Skip to content
Independent perspectives. Global stories.
BREAKING

ਵਿਕਾਸ ਕੰਮਾਂ ’ਚ ਵਿਘਨ ਪਾ ਕੇ ਕਾਂਗਰਸ ਲੋਕਾਂ ਤੋਂ ਆਪਣੀ ਹਾਰ ਦਾ ਬਦਲਾ ਲੈ ਰਹੀ ਹੈ : ਹਰਸਿਮਰਤ

Share this story

ਮਾਨਸਾ, 8 ਅਗਸਤ (ਅਨੂਪ ਸਿੰਘ ਖਾਲਸਾ)-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਲੋਕਾਂ ਦੇ ਹਿੱਤਾਂ ਲਈ ਚਲਾਏ ਜਾ ਰਹੇ ਵਿਕਾਸ ਕਾਰਜਾਂ ਵਿਚ ਵਿਘਨ ਪਾ ਕੇ ਕਾਂਗਰਸ ਸਰਕਾਰ ਲੋਕਾਂ ਤੋਂ ਚੋਣਾਂ ਦੌਰਾਨ ਹੋਈ ਆਪਣੀ ਹਾਰ ਦਾ ਬਦਲਾ ਲੈ ਰਹੀ ਹੈ, ਇਸੇ ਕਰਕੇ ਉਹ ਸੰਸਦ ਦੇ ਸੈਸ਼ਨਾਂ ਵਿਚ ਰੋਲਾ-ਰੱਪਾ ਪਾ ਕੇ ਸੰਸਦ ਨੂੰ ਸਹੀ ਤਰੀਕੇ ਨਾਲ ਚੱਲਣ ਨਹੀਂ ਦੇ ਰਹੀ ਹੈ। ਸ਼੍ਰੀਮਤੀ ਬਾਦਲ ਅੱਜ ਇੱਥੇ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪੱਤਰਕਾਰਾਂ ਵਲੋਂ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਭੂਮੀ ਗ੍ਰਹਿਣ ਬਿੱਲ ਦੀ ਯੋਜਨਾ ਆਮ ਜਨਤਾ ਦੇ ਹਿੱਤਾਂ ਨੂੰ

ਧਿਆਨ ਵਿਚ ਰੱਖਕੇ ਹੀ ਉਲੀਕੀ ਗਈ ਹੈ, ਜਿਸ ਨਾਲ ਲੋਕਾਂ ਦੇ ਖੇਤਾਂ ਵਿਚ ਪਾਣੀ ਜਾਣ ਜਾਂ ਹੋਰ ਸਹੂਲਤਾਂ ਵਿਚ ਕੋਈ ਦਿਕੱਤ ਪੇਸ਼ ਨਾ ਆਵੇ, ਪਰ ਵਿਰੋਧੀ ਧਿਰ ਦੀ ਸਰਕਾਰ ਆਪਣੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਇਸ ਦਾ ਨਜਾਇਜ਼ ਵਿਰੋਧ ਕਰ ਰਹੀ ਹੈ। ਬੀਬੀ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਜੋ ਵੀ ਸਕੀਮਾਂ ਜਾਂ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ, ਉਹ ਆਮ ਜਨਤਾ ਦੀ ਸਹੂਲਤ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚਾਉਣ ਲਈ ਹੀ ਉਲੀਕੀਆਂ ਜਾਂਦੀਆਂ ਹਨ। ਉਨ੍ਹਾਂ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਜਗਮੀਤ ਬਰਾੜ ਦੇ ਕਾਂਗਰਸ ਵਿਚ ਮੁੜ ਸ਼ਾਮਿਲ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਨਾਂ ਤਾਂ ਪਹਿਲਾਂ ਕੋਈ ਫਰਕ ਪਿਆ ਸੀ ਅਤੇ ਨਾ ਹੀ ਹੁਣ ਪਵੇਗਾ। ਇਸ ਤੋਂ ਪਹਿਲਾਂ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਦੇ ਠੂਠਿਆਂ ਵਾਲੇ ਰੋਡ ’ਤੇ ਨਵੇਂ ਬਣੇ ਨਸ਼ਾ ਛੁਡਾਊ ਅਤੇ ਮੁੜ ਵਸੇਵਾ ਕੇਂਦਰ ਦਾ ਉਦਘਾਟਨ ਕਰਕੇ ਜ਼ਿਲ੍ਹਾ ਵਾਸੀਆਂ ਨੂੰ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਲਗਭਗ 3 ਏਕੜ ਵਿਚ ਅਤੇ ਕਰੀਬ ਸਾਢੇ 4 ਕਰੋੜ ਦੀ ਲਾਗਤ ਨਾਲ ਬਣੇ 50 ਬਿਸਤਰਿਆਂ ਦੇ ਇਸ ਕੇਂਦਰ ਵਿਚ ਜਿੱਥੇ ਨਸ਼ਾ ਛੱਡਣ ਵਾਲਿਆਂ ਦਾ ਮੁਫ਼ਤ ਅਤੇ ਵਧੀਆ ਤਰੀਕੇ ਨਾਲ ਇਲਾਜ ਕੀਤਾ ਜਾਵੇਗਾ, ਉਥੇ ਉਨ੍ਹਾਂ ਨੂੰ ਆਪਣੇ ਪੈਰ੍ਹਾ ਸਿਰ ਖੜ੍ਹਾ ਹੋਣ ਲਈ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਦਿੱਤੀ ਜਾਵੇਗੀ, ਤਾਂ ਜੋ ਉਹ ਵੀ ਇਕ ਜ਼ਿੰਮੇਵਾਰ ਵਿਅਕਤੀਆਂ ਦੀ ਤਰ੍ਹਾਂ ਸਮਾਜ ਵਿਚ ਵਿਚਰ ਸਕਣ।
ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਦਲਦਲ ’ਚੋਂ ਬਾਹਰ ਕੱਢਣ ਲਈ ਪੂਰੇ ਸੂਬੇ ਵਿਚ ਅਜਿਹੇ 22 ਨਸ਼ਾ ਮੁਕਤੀ ਅਤੇ ਮੁੜ ਵਸੇਵਾ ਕੇਂਦਰ ਖੋਲ੍ਹੇ ਜਾ ਰਹੇ ਹਨ, ਜਿਨ੍ਹਾਂ ਵਿਚੋਂ ਸ਼੍ਰੀ ਅਮ੍ਰਿਤਸਰ ਸਾਹਿਬ ਅਤੇ ਹੁਸ਼ਿਆਰਪੁਰ ਵਿਖੇ ਇਹ ਸੈਂਟਰ ਪਹਿਲਾਂ ਹੀ ਖੋਲ੍ਹੇ ਜਾ ਚੁੱਕੇ ਹਨ ਅਤੇ ਜਲਦ ਹੀ ਪੂਰੇ ਸੂਬੇ ਵਿਚ ਅਜਿਹੇ ਹੋਰ ਵੀ ਕੇਂਦਰ ਸ਼ੁਰੂ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਵਾਸੀਆਂ ਦੀ ਪੂਰਜ਼ੋਰ ਮੰਗ ’ਤੇ ਇੱਥੇ ਬਣ ਰਹੇ ਮਦਰ ਐਂਡ ਚਾਈਲਡ ਕੇਅਰ ਹਸਪਤਾਲ ਨੂੰ ਵੀ ਜਲਦ ਹੀ ਇਲਾਕਾ ਵਾਸੀਆਂ ਦੇ ਸਪੁਰਦ ਕਰ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਸ਼ੁੱਧ ਰੱਖਣ ਲਈ ਕੇਂਦਰ ਵਿਖੇ ਪੌਦਾ ਵੀ ਲਗਾਇਆ। ਇਸ ਉਪਰੰਤ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਦੇ ਸਿਵਲ ਹਸਪਤਾਲ ਦਾ ਵੀ ਅਚਨਚੇਤ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਜਿੱਥੇ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦੀ ਚੈਕਿੰਗ ਕੀਤੀ, ਉਥੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਵੀ ਪੁੱਛਿਆ। ਨਿਰੀਖੱਣ ਦੌਰਾਨ ਬੀਬੀ ਬਾਦਲ ਨੇ ਹਸਪਤਾਲ ਦੇ ਕੰਮਾਂ ’ਤੇ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਉਨ੍ਹਾਂ ਐਸ.ਐਸ.ਪੀ. ਨੂੰ ਹਸਪਤਾਲ ਵੱਲ ਆਉਣ ਵਾਲੇ ਰਸਤੇ ’ਤੇ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਹਦਾਇਤ ਕੀਤੀ।
ਇਸ ਮੌਕੇ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸ਼੍ਰੀਮਤੀ ਵਿੰਨੀ ਮਹਾਜਨ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਸ਼੍ਰੀ ਐਚ.ਐਸ. ਬਾਲੀ, ਹਲਕਾ ਵਿਧਾਇਕ ਮਾਨਸਾ ਸ਼੍ਰੀ ਪ੍ਰੇਮ ਮਿੱਤਲ, ਹਲਕਾ ਵਿਧਾਇਕ ਬੁਢਲਾਡਾ ਸ਼੍ਰੀ ਚਤਿੰਨ ਸਿੰਘ ਸਮਾਓ, ਚੇਅਰਮੈਨ ਪਨਸੀਡ ਸ਼੍ਰੀ ਸੁਖਵਿੰਦਰ ਸਿੰਘ ਔਲਖ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼੍ਰੀ ਪ੍ਰੇਮ ਅਰੋੜਾ, ਡਿਪਟੀ ਕਮਿਸ਼ਨਰ ਸ਼੍ਰੀ ਭੁਪਿੰਦਰ ਸਿੰਘ ਰਾਏ, ਐਸ.ਐਸ.ਪੀ. ਸ਼੍ਰੀ ਰਘਵੀਰ ਸਿੰਘ ਸੰਧੂ, ਓ.ਐਸ.ਡੀ. ਡਿਪਟੀ ਸੀ.ਐਮ. ਸ਼੍ਰੀ ਮੁਨੀਸ਼ ਕੁਮਾਰ, ਮੀਡੀਆ ਸਲਾਹਕਾਰ ਡਿਪਟੀ ਸੀ.ਐਮ. ਸ਼੍ਰੀ ਹਰਜਿੰਦਰ ਸਿੰਘ ਸਿੱਧੂ, ਪ੍ਰਧਾਨ ਜ਼ਿਲ੍ਹਾ ਯੂਥ ਅਕਾਲੀ ਦਲ ਸ਼੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ, ਪ੍ਰਧਾਨ ਐਸ.ਸੀ. ਵਿੰਗ ਸ਼੍ਰੀ ਸਵਰਨ ਸਿੰਘ ਹੀਰੇਵਾਲਾ, ਸਟੇਟ ਮੈਂਬਰ ਬੀਜੇਪੀ ਸ਼੍ਰੀ ਸੂਰਜ ਛਾਬੜਾ, ਸੀਨੀਅਰ ਮੀਤ ਪ੍ਰਧਾਨ ਅਗਰਵਾਲ ਸਭਾ ਪੰਜਾਬ ਸ਼੍ਰੀ ਅਸ਼ੋਕ ਗਰਗ, ਪ੍ਰਧਾਨ ਨਗਰ ਕੌਂਸਲ ਮਾਨਸਾ ਸ਼੍ਰੀ ਬਲਵਿੰਦਰ ਸਿੰਘ ਕਾਕਾ, ਅਕਾਲੀ ਆਗੂ ਸ਼੍ਰੀ ਗੁਰਦੀਪ ਸਿੰਘ ਟੋਡਰਪੁਰ ਅਤੇ ਸ਼੍ਰੀ ਲਖਵਿੰਦਰ ਸਿੰਘ ਮੂਸਾ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਮੌਜੂਦ ਸਨ।

WRITTEN BY