ਬਠਿੰਡਾ, 9 ਅਗਸਤ (ਸੁਖਵਿੰਦਰ ਸਰਾਂ, ਇੰਦਰਜੀਤ ਨਥਾਣਾ)- ਕਿਸੇ ਨੂੰ ਜੀਵਨ ਦਾ ਤੋਹਫ਼ਾ ਦੇਣਾ ਸਭ ਤੋਂ ਵੱਡੀ ਦਿਆਲਤਾ ਹੈ। 18 ਸਾਲ ਦੀ ਕੁੜੀ, ਜੋ ਕਿ ਬਚਪਨ ਤੋਂ ਹੀ ਸੁਣ ਨਹੀਂ ਸਕਦੀ, ਦੇ ਗਰੀਬ ਮਾਤਾ-ਪਿਤਾ ਕੋਲ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਬਠਿੰਡਾ ਪ੍ਰਸ਼ਾਸ਼ਨ ਨੂੰ ਧੰਨਵਾਦ ਦੇਣ ਲਈ ਸ਼ਬਦ ਨਹੀਂ ਹਨ। ਇਸ ਬੱਚੀ ਦਾ ਇਲਾਜ ਕਰਵਾਇਆ ਗਿਆ ਅਤੇ ਹੁਣ ਇਹ ਸੁਣ ਸਕਦੀ ਹੈ। ਬਠਿੰਡਾ ਜ਼ਿਲ੍ਹੇ ਦੇ ਗਿੱਲਪੱਤੀ ਪਿੰਡ ਦੀ ਵੀਰਪਾਲ ਕੌਰ, ਜੋ ਕਿ ਬਚਪਨ ਤੋਂ ਹੀ ਸੁਣ ਨਹੀਂ ਸਕਦੀ ਸੀ, ਅੱਜ ਆਪਣੇ ਮਾਤਾ-ਪਿਤਾ ਦੀ ਆਵਾਜ਼ ਸੁਣ ਕੇ ਫੁੱਲੀ ਨਹੀਂ ਸਮਾ ਰਹੀ। ਅੱਜ ਉਹ ਘੱਟ ਅਵਾਜ਼ ਕਰਕੇ ਟੀ.ਵੀ. ਵੀ ਸੁਣ ਸਕਦੀ ਹੈ, ਜਿਸ ਦੀ ਉਸਨੇ ਕਦੇ ਕਲਪਨਾ ਵੀ ਨਹੀਂ ਸੀ ਕੀਤੀ। ਅੱਜ ਉਹ ਸ਼ਬਦ ਬੋਲ ਰਹੀ ਹੈ, ਜਿਨ੍ਹਾਂ ਬਾਰੇ ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਉਹ ਬੋਲ ਸਕੇਗੀ। ਮੈਂ ਆਪਣੇ ਦਿਲੋਂ ਉਨ੍ਹਾਂ ਲੋਕਾਂ
ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੀ ਧੀ ਦਾ ਇਲਾਜ ਕਰਵਾਇਆ ਅਤੇ ਉਸ ਨੂੰ ਇਕ ਨਵਾਂ ਜੀਵਨ ਦਾਨ ਦਿੱਤਾ। ਅਸੀਂ ਹੁਣ ਇਸ ਨੂੰ ਬੋਲਣਾ ਸਿਖਾਵਾਂਗ,ੇ ਤਾਂ ਜੋ ਉਹ ਚੰਗੀ ਤਰ੍ਹਾਂ ਬੋਲ ਸਕੇ ਅਤੇ ਆਪਣੀ ਗੱਲ ਰੱਖ ਸਕੇ। 18 ਸਾਲਾ ਵੀਰਪਾਲ ਦੇ ਪਰਿਵਾਰ ਕੋਲ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਧੰਨਵਾਦ ਕਰਨ ਲਈ ਉਚਿਤ ਸ਼ਬਦ ਨਹੀਂ ਹੈ। ਵੀਰਪਾਲ ਦਾ ਦੁੱਖ ਅਤੇ ਤਕਲੀਫ਼ ਦੇਖਦੇ ਹੋਏ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਉਸ ਦਾ ਇਲਾਜ਼ ਕਰਵਾਇਆ ਅਤੇ ਮਹਿੰਗੀਆਂ ਸੁਣਨ ਵਾਲੀਆ ਮਸ਼ੀਨਾਂ ਮੁਹੱਈਆ ਕਰਵਾਈਆਂ। ਪ੍ਰਧਾਨ ਮੰਤਰੀ ਦੇ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਇਸ ਬੱਚੀ ਨੂੰ 1 ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ। ਜਗਤਾਰ ਸਿੰਘ ਨੇ ਦੱਸਿਆ ਕਿ ਫ਼ਰੀਦਕੋਟ ਵਿਖੇ ਇਕ ਡਾਕਟਰ ਨੇ ਸਾਨੂੰ ਦੱਸਿਆ ਕਿ ਵੀਰਪਾਲ ਦਾ ਇਲਾਜ਼ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਕੀਤਾ ਜਾ ਸਕਦਾ ਹੈ, ਪਰ ਉਸ ਦਾ ਖਰਚਾ ਸਾਡੀ ਸਮਰੱਥਾ ਤੋਂ ਜ਼ਿਆਦਾ ਸੀ। ਉਹ ਜੇ.ਸੀ.ਬੀ. ਮਸ਼ੀਨ ਦਾ ਡਰਾਇਵਰ ਹੈ ਅਤੇ ਮਹਿੰਗਾ ਇਲਾਜ਼ ਕਰਵਾਉਣ ’ਚ ਅਸਮਰੱਥ ਸੀ। ਜਗਤਾਰ ਆਪਣੀ ਧੀ ਦੀ ਸਮੱਸਿਆ ਲੈ ਕੇ ਬਠਿੰਡਾ ਸਾਂਸਦ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਕੋਲ ਉਨ੍ਹਾਂ ਦੇ ਸੰਗਤ ਦਰਸ਼ਨ ਵਿਖੇ ਪੁੱਜਿਆ। ਉਸਨੇ ਦੱਸਿਆ ਕਿ ਸ਼੍ਰੀਮਤੀ ਬਾਦਲ ਨੇ ਬੜੀ ਹੀ ਸ਼ਾਂਤੀ ਨਾਲ ਸਾਡੀ ਸਮੱਸਿਆ ਸੁਣੀ ਅਤੇ ਆਪਣੇ ਸਟਾਫ਼ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਵੀਰਪਾਲ ਦੀ ਮਦਦ ਕਰਨ ਅਤੇ ਭਰੋਸਾ ਦਿਵਾਇਆ ਕਿ ਵੀਰਪਾਲ ਦੇ ਸਾਰੇ ਇਲਾਜ ਦਾ ਖਰਚਾ ਉਹ ਆਪ ਦੇਣਗੇ। ਉਸ ਨੇ ਬਠਿੰਡਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਪ੍ਰਸ਼ਾਸ਼ਨ ਨੇ ਇਲਾਜ ਅਤੇ ਮਸ਼ੀਨਾਂ ਦਾ ਖਰਚਾ ਦਿੱਤਾ ਅਤੇ ਹੋਰ ਮੱਦਦ ਲਈ ਵੀ ਭਰੋਸਾ ਦਿਵਾਇਆ। ਵੀਰਪਾਲ ਦੀ ਮਾਤਾ ਜਗਵਿੰਦਰ ਕੌਰ ਨੇ ਹੰਝੂ ਪੂੰਝਦਿਆਂ ਦੱਸਿਆ ਕਿ ਅਸੀਂ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਸਦਾ ਹੀ ਧੰਨਵਾਦੀ ਰਹਾਂਗੇ, ਹੁਣ ਮੇਰੀ ਧੀ ਆਪਣੇ ਛੋਟੇ ਭਰਾ ਨਾਲ ਹੋਰ ਵੀ ਖੇਡ ਸਕਦੀ ਹੈ।



