ਵਾਸ਼ਿੰਗਟਨ ਡੀਸੀ, 7 ਅਗਸਤ (ਡਾ. ਗਿੱਲ)- ਪਾਕਿਸਤਾਨ ਦੇ ਸਾਬਕਾ ਜੱਜ ਅਤੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਪਾਕਿ ਦੇ ਸੀਨੀਅਰ ਵਕੀਲ ਮੁਹੰਮਦ ਆਸਨ ਭੂਨ ਜੋ ਅੱਜ ਕੱਲ੍ਹ ਅਮਰੀਕਾ ਦੇ ਦੋ ਹਫਤੇ ਦੇ ਦੌਰੇ ’ਤੇ ਹਨ ਉਨ੍ਹਾਂ ਵੱਲੋਂ ਜਿੱਥੇ ਮੈਰੀਲੈਂਡ ਦੀ ਸਟੇਟ ਅਟਾਰਨੀ ਮੋਸਬੀ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਮੁਲਕਾਂ ਦੀ ਕਾਨੂੰਨੀ ਜਾਣਕਾਰੀ ਦੀ ਸਾਂਝ ਪਾਈ। ਉਪਰੰਤ ਮੋਸਬੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਮੈਰੀਲੈਂਡ ਸਟੇਟ ਦੇ ਸਾਊਥ ਏਸ਼ੀਅਨ ਚੇਅਰਮੈਨ ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਡਾਇਰੈਕਟਰ ਸੈਂਟਰ ਫਾਰ ਸੋਸ਼ਲ ਚੇਂਜ ਵੱਲੋਂ ਤਿੰਨ ਮੈਂਬਰੀ ਡੈਲੀਗੇਟ ਜੋ ਮੁਹੰਮਦ ਆਸਨ ਭੂਨ ਦੀ ਅਗਵਾਈ ਵਿੱਚ ਮੈਰੀਲੈਂਡ ਪਧਾਰਿਆ ਹੈ ਜਿਸ ਵਿੱਚ ਹਾਫਿਜ਼ ਅਨਸਾਰ ਹੱਕ ਸੁਪਰੀਮ ਕੋਰਟ ਅਟਾਰਨੀ ਅਤੇ ਖਾਲਿਦ ਪ੍ਰਵੇਜ਼ ਵੜੈਚ ਸੁਪਰੀਮ ਕੋਰਟ
ਅਟਾਰਨੀ ਸ਼ਾਮਿਲ ਹਨ ਨੇ ਵੱਖ-ਵੱਖ ਥਾਵਾਂ ’ਤੇ ਅਫਸਰਾਂ ਅਤੇ ਕਮਿਊਨਿਟੀ ਲੀਡਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸਵੇਰ ਤੋਂ ਸ਼ਾਮ ਤੱਕ ਜਾਰੀ ਰੱਖਿਆ। ਇਨ੍ਹਾਂ ਮੀਟਿੰਗਾਂ ਵਿੱਚ ਇੱਕ ਗੱਲ ਉਭਰ ਕੇ ਸਾਹਮਣੇ ਆਈ ਕਿ ਮੁਹੰਮਦ ਭੂਨ ਸਾਹਿਬ ਦੋਹਾਂ ਪੰਜਾਬਾਂ ਦੀ ਖੈਰ-ਖਵਾਹ ਅਤੇ ਤਰੱਕੀ ਦੇ ਮੁਰੀਦ ਹਨ।
ਗੌਰਤਲਬ ਹੈ ਕਿ ਉਨ੍ਹਾਂ ਨੇ ਅੱਜ ਇੱਕ ਮੀਟਿੰਗ ਸਾਡੇ ਅਮਰੀਕਾ ਸਥਿਤ ਜਰਨਲਿਸਟ ਡਾ. ਸੁਰਿੰਦਰ ਗਿੱਲ ਨਾਲ ਕੀਤੀ, ਜਿਸ ਵਿੱਚ ਉਨ੍ਹਾਂ ਦੋਹਾਂ ਪੰਜਾਬਾਂ ਦੀ ਬੋਲੀ ਸ਼ਾਹਮੁਖੀ ਅਤੇ ਗੁਰਮੁਖੀ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਅਤੇ ਆਪਣੀ ਇੱਛਾ ਜਤਾਈ ਕਿ ਹੁਣ ਵਿਦੇਸ਼ੀ ਹੀ ਦੋਹਾਂ ਪੰਜਾਬਾਂ ਦੇ ਸੁਮੇਲ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਇਸ ਲਈ ਪਹਿਲਕਦਮੀ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਕਾਰਜ ਸੈਂਟਰ ਫਾਰ ਸੋਸ਼ਲ ਚੇਂਜ ਦੇ ਵਿਹੜੇ ਤੋਂ ਸ਼ੁਰੂ ਹੋਵੇਗਾ, ਜਿਸ ਲਈ ਡਾ. ਸੁਰਿੰਦਰ ਗਿੱਲ ਦੇ ਉਪਰਾਲੇ ਅਤੇ ਸੁਝਾਅ ਅਮਲੀ ਰੂਪ ਦੇ ਪਹਿਲੂ ਹੋਣਗੇ।ਉਨ੍ਹਾਂ ਪਾਕਿਸਤਾਨ ਅਤੇ ਭਾਰਤ ਦੇ ਸਬੰਧਾਂ ਸਬੰਧੀ ਬੋਲਦੇ ਹੋਏ ਕਿਹਾ ਕਿ ਇਹ ਰਾਜਨੀਤਕ ਲੜਾਈ ਹੈ ਅਤੇ ਕੁਰਸੀ ਤੱਕ ਸੀਮੀਤ ਹੈ। ਅਸਲ ਵਿੱਚ ਸਾਡੇ ਦਿਲ ਦਿਮਾਗ ਅਤੇ ਸਾਂਝਾਂ ਦੋਹਾਂ ਭਾਈਚਾਰਿਆਂ ਦਾ ਅਤੁੱਟ ਅੰਗ ਹੈ ਜਿਸ ਨੂੰ ਦੁਨੀਆ ਦੀ ਕੋਈ ਤਾਕਤ ਅਲੱਗ ਨਹੀਂ ਕਰ ਸਕਦੀ। ਉਨ੍ਹਾਂ ਬਾਬੇ ਨਾਨਕ ਨੂੰ ਸਾਂਝੇ ਗੁਰੂ ਵਜੋਂ ਕਹਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਅਲਾਪੀ ਸ਼ਾਹਮੁਖੀ ਅਤੇ ਗੁਰਮੁਖੀ ਸਿੱਖਾਂ ਅਤੇ ਮੁਸਲਮਾਨਾਂ ਲਈ ਵਰਦਾਨ ਹੈ, ਜਿਸ ’ਤੇ ਪਹਿਰਾ ਦੇਣ ਲਈ ਵਿਦੇਸ਼ੀ ਪੰਜਾਬੀ ਕਮਿਊਨਿਟੀ ਭਾਵੇਂ ਉਹ ਲਹਿੰਦੇ ਪੰਜਾਬ ਜਾਂ ਚੜ੍ਹਦੇ ਪੰਜਾਬ ਦੀ ਹੋਵੇ ਉਹ ਇਸ ਦੇ ਪਾਬੰਦ ਰਹਿ ਕੇ ਉਸਾਰੂ ਮਾਹੌਲ ਉਸਾਰੇਗਾ।



