Skip to content
Independent perspectives. Global stories.
BREAKING

ਕਸ਼ਮੀਰੀ ਵੱਖਵਾਦੀ ਆਗੂਆਂ ਦੀ ਨਜ਼ਰਬੰਦੀ ਅਤੇ ਰਿਹਾਈ ਨਾਲ ਪਾਕਿ ਨੂੰ ਕਰੜਾ ਸੰਦੇਸ਼

Share this story

ਜੰਮੂ, 20 ਅਗਸਤ (ਪੀ. ਟੀ. ਲਾਇਵ)- ਭਾਰਤ ਅਤੇ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦਰਮਿਆਨ 23 ਅਤੇ 24 ਅਗਸਤ ਨੂੰ ਨਵੀਂ ਦਿੱਲੀ ਵਿਖੇ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਨਜ਼ਰਬੰਦ ਕਸ਼ਮੀਰ ਦੇ ਹੁਰੀਅਤ ਆਗੂਆਂ ਨੂੰ ਰਿਹਾਅ ਕਰਨ ਨਾਲ ਭਾਰਤ ਨੇ ਪਾਕਿਸਤਾਨ ਨੂੰ ਕਰੜਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਜਿਹਾ ਕਰਕੇ ਭਾਰਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਹੁਰੀਅਤ ਆਗੂ ਇਸ ਅਹਿਮ ਗੱਲਬਾਤ ਵਿੱਚ ਤੀਜੀ ਧਿਰ ਨਾ ਬਣਨ।ਕੌਮੀ ਸੁਰੱਖਿਆ ਸਲਾਹਕਾਰਾਂ ਅਜੀਤ ਦੋਵਾਲ ਅਤੇ ਸਰਤਾਜ ਅਜ਼ੀਜ਼ ਦਰਮਿਆਨ ਐਤਵਾਰ ਨੂੰ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਹਿਰਾਸਤ ਵਿੱਚ ਲਏ ਗਏ ਵੱਖਵਾਦੀ ਆਗੂ ਯਾਸੀਨ ਮਲਿਕ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਸਵੇਰ ਵੇਲੇ ਹਿਰਾਸਤ ’ਚ ਲੈ ਕੇ ਸ੍ਰੀਨਗਰ ਦੇ ਮੈਸੂਮਾ ਥਾਣੇ ਲਿਜਾਇਆ ਗਿਆ। ਇਸ ਦੇ ਨਾਲ ਹੀ ਮੀਰਵਾਈਜ਼ ਉਮਰ ਫਾਰੂਖ ਅਤੇ ਸਈਅਦ ਅਲੀ ਸ਼ਾਹ ਗਿਲਾਨੀ ਤੋਂ ਵੀ ਨਜ਼ਰਬੰਦੀ ਦੀ ਪਾਬੰਦੀ ਹਟਾਲਈ ਗਈ। ਇਨ੍ਹਾਂ ਦੋਵਾਂ ਆਗੂਆਂ ਨੂੰ ਅੱਜ ਸਵੇਰੇ ਹੀ ਨਜ਼ਰ ਬੰਦ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਦੇ ਘਰਾਂ ਦੇ ਬਾਹਰ ਬੈਰੀਕੇਡ ਲਗਾ ਕੇ ਸੁਰੱਖਿਆ ਵਧਾ ਦਿੱਤੀ ਗਈ ਸੀ। ਅਜਿਹੀਆਂ ਰਿਪੋਰਟਾਂ ਵੀ ਮਿਲ ਰਹੀਆਂ ਹਨ ਕਿ ਹੁਰੀਅਤ ਆਗੂ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਕੌਮੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਤੋਂ ਬਾਅਦ ਮਿਲਣਗੇ। ਪਾਕਿਸਤਾਨੀ ਹਾਈ ਕਮਿਸ਼ਨ ਨੇ ਹੁਰੀਅਤ ਆਗੂਆਂ ਨੂੰ ਗੱਲਬਾਤ ਲਈ ਨਹੀਂ ਬਲਕਿ ਡਿਨਰ ਲਈ ਬੁਲਾਇਆ ਹੈ। ਪਿਛਲੀ ਵਾਰ ਪਾਕਿਸਤਾਨ ਦੇ ਹਾਈ ਕਮਿਸ਼ਨਰ ਦੀ ਹੁਰੀਅਤ ਆਗੂਆਂ ਨਾਲ ਮੁਲਾਕਾਤ ਦੇ ਬਾਅਦ ਹੀ ਭਾਰਤ ਨੇ ਪਾਕਿਸਤਾਨ ਨਾਲ ਗੱਲਬਾਤ ਰੱਦ ਕਰ ਦਿੱਤੀ ਸੀ। ਦਰਅਸਲ ਪਾਕਿਸਤਾਨ ਦੇ ਹਾਈ ਕਮਿਸ਼ਨ ਨੇ 23 ਅਗਸਤ ਨੂੰ ਹੁਰੀਅਤ ਆਗੂਆਂ ਨੂੰ ਗੱਲਬਾਤ ਦੇ ਲਈ ਨਵੀਂ ਦਿੱਲੀ ਆਉਣ ਦਾ ਸੱਦਾ ਦਿੱਤਾ ਸੀ। ਹੁਰੀਅਤ ਆਗੂਆਂ ਨੇ ਇਸ ਸੱਦੇ ਨੂੰ ਪ੍ਰਵਾਨ ਵੀ ਕਰ ਲਿਆ ਸੀ। ਪਾਕਿਸਤਾਨ ਦੇ ਇਸ ਸੱਦੇ ਦੇ ਬਾਅਦ ਵੱਖਵਾਦੀ ਨੇਤਾ ਮੀਰਵਾਈਜ਼ ਉਮਰ ਫਾਰੂਖ ਨੇ ਕੱਲ੍ਹ ਸ੍ਰੀਨਗਰ ਵਿੱਚ ਮੀਟਿੰਗ ਬੁਲਾਈ ਸੀ। ਇਸੇ ਦੌਰਾਨ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਟਵੀਟ ਕਰਕੇ ਹੁਰੀਅਤ ਆਗੂਆਂ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਸੀ। ਉਨ੍ਹਾਂ ਨੇ ਟਵੀਟ ਕੀਤਾ ਕਿ ਮੈਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਕਦੀ ਅਜਿਹੀ ਗੱਲਬਾਤ ਨਹੀਂ ਵੇਖੀ ਜਿੱਥੇ ਦੋਨੋ ਧਿਰਾਂ ਇਸ ਨੂੰ ਰੱਦ ਕਰਨ ਲਈ ਕੋਸ਼ਿਸ਼ ਕਰ ਰਹੀਆਂ ਹਨ। ਭਾਰਤ ਅਤੇ ਪਾਕਿਸਤਾਨ ਗੱਲਬਾਤ ਰੱਦ ਕਰਨ ਦੇ ਲਈ ਕਾਰਨ ਲੱਭਣ ਵਿੱਚ ਇੱਕ ਦੂਸਰੇ ਨੂੰ ਟੱਕਰ ਦੇ ਰਹੇ ਹਨ। ਉਨ੍ਹਾਂ ਨੇ ਅਗਲੇ ਟਵੀਟ ਵਿੱਚ ਕਿਹਾ ‘ਗੋਲਾਬਾਰੀ, ਘੁਸਪੈਠ, ਅੱਤਵਾਦੀ ਹਮਲੇ ਅਤੇ ਹੁਣ ਹੁਰੀਅਤ ਨੇਤਾਵਾਂ ਦੀ ਗ੍ਰਿਫਤਾਰੀ ਸਾਫ ਤੌਰ ’ਤੇ ਦਸਦੀ ਹੈ ਕਿ ਕੋਈ ਵੀ ਧਿਰ ਗੱਲਬਾਤ ਨਹੀਂ ਚਾਹੁੰਦੀ ਅਤੇ ਨਾ ਹੀ ਕਿਸੇ ਧਿਰ ਵਿੱਚ ਇਸ ਨੂੰ ਰੱਦ ਕਰਨ ਦੀ ਹਿੰਮਤ ਹੈ।

WRITTEN BY