Skip to content
Independent perspectives. Global stories.
BREAKING

ਬਾਦਲ ਵੱਲੋਂ ਭਾਰਤ-ਪਾਕਿ ਜੰਗ ਦੀ 50ਵੀਂ ਵਰ੍ਹੇਗੰਢ ਮਹਾਂ ਸਮਾਰੋਹ ਵਜੋਂ ਮਨਾਉਣ ਦਾ ਐਲਾਨ

Share this story

ਜਲੰਧਰ/ਚੰਡੀਗੜ੍ਹ, 1 ਸਤੰਬਰ- 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਨਾਲ ਨਾਲ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦੇਣ ਮੌਕੇ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲੇ ਜਾਂਬਾਜ਼ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਭਾਰਤ-ਪਾਕਿ ਜੰਗ ਦੀ 50ਵੀਂ ਵਰ੍ਹੇਗੰਢ ਨੂੰ ਮਹਾਂ ਸਮਾਰੋਹ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਸ. ਬਾਦਲ ਨੇ ਇਹ ਫੈਸਲਾ ਅੱਜ ਸਵੇਰੇ ਆਪਣੇ ਨਿਵਾਸ ਸਥਾਨ ਉਤੇ ਇਸ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸੱਦੀ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਲਿਆ। ਇਹ ਸਮਾਗਮ 9 ਸਤੰਬਰ ਨੂੰ ਤਰਨ ਤਾਰਨ ਜਿਲ੍ਹੇ ਦੇ ਵਲਟੋਹਾ ਹਲਕੇ ਦੇ ਪਿੰਡ ਅਮਰਕੋਟ ਵਿਖੇ ਕਰਵਾਇਆ ਜਾਵੇਗਾ। ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਇਸ ਮਹਾਂ ਸਮਾਰੋਹ ਨੂੰ ਮਨਾਉਣਲਈ ਵੱਡੀ ਪੱਧਰ ਉਤੇ ਪ੍ਰਬੰਧ ਕਰਨ ਵਾਸਤੇ ਸਬੰਧਤ ਅਧਿਕਾਰੀਆਂ ਨੂੰ ਆਖਿਆ ਹੈ ਤਾਂ ਜੋ ਇਸ ਸਮਾਗਮ ਵਿਚ ਕੋਈ ਵੀ ਕਸਰ ਬਾਕੀ ਨਾ ਰਹੇ। ਸ. ਬਾਦਲ ਨੇ ਕਿਹਾ ਕਿ 1965 ਦੀ ਜੰਗ ਦੌਰਾਨ ਭਾਰਤੀ ਫੌਜੀਆਂ ਨੇ ਲਾ-ਮਿਸਾਲ ਬਹਾਦਰੀ ਦਾ ਸਬੂਤ ਦਿੰਦੇ ਹੋਏ ਆਪਣੀਆਂ ਜਾਨਾਂ ਵਾਰ ਕੇ ਦੇਸ਼ ਦੀ ਰੱਖਿਆ ਕੀਤੀ ਅਤੇ ਉਨ੍ਹਾਂ ਦੀ ਯਾਦ ਵਿਚ ਹੋਣ ਵਾਲੇ ਇਸ ਸਮਾਰੋਹ ਨੂੰ ਇੱਕ ਯਾਦਗਾਰੀ ਸਮਾਰੋਹ ਬਣਾਇਆ ਜਾਵੇਗਾ। ਭਾਰਤੀ ਹਥਿਆਰਬੰਦ ਸੈਨਾਵਾਂ ਦੇ ਇਤਿਹਾਸ ਵਿਚ 1965 ਦੀ ਜੰਗ ਵੱਡੀ ਮਹਾਨਤਾ ਹੈ ਅਤੇ ਇਹ ਨੌਜਵਾਨਾਂ ਵਿਚ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ ਪੈਦਾ ਕਰਨ ਦਾ ਇੱਕ ਸ੍ਰੋਤ ਹੈ। ਮੁੱਖ ਮੰਤਰੀ ਨੇ ਇਸ ਸਮਾਗਮ ਦੌਰਾਨ ਜੰਗੀ ਸ਼ਹੀਦਾਂ ਦੇ ਵਾਰਸਾਂ, ਬਹਾਦਰੀ ਦੇ ਇਨਾਮ ਜੇਤੂ ਫੌਜੀਆਂ ਅਤੇ ਸੇਵਾ ਕਰ ਰਹੇ ਫੌਜੀ ਅਧਿਕਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਆਖਿਆ ਤਾਂ ਜੋ ਜੰਗ ਦੌਰਾਨ ਜਾਨਾਂ ਨਿਸ਼ਾਵਰ ਕਰਨ ਵਾਲੇ ਜਾਂਬਾਜ਼ ਫੌਜੀਆਂ ਨੂੰ ਸ਼ਾਨਦਾਰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾ ਸਕਣ। ਉਨ੍ਹਾਂ ਨੇ ਸ਼ਹੀਦ ਅਬਦੁਲ ਹਮੀਦ ਦੇ ਵਾਰਸਾਂ ਦੀ 50ਵੀਂ ਵਰ੍ਹੇਗੰਢ ਦੇ ਮੌਕੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਸ. ਬਾਦਲ ਨੇ ਇਸ ਜੰਗ ਵਿੱਚ ਹਿੱਸਾ ਲੈਣ ਵਾਲੀਆਂ ਵੱਖ ਵੱਖ ਯੂਨਿਟਾਂ ਦੇ ਨੁਮਾਇੰਦਿਆਂ ਨੂੰ ਵੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜਣ ਲਈ ਆਖਿਆ ਹੈ। ਗੌਰਤਲਬ ਹੈ ਕਿ ਇਹ ਇਲਾਕਾ ਪਾਕਿਸਤਾਨ ਦੇ ਅਤਿਆਧੁਨਿਕ ‘ਪੈਟਨ ਟੈਂਕਾਂ ਦੀ ਕਬਰ’ ਵਜੋਂ ਜਾਣਿਆ ਜਾਂਦਾ ਹੈ ਜਿਥੇ ਭਾਰਤੀ ਫੌਜੀਆਂ ਨੇ ਅਨੇਕਾਂ ਪਾਕਿਸਤਾਨੀ ਟੈਂਕਾਂ ਦਾ ਮਲੀਆਮੇਟ ਕਰ ਦਿੱਤਾ ਸੀ। ਇਥੇ ਹੀ ਕੰਪਨੀ ਕੁਆਟਰ ਮਾਸਟਰ ਹਵਾਲਦਾਰ ਅਬਦੁਲ ਹਮੀਦ ਨੇ ਚਾਰ ਪੈਟਨ ਟੈਂਕਾਂ ਨੂੰ ਤਬਾਹ ਕਰਨ ਤੋਂ ਬਾਅਦ ਸ਼ਹੀਦੀ ਪ੍ਰਾਪਤ ਕੀਤੀ ਸੀ ਜਿਸ ਦੇ ਬਦਲੇ ਉਨ੍ਹਾਂ ਨੂੰ ਦੇਸ਼ ਦਾ ਸਰਵ ਉੱਚ ਫੌਜੀ ਸਨਮਾਨ ਪਰਮਵੀਰ ਚੱਕਰ ਦਿੱਤਾ ਗਿਆ ਸੀ। ਮੀਟਿੰਗ ਵਿਚ ਰੱਖਿਆ ਸੇਵਾਵਾਂ ਦੀ ਭਲਾਈ ਦੇ ਪ੍ਰਮੁੱਖ ਸੰਸਦੀ ਸਕੱਤਰ ਸ. ਵਿਰਸਾ ਸਿੰਘ ਵਲਟੋਹਾ, ਏ.ਡੀ.ਜੀ.ਪੀ (ਕਾਨੂੰਨ ਤੇ ਵਿਵਸਥਾ) ਸ੍ਰੀ ਰੋਹਿਤ ਚੌਧਰੀ, ਆਈ.ਜੀ. ਸ੍ਰੀ ਅਲੋਕ ਨਾਥ ਆਂਗਰਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਡਾਇਰੈਕਟਰ ਰੱਖਿਆ ਸੇਵਾਵਾਂ ਬ੍ਰਿਗੇਡੀਅਰ (ਸੇਵਾ ਮੁਕਤ) ਜਤਿੰਦਰ ਸਿੰਘ ਅਰੋੜਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ (ਪ੍ਰਬੰਧ) ਸ੍ਰੀ ਪੁਨੀਤ ਗੋਇਲ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।

WRITTEN BY