Skip to content
Independent perspectives. Global stories.
BREAKING

ਬਿਆਸ ਦੇ ਨੇੜਲੇ ਪਿੰਡਾਂ ’ਤੇ ਦਰਿਆ ਦੇ ਪਾਣੀ ਦਾ ਕਹਿਰ ਜਾਰੀ

Share this story

d70801278 ਰਈਆ, 13 ਅਗਸਤ (ਸੁਨੀਲ ਕੁਮਾਰ ਬਿੱਟੂ)- ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਚ ਹੋ ਰਹੀ ਭਾਰੀ ਬਰਸਾਤ ਕਾਰਣ ਨੱਕੋ ਨੱਕ ਭਰੇ ਭਾਖੜਾ ਡੈਮ ਚ ਪਾਣੀ ਦੀ ਵਧ ਰਹੀ ਆਮਦ ਨੂੰ ਦੇਖ ਖਤਰੇ ਨੂੰ ਭਾਂਪਦੇ ਹੋਏ ਭਾਖੜਾ ਡੈਮ ਦੇ ਫਲੱਡ ਗੇਟ ਚਾਰ ਫੁੱਟ ਤੱਕ ਖੋਲੇ ਜਾਣ ਨਾਲ ਹੇਠਲੇ ਮੈਦਾਨੀ ਇਲਾਕਿਆਂ ਚ ਹਜ਼ਾਰਾਂ ਕਿਊਸਿਕ ਆ ਰਹੇ ਪਾਣੀ ਦਾ ਕਹਿਰ ਲੋਕਾਂ ਤੇ ਢਹਿਣਾ ਸ਼ੁਰੂ ਹੋ ਗਿਆ ਹੈ। ਇੱਕਦਮ ਵਧੇ ਪਾਣੀ ਦੇ ਇਸ ਪੱਧਰ ਨਾਲ ਦਰਿਆ ਬਿਆਸ ਦੇ ਕੰਢੇ ਰਹਿੰਦੇ ਗੁੱਜਰ ਪਰਿਵਾਰਾਂ ਤੋਂ ਇਲਾਵਾ ਢਾਹੇ ਕੰਢੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ।ਬਿਆਸ ਦਰਿਆ ਨੇੜੇ ਧੁੱਸੀ ਬੰਨ ਦੇ ਅੰਦਰ ਦਰਿਆਈ ਖੇਤਰ ਦੇ ਨਿਵਾਣ ਵਾਲੇ ਖੇਤਾਂ ਚ ਆਏ ਬੇਹਿਸਾਬ ਪਾਣੀ ਨਾਲ ਫਸਲਾਂ

ਦਾ ਭਾਰੀ ਨੁਕਸਾਨ ਹੋਇਆ ਹੈ।ਦਰਿਆ ਦੇ ਨੇੜੇ ਨਿਵਾਣ ਵਾਲੇ ਪਿੰਡਾਂ ਦੇ ਖੇਤਾਂ ਚ ਵੱਧ ਰਹੇ ਪਾਣੀ ਨੂੰ ਦੇਖ ਲੋਕਾਂ ਨੂੰ ਹੜ੍ਹ ਦਾ ਡਰ ਸਤਾਉਣ ਲੱਗਾ ਹੈ।ਪੱਤਰਕਾਰਾਂ ਵਲੋਂ ਬਿਆਸ ਦਰਿਆ ਦਾ ਦੌਰਾ ਕਰਨ ਤੇ ਸਾਹਮਣੇ ਆਇਆ ਹੈ ਕਿ ਦਰਿਆ ਕੰਢੇ ਪੈਂਦੇ ਪਿੰਡ ਸੇਰੋਂ, ਜੋਧੇ, ਬੁੱਢਾ ਥੇਹ, ਬਿਆਸ, ਵਜ਼ੀਰ ਭੁੱਲਰ, ਗਗੜੇਵਾਲ, ਜਲਾਲਾਬਾਦ, ਬੋਤਲ ਕੀੜੀ, ਵੈਰੋਵਾਲ, ਧੂੰਦਾ ਅਤੇ ਜ਼ਿਲਾ ਕਪੂਰਥਲਾ ਅਧੀਨ ਪੈਂਦੇ ਪਿੰਡ ਮਿਆਣੀ ਬਾਕਰਪੁਰ, ਢਿੱਲਵਾਂ, ਬੁਤਾਲਾ, ਧਾਲੀਵਾਲ ਬੇਟ, ਭੰਡਾਲ ਬੇਟ, ਸੁਰਖਪੁਰ ਆਦਿ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।ਇਸ ਤੋਂ ਇਲਾਵਾ ਬਿਆਸ ਦਰਿਆ ਕੰਢੇ  90 ਤੋਂ 100 ਦੇ ਕਰੀਬ ਲੋਕਾਂ ਦੀ ਵਸੋਂ ਵਾਲੇ ਗੁੱਜਰ ਪਰਿਵਾਰਾਂ ਦਾ ਵੀ ਪਾਣੀ ਦੀ ਇੱਕਦਮ ਪਈ ਇਸ ਮਾਰ ਨੇ ਪਸ਼ੂਆਂ ਦੇ ਚਾਰੇ ਦਾ ਕਾਫੀ ਨੁਕਸਾਨ ਕੀਤਾ ਹੈ। ਗੱਲਬਾਤ ਦੌਰਾਨ ਸੁਰਮੂ, ਸ਼ੌਕਤ ਅਲੀ ਨਜ਼ੀਰ, ਬਸ਼ੀਰ, , ਸੋਨੂੰ, ਮਾਣੂ, ਸੱਤੋ, ਰਾਂਝਾ ਆਦਿ ਨੇ ਦੱਸਿਆ ਕਿ ਹੜ ਰੂਪੀ ਪਾਣੀ ਦੀ ਮਾਰ ਹੇਠ ਆਉਣ ਕਾਰਣ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ।ਉਨ੍ਹਾਂ ਦੱਸਿਆ ਕਿ ਮੰਡ ਖੇਤਰ ਚ ਰਹਿਣ ਕਰਕੇ ਉਨ੍ਹਾਂ ਦੀ ਰੋਟੀ ਰੋਜ਼ੀ ਪਸ਼ੂਆਂ ਦੇ ਦੁੱਧ ਅਤੇ ਸਬਜੀਆਂ ਦੀ ਫਸਲ ਨਾਲ ਹੀ ਚੱਲਦੀ ਹੈ।ਪਾਣੀ ਦੀ ਮਾਰ ਕਾਰਣ ਉਨ੍ਹਾਂ ਦੀ ਸਬਜੀਆਂ, ਝੋਨਾ ਤੇ ਹੋਰ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।ਉਨ੍ਹਾਂ ਰੋਸ ਜ਼ਾਹਰ ਕਰਦੇ ਕਿਹਾ ਕਿ ਵੋਟਾਂ ਵੇਲੇ ਤਾਂ ਉਨ੍ਹਾਂ ਦੀ ਖੂਬ ਪੁੱਛ ਪ੍ਰਤੀਤ ਹੁੰਦੀ ਹੈ ਪਰ ਵੋਟਾਂ ਜਿੱਤਣ ਤੋਂ ਬਾਅਦ ਲੀਡਰ ਉਨ੍ਹਾਂ ਦੀ ਬਾਤ ਤੱਕ ਨੀ ਪੁੱਛਦੇ।ਹਰ ਸਾਲ ਦਰਿਆ ਬਿਆਸ ਦੀ ਇਸ ਮਾਰ ਨਾਲ ਉਨ੍ਹਾਂ ਨੂੰ ਜਾਨੀ ਨੁਕਸਾਨ ਦੇ ਨਾਲ ਨਾਲ ਮਾਲੀ ਨੁਕਸਾਨ ਵੀ ਡਰ ਬਣਿਆ ਰਹਿੰਦਾ ਹੈ ਪਰ ਸਰਕਾਰ ਇਸ ਸਮੱਸਿਆ ਨੂੰ ਦੇਖਦੇ ਹੋਏ ਵੀ ਇਸ ਦਾ ਕੋਈ ਠੋਸ ਹੱਲ ਕਿਉਂ ਨਹੀ ਲੱਭਦੀ।ਉਨ੍ਹਾਂ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਨੁੰ ਮੰਗ ਕਰਦੇ ਕਿਹਾ ਕਿ ਸਲਾਨਾ ਆਉਂਦੀ ਇਸ ਸਮੱਸਿਆ ਨੁੰ ਦੇਖਦੇ ਹੋਏ ਦਰਿਆ ਦੇ ਨਾਲ ਨਾਲ ਪੱਕੇ ਤੌਰ ਤੇ ਬੰਨ੍ਹ ਬਣਾਇਆ ਜਾਵੇ ਤਾਂ ਜੋ ਉਨ੍ਹਾਂ ਤੋਂ ਇਲਾਵਾ ਧੁੱਸੀ ਬੰਨ ਨਾਲ ਪੈਂਦੇ ਪਿੰਡਾਂ ਦੀਆਂ ਫਸਲਾਂ ਦੇ ਹੁੰਦੇ ਨੁਕਸਾਨ ਦਾ ਬਚਾਅ ਹੋ ਸਕੇ।
ਬਿਆਸ ਦਰਿਆ ਚ ਡਿਸਚਾਰਜ ਹੋ ਰਹੇ ਪਾਣੀ ਦੀ ਸਥਿਤੀ ਬਾਰੇ ਪੁੱਛਣ ਤੇ ਡਿਸਚਾਰਜ ਇਰੀਗੇਸ਼ਨ ਵਿਭਾਗ ਦੇ ਬਿਆਸ ਦਰਿਆ ਤੇ ਤੈਨਾਤ ਗੇਜ਼ ਰੀਡਰ ਪੂਰਨ ਸਿੰਘ ਨੇ ਦੱਸਿਆ ਕਿ ਅੱਜ ਚਾਰ ਵਜੇ ਲਏ ਗਏ ਅੰਕੜਿਆਂ ਅਨੁਸਾਰ ਗੇਜ 741 ਅਤੇ 118,700 ਕਿਊਸਿਕ ਪਾਣੀ ਡਿਸਚਾਰਜ ਹੋ ਰਿਹਾ ਹੈ। ਇਸ ਸਬੰਧੀ ਪੱਤਰਕਾਰ ਨਾਲ ਫੋਨ ਤੇ ਗੱਲ ਕਰਦਿਆਂ ਐਸ.ਡੀ.ਐਮ.ਬਾਬਾ ਬਕਾਲਾ ਸ਼੍ਰੀ ਵਿਮਲ ਸੇਤੀਆ ਨੇ ਦੱਸਿਆ ਕਿ ਮੈਂ ਖੁੱਦ ਆਪਣੇ ਅਧਿਕਾਰੀਆਂ ਦੇ ਨਾਲ ਇਲਾਕੇ ਦੇ ਹਾਲਾਤ ਤੇ ਨਜ਼ਰ ਰੱਖ ਰਿਹਾ ਹਾਂ ਅਤੇ ਲੋਕਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ।

WRITTEN BY