ਰਾਮੇਸ਼ਵਰਮ, 30 ਜੁਲਾਈ (ਪੀ. ਟੀ. ਲਾਇਵ)- ਸਾਬਕਾ ਰਾਸ਼ਟਰਪਤੀ ਅਤੇ ਮਿਜ਼ਾਇਲ ਮੈਨ ਦੇ ਨਾਂਅ ਨਾਲ ਮਸ਼ਹੂਰ ਡਾ. ਏਪੀਜੇ ਅਬਦੁਲ ਕਲਾਮ ਨੂੰ ਅੱਜ ਦੇਸ਼ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਸਵੇਰੇ 11 ਵਜੇ ਪੂਰੇ ਰਾਸ਼ਟਰੀ ਸਨਮਾਨ ਦੇ ਨਾਲ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਮਨੋਹਰ ਪਾਰੀਕਰ, ਸੰਸਦੀ ਮਾਮਲਿਆਂ ਬਾਰੇ ਮੰਤਰੀ ਵੈਂਕਈਆ ਨਾਇਡੂ, ਭਾਜਪਾ ਆਗੂ ਸ਼ਾਹ ਨਵਾਜ਼ ਹੁਸੈਨ, ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ, ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।
ਸਾਬਕਾ ਰਾਸ਼ਟਰਪਤੀ ਨੂੰ ਅੰਤਿਮ ਵਿਦਾਇਗੀ ਦੇਣ ਮੌਕੇ ਆਮ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਦੇਖਿਆ ਗਿਆ। ਇਸ ਵਿੱਚ ਵਿਸ਼ੇਸ਼ ਤੌਰ ’ਤੇ ਸਕਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਸ਼ਾਮਿਲ ਸਨ। ‘ਮਿਜ਼ਾਇਲ ਮੈਨ’ ਦੀ ਮ੍ਰਿਤਕ ਦੇਹ ਨੂੰ ਕੱਲ੍ਹ ਰਾਮੇਸ਼ਵਰਮ ਵਿਖੇ ਲਿਆਂਦਾ ਗਿਆ ਸੀ ਅਤੇ ਉਨ੍ਹਾਂ ਨੂੰ ਇੱਥੋਂ 12 ਕਿਲੋਮੀਟਰ ਦੀ ਦੂਰੀ ’ਤੇ ਮੰਡਪਮ ਦੇ ਕੋਲ ਪਕਾਰੰਬੂ ਵਿਖੇ ਦਫਨਾਇਆ ਗਿਆ। ਇਸ ਮੌਕੇ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਤਬੀਅਤ ਖਰਾਬ ਹੋਣ ਨਹੀਂ ਪਹੁੰਚ ਸਕੀ। ਜੈਲਲਿਤਾ ਦੀ ਜਗ੍ਹਾ ਉਨ੍ਹਾਂ ਵੱਲੋਂ ਇਸ ਦੌਰਾਨ 7 ਮੰਤਰੀ ਮੌਜੂਦ ਸਨ।
ਇਸ ਤੋਂ ਪਹਿਲਾਂ ਰਾਮੇਸ਼ਵਰਮ ਵਿਖੇ ਉਨ੍ਹਾਂ ਦੇ ਜੱਦੀ ਘਰ ਵਿਖੇ ਮ੍ਰਿਤਕ ਦੇਹ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ। ਡਾ. ਕਲਾਮ ਦੇ ਵੱਡੇ ਭਰਾ ਦੇ ਪੋਤੇ ਏਪੀਜੇਐਮਕੇ ਸ਼ੇਖ ਸਲੀਮ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਪੁੱਜੇ। ਸਾਡੇ ਸਾਰੇ ਰਿਸ਼ਤੇਦਾਰ ਵੀ ਉਨ੍ਹਾਂ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਿਲ ਹੋਏ। ਰਾਮੇਸ਼ਵਰਮ ਰਾਮਨਾਥੁਰਮ ਜ਼ਿਲ੍ਹੇ ਵਿੱਚ ਪੈਂਦਾ ਹੈ। ਇਹ ਚੇਨਈ ਤੋਂ 600 ਕਿਲੋਮੀਟਰ ਦੂਰ ਹੈ।



