ਜਲੰਧਰ/ਚੰਡੀਗੜ੍ਹ, 23 ਜੁਲਾਈ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਕੀਤਾ ਹੈ ਕਿ ਰਾਜ ਦੇ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਵਿਚ ਮਿੰਨੀ ਸੋਲਰ ਪਲਾਂਟ ਲਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਰਾਜ ਸਰਕਾਰ ਪੀ.ਐਸ.ਪੀ.ਸੀ.ਐਲ. ਨੂੰ ਮੁਫਤ ਬਿਜਲੀ ਲਈ ਦਿੱਤੀ ਜਾਂਦੇ ਫੰਡਾਂ ਵਿਚੋਂ ਸੋਲਰ ਖੇਤੀ ਪੰਪਾਂ ਲਈ ਰਿਆਇਤ ਦੇਣ ਬਾਰੇ ਵਿਚਾਰ ਕਰ ਰਹੀ ਹੈ। ਅੱਜ ਇੱਥੇ ਪਹਿਲੇ ਪੰਜਾਬ ਸੋਲਰ ਸੰਮੇਲਨ -2015 ਦੌਰਾਨ ਪੰਜਾਬ ਦੇ ਉਪ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਾਲ 2017 ਤੱਕ ਰਾਜ ਦੀ ਸੋਲਰ ਊਰਜਾ ਸਮਰੱਥਾ 2000 ਮੈਗਾਵਾਟ ਤੱਕ ਲਿਜਾਣ ਦਾ ਟੀਚਾ ਹੈ। ਉਨ੍ਹਾਂ ਪੰਜਾਬ ਦੇ ਨਵੀਂ ਤੇ ਨਵਿਆਉਯੋਗ ਊਰਜਾ ਬਾਰੇ ਮੰਤਰੀ ਸ, ਬਿਕਰਮ ਸਿੰਘ ਮਜੀਠੀਆ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਰਾਜ ਅੰਦਰ ਸੋਲਰ ਊਰਜਾ ਉਤਪਾਦਨ ਵਿਚ ਜ਼ਿਕਰਯੋਗ ਵਾਧੇ ਭਾਵ 2012 ਵਿਚ 9 ਮੈਗਾਵਾਟ ਸਮਰੱਥਾ ਤੋਂ ਹੁਣ 541ਮੈਗਾਵਾਟ ਤੱਕ ਲਿਜਾਣ ਤੇ 4000 ਕਰੋੜ ਰੁਪੈ
ਦੇ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਰਾਜ ਅੰਦਰ ਕਿਸਾਨਾਂ ਨੂੰ ਇਕ ਤੋਂ 2.5 ਮੈਗਾਵਾਟ ਸਮਰੱਥਾ ਵਾਲੇ ਸੋਲਰ ਪਲਾਂਟ ਅਲਾਟ ਕਰਨ ਨਾਲ ਕਿਸਾਨਾਂ ਨੂੰ ਉ¤ਦਮੀ ਬਣਨ ਵਿਚ ਮਦਦ ਮਿਲੇਗੀ ਤੇ ਇਸ ਪ੍ਰੋਗਰਾਮ ਤਹਿਤ 500 ਮੈਗਾਵਾਟ ਸਮਰੱਥਾ ਦੇ ਅਜਿਹੇ ਪ੍ਰਾਜੈਕਟ ਸਥਾਪਿਤ ਹੋ ਸਕਣਗੇ। ਉਨ੍ਹਾਂ ਕਿਹਾ ਕਿ 6000 ਏਕੜ ਤੋਂ ਵੱਧ ਜ਼ਮੀਨ ਕਿਸਾਨਾਂ ਵਲੋਂ ਪੇਡਾ ਕੋਲ ਪਹਿਲਾਂ ਹੀ ਦਰਜ ਕਰਵਾਈ ਜਾ ਚੁੱਕੀ ਹੈ ਅਤੇ ਵਿੱਡੀ ਗਿਣਤੀ ਵਿਚ ਲੋਕ ਆਪਣੀਆਂ ਜ਼ਮੀਨਾਂ ’ਤੇ ਸੋਲਰ ਪਲਾਂਟ ਲਗਵਾਉਣ ਲਈ ਉਤਸੁਕ ਹਨ। ਸੰਮੇਲਨ ਵਿਚ ਮੌਜੂਦ ਵੱਡੀ ਗਿਣਤੀ ਵਿਚ ਸੋਲਰ ਨਿਵੇਸ਼ਕਾਂ ਅੱਗੇ ਇਕ ਨਵਾਂ ਪ੍ਰਸਤਾਵ ਰੱਖਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਸੋਲਰ ਪੰਪਾਂ ਨੂੰ ਲਾਉਣ ’ਤੇ ਸਬਸਿਡੀ ਦੇਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ ਖੇਤੀ ਟਿਊਬਵੈਲਾਂ ਲਈ ਪੀ.ਐਸ.ਪੀ.ਸੀ.ਐਲ. ਨੂੰ ਦਿੱਤੇ ਜਾਂਦੇ ਫੰਡਾਂ ਨੂੰ ਇਸ ਮੰਤਵ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ 1.20 ਲੱਖ ਟਿਊਬਵੈਲ ਕੁਨੈਕਸ਼ਨ ਦਿੱਤੇ ਜਾ ਰਹੇ ਹਨ ਅਤੇ ਸਰਕਾਰ ਦੀ ਇਹ ਕੋਸ਼ਿਸ਼ ਹੋਵੇਗੀ ਕਿ ਇਨ੍ਹਾਂ ਵਿਚੋਂ ਵੱਧ ਤੋਂ ਵੱਧ ਸੋਲਰ ਪੰਪ ਲਾਏ ਜਾਣ ਜਿਸ ਨਾਲ ਜਿੱਥੇ ਥਰਮਲ ਬਿਜਲੀ ਦਾ ਬੋਝ ਘਟੇਗਾ ਉ¤ਥੇ ਭਵਿੱਖ ਵਿਚ ਖੇਤੀ ਮੰਤਵ ਲਈ ਦਿੱਤੀ ਜਾਂਦੀ ਸਬਸਿਡੀ ਵੀ ਘਟੇਗੀ।
ਇਨਵੈਸਟ ਪੰਜਾਬ ਦੀ ਤਰਜ਼ ’ਤੇ ਇਨਵੈਸਟ ਇੰਡੀਆ ਦੇ ਗਠਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਅਸੀਂ ਸਮੂਹ ਨਿਵੇਸ਼ਕਾਂ ਲਈ ਇਕ ਅਧਿਕਾਰੀ, ਇਕ ਫੋਨ ਨੰਬਰ ਤੇ ਇਕ ਸਿਰਨਾਵੇਂ ਦਾ ਨਵਾਂ ਵਿਚਾਰ ਲਿਆਂਦਾ ਸੀ ਤਾਂ ਜੋ ਰਾਜ ਅੰਦਰ ਵਪਾਰ ਬੇਹੱਦ ਸੌਖਾ ਹੋ ਸਕੇ। ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਇਸੇ ਵਿਚਾਰ ਨੂੰ ਕੇਂਦਰ ਵਿਚ ਵੀ ਅਪਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਨਵੈਸਟ ਪੰਜਾਬ ਦੀ ਸਥਾਪਨਾ ਉਪਰੰਤ ਹੁਣ ਤੱਕ 174 ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ ਤੇ ਇਕ ਪ੍ਰਸਤਾਵ ਦੀ ਸਮੁੱਚੀ ਪ੍ਰਕ੍ਰਿਆ ਮੁਕੰਮਲ ਹੋਣ ’ਤੇ ਔਸਤਨ 38 ਦਿਨ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਇਨਵੈਸਟ ਪੰਜਾਬ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਅਨਿਰੁੱਧ ਤਿਵਾੜੀ ਨੂੰ ਨਿਰਦੇਸ਼ ਦਿੱਤੇ ਹਨ ਕਿ ਇਹ ਸਮਾਂ ਘਟਾਕੇ ਵੱਧ ਤੋਂ ਵੱਧ 30 ਦਿਨਾਂ ’ਤੇ ਲਿਆਂਦਾ ਜਾਵੇ।
ਇਸ ਮੌਕੇ ਬੋਲਦਿਆਂ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਬਾਰੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਹਰੇ ਇਨਕਲਾਬ ਦਾ ਮੋਹਰੀ ਸੂਬਾ ਅੱਜ ਸਾਫ ਸੁਥਰੀ ਊਰਜਾ ਦੇ ਇਨਕਲਾਬ ਵਿਚ ਵੀ ਦੇਸ਼ ਦੀ ਅਗਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਪੰਜਾਬ ਦੀ ਪ੍ਰਾਪਤੀ ਹੈ ਕਿ ਜ਼ਮੀਨ ਦੀ ਬੇਹੱਦ ਕਮੀ ਦੇ ਬਾਵਜੂਦ ਰਾਜ ਦਾ ਸੋਲਰ ਊਰਜਾ ਪ੍ਰੋਤਸਾਹਨ ਮਿਸ਼ਨ ਬੇਹੱਦ ਸਫਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾਂ ਤਾਂ ਸਾਡੇ ਕੋਲ ਕੋਈ ਗੈਰ ਕਾਸ਼ਤ ਯੋਗ ਜਾਂ ਬੇਅਬਾਦ ਜ਼ਮੀਨ ਹੈ ਅਤੇ ਨਾ ਹੀ ਰਾਜਸਥਾਨ ਤੇ ਮੱਧ ਪ੍ਰਦੇਸ਼ ਜਿਹੇ ਵੱਡੇ ਰਾਜਾਂ ਜਿਨ੍ਹਾਂ ਰਕਬਾ ਹੈ।
ਪੰਜਾਬ ਦੇ ਸਫਲ ਸੌਰ ਊਰਜਾ ਸਫਰ ਨੂੰ ਬਿਆਨ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਰਾਜ ਪੁਰਾਣੇ ਕਾਨੂੰਨਾਂ ਤੇ ਹਾਲਾਤ ਨੂੰ ਬਦਲਦਿਆਂ ਦੇਸ਼ ਦੀ ਬੇਹਤਰੀਨ ਸੋਲਰ ਨੀਤੀ ਤਿਆਰ ਕੀਤੀ ਗਈ ਅਤੇ ਪੀ.ਐਸ.ਪੀ.ਸੀ.ਐਲ. ਨਾਲ 25 ਸਾਲਾਂ ਤੱਕ ਬਿਜਲੀ ਦੀ ਖਰੀਦ ਦੇ ਸਮਝੌਤੇ ਨੇ ਸੋਨੇ ’ਤੇ ਸੁਹਾਗੇ ਦਾ ਕੰਮ ਕੀਤਾ ਹੈ। ਇਸ ਤਂੋ ਇਲਾਵਾ ਬਿਜਲੀ ਨਿਗਮ ਦੀ ਬੀ ਪਲੱਸ ਜਿਹੀ .ਦਰਜਾਬੰਦੀ ਨੇ ਵੀ ਨਿਵੇਸ਼ਕਾਂ ਦੇ ਹੌਸਲੇ ਵਧਾਏ ਹਨ। ਉਨ੍ਹਾਂ ਨਿਗਮ ਦੇ ਚੇਅਰਮੈਨ ਸ਼੍ਰੀ ਕੇ.ਡੀ. ਚੌਧਰੀ ਦਾ ਵੀ ਪੰਜਾਬ ਦੀ ਇਸ ਸਫਲ ਯਾਤਰਾ ਵਿਚ ਅਹਿਮ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ।
ਉਨ੍ਹਾਂ ਦੱਸਿਆ ਕਿ ਉਪ ਮੁੱਖ ਮੰਤਰੀ ਦੀ ਨਿਵੇਸ਼ ਅਤੇ ਸੁਚਾਰੂ ਸਨਅਤੀ ਮਾਹੌਲ ਪ੍ਰਤੀ ਪਹੁੰਚ ਦਾ ਵੀ ਸਾਨੂੰ ਵੱਡਾ ਲਾਭ ਮਿਲਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਰਾਜ ਸਰਕਾਰ ਵਲੋਂ 50 ਮੈਗਾਵਾਟ ਪ੍ਰਤੀ ਪ੍ਰਾਜੈਕਟ ਦੀ ਸਮਰੱਥਾ ਵਾਲੇ 500 ਮੈਗਾਵਾਟ ਦੇ ਵੱਡੇ ਪ੍ਰਾਜੈਕਟਾਂ ਦੀ ਸਥਾਪਨਾ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਲਈ ਇਕ ਥਾਂ ਜ਼ਮੀਨ ਇਕੱਠੀ ਨਾ ਮਿਲਣ ਦੀ ਸੂਰਤ ਵਿਚ ਨਿਵੇਸ਼ਕਾਂ ਨੂੰ ਆਪਣੇ ਪ੍ਰਾਜੈਕਟ ਨੂੰ 10 ਹਿੱਸਿਆਂ ਵਿਚ ਅੱਗੇ ਵੰਡਣ ਦੀ ਪ੍ਰਵਾਨਗੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਦੀ ਇਕ ਹੋਰ ਵੱਡੀ ਪ੍ਰਾਪਤੀ ਦੁਨੀਆਂ ਦਾ ਸਭ ਤੋਂ ਵੱਡਾ 7.5 ਮੈਗਾਵਾਟ ਸਮਰੱਥਾ ਵਾਲਾ ਛੱਤ ’ਤੇ ਲੱਗਾ ਸੋਲਰ ਪ੍ਰਾਜੈਕਟ ਰਾਧਾ ਸੁਆਮੀ ਸਤਿਸੰਗ ਬਿਆਸ ਵਿਖੇ ਰਿਕਾਰਡ 9 ਮਹੀਨਿਆਂ ਵਿਚ ਲੱਗਾ ਹੈ ਅਤੇ ਹੁਣ ਇਸ ਪ੍ਰਾਜੈਕਟ ਨੂੰ 12.5 ਮੈਗਾਵਾਟ ਹੋਰ ਵਧਾਕੇ 20 ਮੈਗਾਵਾਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਰਾਜ ਸਰਕਾਰ ਵਲੋਂ 53 ਮੈਗਾਵਾਟ ਦੇ ਛੱਤਾਂ ’ਤੇ ਲੱਗਣ ਵਾਲੇ ਪ੍ਰਾਜੈਕਟ ਅਲਾਟ ਕੀਤੇ ਜਾ ਚੁੱਕੇ ਹਨ।
ਸੂਬੇ ਦੇ ਵਿਸ਼ਾਲ ਨਹਿਰੀ ਨੈਟਵਰਕ ਨੂੰ ਸੂਰਜੀ ਪ੍ਰੋਜੈਕਟ ਲਾਉਣ ਲਈ ਵੱਡਾ ਸਰੋਤ ਦੱਸਦਿਆਂ ਸ. ਮਜੀਠੀਆ ਨੇ ਕਿਹਾ ਕਿ ਪੰਜਾਬ ’ਚ 5000 ਕਿਲੋਮੀਟਰ ਤੋਂ ਲੰਬਾ ਨਹਿਰੀ ਢਾਂਚਾ ਹੈ ਅਤੇ ਇਸ ਸਰੋਤ ਨੂੰ ਵਰਤੋਂ ’ਚ ਲਿਆਉਣ ਲਈ ਅਸੀਂ ਨਹਿਰਾਂ ਦੇ ਉ¤ਤੇ ਲੱਗਣ ਵਾਲੇ 20 ਮੈਗਾਵਾਟ ਦੇ ਸੋਲਰ ਪ੍ਰੋਜੈਕਟਾਂ ਦੇ ਟੈਂਡਰ ਜਾਰੀ ਕਰਨ ਨਾਲ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾ ਪ੍ਰੋਜੈਕਟਾਂ ਨੂੰ ਲਾਉਣ ’ਚ ਆਉਣ ਵਾਲੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਇਸ ਪ੍ਰੋਜੈਕਟ ਲਈ ਬੋਲੀ ਲਾਉਣ ਵਾਲੇ ਉਦਮੀਆਂ ਨੂੰ 3.5 ਕਰੋੜ ਰੁਪਏ ਪ੍ਰਤੀ ਮੈਗਾਵਾਟ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਵੇਗੀ।
ਸ. ਮਜੀਠੀਆ ਨੇ ਕਿਹਾ ਕਿ ਸਨ ਗਰੁੱਪ, ਪੁੰਜ ਲੁਲੌਇਡ ਇਨਫਰਾਸਟੱਕਚਰ, ਲੋਨਕੋ ਸੋਲਰ, ਐਲ ਐਂਡ ਟੀ ਇਨਫਰਾਸਟੱਕਚਰ, ਫੈਡਰਜ਼ ਲੁਲੌਇਡ, ਇਮਾਮੀ ਪਾਵਰ, ਅਜ਼ੋਰ ਪਾਵਰ, ਮਹਿੰਦਰਾ, ਹੀਰੋ ਫਿਊਚਰ ਐਨਰਜੀ, ਸਟਰਲਾਈਟ, ਐਕਮੇ ਸੋਲਰ ਅਤੇ ਰਿਨੀਊ ਪਾਵਰ ਸਮੇਤ ਕਈ ਹੋਰ ਦੇਸ਼ ਦੀਆਂ ਸਰਵੋਤਮ ਕੰਪਨੀਆਂ ਨੂੰ ਸੂਬੇ ਅੰਦਰ ਸੂਰਜੀ ਊਰਜਾ ਦੇ ਖੇਤਰ ’ਚ ਨਿਵੇਸ਼ ਕਰਨ ਲਈ ਪ੍ਰੇਰਣ ’ਚ ਪੰਜਾਬ ਸਰਕਾਰ ਨੇ ਕਾਮਯਾਬੀ ਹਾਸਿਲ ਕੀਤੀ ਹੈ। ਇਸੇ ਤਰ੍ਹਾ ਸੂਬੇ ’ਚ ਨਿਵੇਸ਼ ਕਰਨ ਵਾਲੇ ਵਿਦੇਸ਼ੀ ਨਿਵੇਸ਼ਕਾਂ ’ਚ ਸਕਾਈ ਪਾਵਰ ਕਨੇਡਾ, ਲਾਈਟ ਹਾਊਸ ਯੂ.ਕੇ ਅਤੇ ਸੋਲਰ ਡਾਇਰੈਕਟ ਫਰਾਂਸ ਵਰਗੀਆਂ ਸੂਰਜੀ ਊਰਜਾ ਪੈਦਾ ਕਰਨ ਵਾਲੀਆਂ ਵਿਸ਼ਵ ਦੀਆਂ ਵੱਡੀਆਂ ਕੰਪਨੀਆਂ ਸ਼ਾਮਿਲ ਹਨ। ਇਸ ਤੋਂ ਇਲਾਵਾ ਪ੍ਰਵਾਸੀ ਪੰਜਾਬੀਆਂ ਤੋਂ ਵੀ ਪੰਜਾਬੀ ਦੀ ਸੂਰਜੀ ਊਰਜਾ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ ਜਿਸ ਸਦਕਾ ਅਮਰੀਕਾ, ਇੰਗਲੈਂਡ ਅਤੇ ਸਲੋਵਾਕੀਆ ਵਰਗੇ ਦੇਸ਼ਾਂ ਤੋਂ ਪ੍ਰਵਾਸੀ ਪੰਜਾਬੀਆਂ ਨੇ ਇਸ ਖੇਤਰ ’ਚ 655 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਨਵਿਆਉਣਯੋਗ ਊਰਜਾ ਬਾਰੇ ਕੇਂਦਰੀ ਮੰਤਰਾਲੇ ਦੇ ਸੰਯੁਕਤ ਸਕੱਤਰ ਸ੍ਰੀ ਤਰੁਨ ਕਪੂਰ ਨੇ ਪੰਜਾਬ ਸਰਕਾਰ ਵੱਲੋਂ ਸੂਰਜੀ ਹੋਰ ਨਵਿਆਉਣਯੋਗ ਊਰਜਾ ਦੇ ਖੇਤਰਾਂ ’ਚ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਸੂਬੇ ਨੂੰ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਤੇ ਸਹਿਯੋਗ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਹੋਰਨਾਂ ਰਾਜਾਂ ਨੇ ਸੋਲਰ ਊਰਜਾ ਦੇ ਖੇਤਰ ਵਿਚ ਕੇਂਦਰ ਦੀ ਸਹਾਇਤਾ ਨਾਲ ਪੇਸ਼ਕਦਮੀ ਕੀਤੀ ਉ¤ਥੇ ਪੰਜਾਬ ਨੇ ਆਪਣਾ ਸਫਰ ਖੁਦ ਤੈਅ ਕੀਤਾ ਹੈ ਅਤੇ ਦੇਸ਼ ਅੰਦਰ ਬਿਹਤਰੀਨ ਕਾਰਗੁਜ਼ਾਰੀ ਦਾ ਨਮੂਨਾ ਪੇਸ਼ ਕੀਤਾ ਹੈ।
ਇਸ ਮੌਕੇ ਨਵੀਂ ਅਤੇ ਨਵਿਆਉਣਯੋਗ ਊਰਜਾ ਬਾਰੇ ਪੰਜਾਬ ਦੇ ਸਕੱਤਰ ਸ੍ਰੀ ਅਨਿਰੁਧ ਤਿਵਾੜੀ ਨੇ ਨਵਿਆਉਣਯੋਗ ਊਰਜਾ ਦੇ ਖੇਤਰ ’ਚ ਸੂਬੇ ਵੱਲੋਂ ਕੀਤੇ ਗਏ ਉਪਰਾਲਿਆਂ ਅਤੇ ਬਣਾਈ ਗਈ ਭਵਿੱਖੀ ਨੀਤੀ ਬਾਰੇ ਵਿਸਤਾਰ ’ਚ ਦੱਸਿਆ।
ਇਸ ਮੌਕੇ ਪੁੰਜ ਲੁਲੌਇਡ ਤੋਂ ਸ੍ਰੀ ਅਤੁਲ ਪੁੰਜ, ਸੋਲਰ ਡਾਇਰੈਕਟ ਦੇ ਐਮ.ਡੀ. ਸ੍ਰੀ ਗੌਰਵ ਸੂਦ, ਰਾਧਾ ਸੁਆਮੀ ਸਤਸੰਗ ਬਿਆਸ ਤੋਂ ਸ੍ਰੀ ਐਸ.ਐਸ. ਚੱਢਾ, ਲੈਨਕੋ ਦੇ ਸੀ.ਈ.ਓੇ ਸ੍ਰੀ ਰਾਜ ਕੁਮਾਰ ਰਾਏ, ਅਜ਼ੂਰ ਪਾਵਰ ਤੋਂ ਸ੍ਰੀ ਪ੍ਰੀਤ ਸੰਧੂ ਅਤੇ ਵੇੈਲਸਪੁਨ ਤੋਂ ਸ੍ਰੀ ਟੀ. ਆਰ. ਕਿਸ਼ੋਰ ਨਾਇਰ ਨੇ ਵੀ ਪੰਜਾਬ ਅੰਦਰ ਨਿਵੇਸ਼ ਕਰਨ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ। ਨਿਵੇਸ਼ਕਾਂ ਨੇ ਕਿਹਾ ਕਿ ਪੰਜਾਬ ਅੰਦਰ ਬਿਹਤਰੀਨ ਟੀਮ ਤੇ ਵਿਵਸਥਾ ਸਦਕਾ ਉਨ੍ਹਾਂ ਨੂੰ ਕਦੇ ਵੀ ਸਿਆਸੀ ਲੋਕਾਂ ਤੱਕ ਪਹੁੰਚ ਨਹੀਂ ਕਰਨੀ ਪਈ । ਉਨ੍ਹਾਂ ਕਿਹਾ ਕਿ ਨਵਿਆਉਣਯੋਗ ਊਰਜਾ ਵਿਭਾਗ ਵਲੋਂ ਨਾ ਕੇਵਲ ਵਿਭਾਗੀ ਬਲਕਿ ਹੋਰਨਾਂ ਵਿਭਾਗਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਗਿਆ।
ਇਰੀਡਾ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਕੇ.ਐਸ.ਪੋਪਲੀ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਧ ਤੋਂ ਵੱਧ ਸੋਲਰ ਪ੍ਰਾਜੈਕਟਾਂ ਲਈ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ ਅਤੇ ਹੁਣ ਐਲੀਵੇਟਡ ਸੋਲਰ ਪੈਨਲਾਂ ਦੀ ਯੋਜਨਾ ਲਿਆਂਦੀ ਜਾ ਰਹੀ ਹੈ ਤਾਂ ਜੋ ਪ੍ਰਾਜੈਕਟ ਹੇਠਲੀ ਜ਼ਮੀਨ ਨੂੰ ਖੇਤੀ ਮੰਤਵ ਲਈ ਵੀ ਵਰਤਿਆ ਜਾ ਸਕੇ।
ਇਸ ਉਪਰੰਤ ਸ. ਸੁਖਬੀਰ ਸਿੰਘ ਬਾਦਲ ਅਤੇ ਸ. ਮਜੀਠੀਆ ਨੇ ਸੂਬੇ ਅੰਦਰ ਸੂਰਜੀ ਊਰਜਾ ਦੇ ਖੇਤਰ ’ਚ ਨਿਵੇਸ਼ ਕਰਨ ਵਾਲੇ 47 ਉਦਮੀਆਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ, ਪੇਡਾ ਦੇ ਚੇਅਰਮੈਨ ਸ੍ਰੀ ਉਪਕਾਰ ਸਿੰਘ ਸੰਧੂ, ਪਾਵਰਕੌਮ ਦੇ ਚੇਅਰਮੈਨ ਸ੍ਰੀ ਕੇ.ਡੀ. ਚੌਧਰੀ, ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਹਰਚਰਨ ਬੈਂਸ ਅਤੇ ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ ਸਿੰਘ ਵੀ ਹਾਜਿਰ ਸਨ।



