ਤਲਵੰਡੀ ਸਾਬੋ, 16 ਅਗਸਤ (ਜਗਦੀਪ ਕੋਮਲ)- ਆਜ਼ਾਦੀ ਦੇ 69 ਸਾਲਾਂ ਬਾਆਦ ਵੀ ਲੋੜਬੰਦ ਲੋਕ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਸਰਕਾਰੀ ਅਧਿਕਾਰੀਆਂ ਦੇ ਰਹਿਮੋ ਕਰਮ ਅਤੇ ਕੁੱਤੇ ਝਾਕ ‘ਤੇ ਪਲਣ ਲਈ ਮਜ਼ਬੂਰ ਹਨ । ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਲਾਚਾਰ ਅਤੇ ਗਰੀਬ ਲੋਕ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਮਾਰਕ ਇੰਡੈਟੀਫਿਕੇਸ਼ਨ ਭਾਵ ਆਧਾਰ ਕਾਰਡ ਦੇ ਨਾਂ ਹੋਣ ਦੀ ਸੂਰਤ ਵਿੱਚ ਸਸਤੇ ਰੇਟਾਂ ‘ਤੇ ਮਿਲਣ ਵਾਲੀ ਕਣਕ ਅਨਾਜ਼ ਆਦਿ ਲਈ ਸਰਕਾਰੀ ਬੂਹਿਆਂ ਵੱਲ ਝਾਕ ਰਹੇ ਹਨ। ਸਰਕਾਰੀ ਸਕੀਮਾਂ ਦਾ ਲਾਭ ਦੇਣ ਵਾਸਤੇ ਸਰਕਾਰੀ ਅਰਧ ਸਰਕਾਰੀ ਅਤੇ ਠੇਕੇਦਾਰ ਕਿਸਮ ਦੇ ਅਧਿਕਾਰੀ ਆਧਾਰ ਕਾਰਡ ਨੂੰ ਜਰੂਰੀ ਗਰਦਾਨ ਕੇ ਲੋੜਵੰਦਾਂ ਨੂੰ ਲਾਭ ਦੇਣ ਤੋਂ ਇਨਕਾਰ ਕਰ ਦਿੰਦੇ ਹਨ।ਜਦਕਿ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਨੈਸ਼ਨਲ ਫੂਡ ਸਕਿਉਰਿਟੀ ਐਕਟ 2013 ਦੇ ਆਧਾਰਤ ਫੈਸਲਾ ਕੀਤਾ ਅਤੇ ਬਿਆਨ ਦਿੱਤਾ ਸੀ ਕਿ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਆਧਾਰ ਕਾਰਡ ਹੋਣਾ ਜਰੂਰੀ ਨਹੀਂ।ਬੈਂਚ ਦੇ ਬਿਆਨ ਮੁਤਾਵਕ ਕਿਸੇ ਸਕੀਮ ਨੂੰ ਆਧਾਰ ਕਾਰਡ ਨਾ ਹੋਣ ਦੀ ਸੂਰਤ ਵਿੱਚ ਲਾਭ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹਾ ਹੀ ਮੰਡੀ ਦੇ ਇਲਾਕੇ ਵਿੱਚ ਪੈਂਦੇ ਪਿੰਡ ਗੋਲੇਵਾਲਾ ਵਿਖੇ ਵੇਖਣ ਨੂੰ ਮਿਲਿਆ ਜਦੋਂ ਆਧਾਰ ਕਾਰਡ ਨਾਂ ਹੋਣ ਕਾਰਨ ਅਨਾਜ਼ ਲੈਣ ਆਏ ਲਾਭ ਪਾਤਰੀਆਂ ਨੂੰ ਅਨਾਜ਼ ਦੇਣ ਤੋਂ ਨਾਂ ਕਰ ਦਿੱਤੀ। ਅਜਿਹਾ ਇੱਕਲੇ ਪਿੰਡ ਗੋਲੇ ਵਾਲਾ ਦਾ ਮਾਮਲਾ ਨਹੀਂ ਬਲਕਿ ਪੂਰੀ ਤਹਿਸੀਲ ਤਲਵੰਡੀ ਸਾਬੋ ਦੇ ਅਨੇਕਾਂ ਪਿੰਡਾਂ ਸੀਂਗੋ, ਸੇਖਪੁਰਾ, ਲਹਿਰੀ, ਬਹਿਮਣਾਂ ਤਿਉਣਾ, ਗਾਟਵਾਲੀ, ਮਲਕਾਣਾ, ਕਮਾਲੂ ਲਾਲੇਆਣਾ, ਭਾਗੀਬਾਂਦਰ, ਮਾਹੀਨੰਗਲ ਆਦਿ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਇਸ ਗੁੰਝਲਦਾਰ ਮਾਮਲੇ ਸੰਬੰਧੀ ਜਦੋਂ ਜ਼ਿਲ੍ਹਾ ਖੁਰਾਕ ਸਪਲਾਈ ਅਫਸਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਬਚਗਾਨਾਂ ਗੱਲ ਕਰਦਿਆਂ ਕਿਹਾ ਕਿ ਸਸਤੇ ਰੇਟਾਂ ‘ਤੇ ਆਨਾਜ਼ ਦੇਣ ਲਈ ਆਧਾਰ ਕਾਰਡ ਜ਼ਰੂਰੀ ਹੈ ਅਤੇ ਇਹ ਨਿਯਮ ਫੂਡ ਸਕਿਉਰਿਟੀ ਐਕਟ ਵਿੱਚ ਦਰਜ਼ ਹੈ। ਜਦਕਿ ਵੇਖਣ ਸੋਚਣ ਵਾਲੀ ਰੌਚਕ ਗੱਲ ਇਹ ਹੈ ਕਿ ਕੀ ਸਰਬ ਉੱਚ ਅਦਾਲਤ ਨੇ ਨੈਸ਼ਨਲ ਫੂਡ ਸਕਿਉਰਿਟੀ ਐਕਟ ਪੜ੍ਹੇ ਬਿਨ੍ਹਾਂ ਹੀ ਆਧਾਰ ਕਾਰਡ ਸੰਬੰਧੀ ਫੈਸਲਾ ਸੁਣਾ ਦਿੱਤਾ ਜਦਕਿ ਇਹ ਵੀ ਸੱਚਾਈ ਹੈ ਕਿ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਆਧਾਰ ਕਾਰਡ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਸੀ ਅਤੇ ਇਹ ਕਿਸੇ ਐਕਟ ਜਾਂ ਨਿਯਮ ਅਧਿਨਿਯਮ ਵਿੱਚ ਦਰਜ਼ ਨਹੀਂ ਕਿ ਅਧਾਰ ਕਾਰਡ ਹਰ ਸਰਕਾਰੀ ਸਹੂਲਤ ਲਈ ਜ਼ਰੂਰੀ ਹੈ।ਵੱਖ ਵੱਖ ਡੀਪੂ ਹੋਲਡਰਾਂ ਨਾਲ ਗੱਲ ਕਰਨ ‘ਤੇ ਬਹੁਤੇ ਡੀਪੂ ਹੋਲਡਰਾਂ ਦਾ ਵਿਚਾਰ ਸੀ ਕਿ ਸਰਬ ਉੱਚ ਅਦਾਲਤ ਦਾ ਫੈਸਲਾ ਲਾਗੂ ਹੋਣਾ ਚਾਹੀਦਾ ਹੈ।



