ਹੀ ਵਰਚਾ ਰਹੇ ਹਨ। ਉਹਨਾਂ ਕਿਹਾ ਕਿ ਭੂਮੀ ਸੁਧਾਰਾਂ ਵਰਗੇ ਕਾਨੂੰਨਾਂ ਦੇ ਬਾਵਜੂਦ ਬੇਜ਼ਮੀਨੇ ਲੋਕਾਂ ਨੂੰ ਉਹਨਾਂ ਦੇ ਹਿੱਸੇ ਦੀਆਂ ਜ਼ਮੀਨਾਂ ਅਤੇ ਲੋੜ ਅਨੁਸਾਰ ਰੁਜ਼ਗਾਰ ਦੇਣ ਦੀ ਥਾਂ ਆਟੇ ਦਾਲ ਦੇ ਕਾਰਡਾਂ ਤੱਕ ਹੀ ਸੀਮਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਵਿੱਚ ਵੀ ਵਿਤਕਰਾ ਕਰਦਿਆਂ ਅਸਲ ਲੋੜਵੰਦਾਂ ਨੂੰ ਇਹ ਸਹੂਲਤ ਦੇਣ ਦੀ ਥਾਂ ਸਰਦੇ ਪੁੱਜਦੇ ਲੋਕਾਂ ਨੂੰ ਖੁਸ਼ ਕੀਤਾ ਜਾ ਰਿਹਾ ਹੈ। ਮਨਰੇਗਾ ਵਰਗੇ ਗਾਰੰਟੀ ਕਾਨੂੰਨ ਵੀ ਸਮੱਸਿਆ ਦਾ ਹੱਲ ਨਹੀਂ। ਉਹਨਾਂ ਮਜ਼ਦੂਰਾਂ ਨੂੰ ਜਥੇਬੰਦ ਹੋ ਕੇ ਸਮਾਜ ਵਿੱਚ ਬਣਦੇ ਮਾਣ ਸਨਮਾਨ ਅਤੇ ਆਪਣੇ ਹਿੱਸੇ ਦੀ ਜ਼ਮੀਨ ਜਾਇਦਾਦ ਲਈ ਤਿੱਖਾ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਹੋਰਨਾਂ ਤੋਂ ਇਲਾਵਾ ਇੱਕਠ ਨੂੰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਕਸ਼ਮੀਰ ਸਿੰਘ ਘੁੱਗਸ਼ੋਰ, ਗੁਰਬਖਸ਼ ਕੌਰ ਸਾਦਿਕਪੁਰ, ਗੁਰਚਰਨ ਸਿੰਘ ਅਟਵਾਲ, ਪਰਮਜੀਤ ਸਾਰੰਗਵਾਲ, ਗਿਆਨੋ, ਬੰਸੋ ਅਤੇ ਇਸਤਰੀ ਜਾਗ੍ਰਤੀ ਮੰਚ ਦੀ ਸੂਬਾ ਆਗੂ ਅਨੀਤਾ ਸੰਧੂ ਆਦਿ ਨੇ ਵੀ ਸੰਬੋਧਨ ਕੀਤਾ।



