ਚੰਡੀਗੜ੍ਹ, 13 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਹਾੜੀ ਦੇ ਆਉਂਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਵੱਖ-ਵੱਖ ਕਿਸਮਾਂ ਦੇ ਕਣਕ ਦੇ ਮਿਆਰੀ ਬੀਜ ਸਬਸਿਡੀ ਉਤੇ ਸਪਲਾਈ ਕਰਵਾਉਣ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪਿਛਲੀ ਸ਼ਾਮ ਪੰਜਾਬ ਭਵਨ ਵਿਖੇ ਸੂਬਾਈ ਅਤੇ ਰਾਸ਼ਟਰੀ ਬੀਜ ਉਤਪਾਦਕ ਏਜੰਸੀਆਂ ਅਤੇ ਸਥਾਨਕ ਬੀਜ ਉਤਪਾਦਕਾਂ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਸੂਬੇ ਦੇ ਖੇਤੀਬਾੜੀ ਡਾਇਰੈਕਟੋਰੇਟ ਨਾਲ ਤਾਲਮੇਲ ਕਰਕੇ ਪਨਸਪ, ਇਫਕੋ, ਕਰਿਭਕੋ, ਰਾਸ਼ਟਰੀ ਸੀਡ ਕਾਰਪੋਰੇਸ਼ਨ (ਐਨ.ਐਸ.ਸੀ), ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਨਿੱਜੀ ਬੀਜ ਉਤਪਾਦਕਾਂ ਕੋਲੋਂ ਕਣਕ ਦੇ
ਮਿਆਰੀ ਬੀਜ ਖਰੀਦਣ ਨੂੰ ਯਕੀਨੀ ਬਣਾਉਣ ਵਾਸਤੇ ਆਖਿਆ। ਉਨ੍ਹਾਂ ਨੇ ਪੰਜਾਬ ਖੇਤਬਾੜੀ ਯੂਨੀਵਰਸਿਟੀ ਦੇ ਐਕਸਟੈਂਸ਼ਨ ਸਰਵਿਸਜ਼ ਵਿੰਗ ਨੂੰ ਨਿਰਦੇਸ਼ ਦਿੱਤੇ ਕਿ ਉਹ ਆਉਂਦੇ ਹਾੜੀ ਦੇ ਸੀਜ਼ਨ ਦੌਰਾਨ ਕਣਕ ਬੀਜਣ ਸਬੰਧੀ ਸਹੀ ਸਮੇਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਆਧੁਨਿਕ ਖੇਤੀ ਅਮਲਾਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਉਣ ਤਾਂ ਜੋ ਕਣਕ ਦੇ ਮਿਆਰ ਅਤੇ ਝਾੜ ਵਿਚ ਵਾਧਾ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਜ਼ਿਆਦਾ ਝਾੜ ਦੇਣ ਵਾਲੀਆਂ ਕਿਸਮਾਂ ਦੇ ਮਿਆਰੀ ਬੀਜ ਬੀਜਣ ਵਾਸਤੇ ਕਿਸਾਨਾਂ ਨੂੰ ਉਤਸ਼ਾਹਤ ਕਰਨ ਲਈ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਦਿੱਤੇ ਅਤੇ ਸੂਬੇ ਵਿਚ ‘ਸੀਡ ਵਿਲੇਜਜ਼’ ਲਈ ਕੁਝ ਪਿੰਡਾਂ ਦੀ ਸ਼ਨਾਖਤ ਕਰਨ ਵਾਸਤੇ ਵੀ ਆਖਿਆ। ਉਨ੍ਹਾਂ ਕਿਹਾ ਕਿ ਇਹ ਮਿਆਰੀ ਬੀਜ ਬੀਜਣ ਦੀ ਇੱਛਾ ਰੱਖਣ ਵਾਲੇ ਕਿਸਾਨਾਂ ਨੂੰ ਢੁੱਕਵੀਂ ਸਿਖਲਾਈ ਅਤੇ ਤਕਨੀਕੀ ਗਿਆਨ ਮੁਹੱਈਆ ਕਰਵਾਇਆ ਜਾਵੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਮੌਸਮ ਦੇ ਪੱਖ ਤੋਂ ਕਣਕ ਦੀਆਂ ਢੁੱਕਵੀਆਂ ਵੱਖ-ਵੱਖ ਕਿਸਮਾਂ ਦੇ ਲਈ ਇਲਾਕਿਆਂ ਦੀ ਨਿਸ਼ਾਨਦੇਹੀ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਕਣਕ ਦੀ ਖੋਜ ਦੇ ਡਾਇਰੈਕਟੋਰੇਟ (ਡੀ.ਡਬਲਯੂ.ਆਰ) ਨੂੰ ਨਿਰਦੇਸ਼ ਦਿੱਤੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਡੀ.ਡਬਲਯੂ.ਆਰ ਕਣਕ ਦੀ ਪੈਦਾਵਾਰ ਨੂੰ ਇਕਸਾਰ ਰੱਖਣ ਵਾਸਤੇ ਸੂਬੇ ਦੇ ਕਿਸਾਨਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਆਪਣੀਆਂ ਸਿਫਾਰਿਸ਼ਾਂ ਖੇਤੀਬਾੜੀ ਵਿਭਾਗ ਨੂੰ ਦੇਣਗੀਆਂ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਇੱਕ ਪ੍ਰਚਾਰ ਮੁਹਿੰਮ ਆਰੰਭਣ ਲਈ ਆਖਿਆ ਹੈ ਤਾਂ ਜੋ ਕਿਸਾਨਾਂ ਨੂੰ ਨਵੇਂ ਖੇਤੀ ਅਮਲਾਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ।ਇਸੇ ਦੌਰਾਨ ਵਧੀਕ ਮੁੱਖ ਸਕੱਤਰ (ਵਿਕਾਸ) ਨੇ ਸ. ਬਾਦਲ ਨੂੰ ਦੱਸਿਆ ਕਿ 2015-16 ਦੀ ਹਾੜੀ ਦੌਰਾਨ 35 ਲੱਖ ਹੈਕਟੇਅਰ ਇਲਾਕੇ ਵਿਚ ਬਿਜਾਈ ਕੀਤੀ ਜਾਵੇਗੀ ਜਿਸ ਦੇ ਵਾਸਤੇ 35 ਲੱਖ ਕੁਇੰਟਲ ਕਣਕ ਦੇ ਮਿਆਰੀ ਬੀਜਾਂ ਦੀ ਜ਼ਰੂਰਤ ਹੋਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਨੂੰ ਇਸ ਸਮੇਂ ਮਿਆਰੀ ਬੀਜਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਿਸਾਨਾਂ ਵਲੋਂ ਵਰਤੇ ਜਾਂਦੇ ਮਿਆਰੀ ਬੀਜਾਂ ਦਾ ਵੱਡਾ ਹਿੱਸਾ ਪਿਛਲੇ ਸਾਲ ਗੈਰ-ਮੌਸਮੀ ਮੀਂਹ, ਗੜੇਮਾਰੀ ਅਤੇ ਅਢੁੱਕਵੀਆਂ ਮੌਸਮੀ ਹਾਲਤਾਂ ਦੇ ਕਾਰਨ ਪੀਲੀ ਕੁੰਗੀ ਅਤੇ ਕਰਨਾਲ ਕੁੰਗੀੇ ਕਾਰਨ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਨੇ ਸ. ਬਾਦਲ ਨੂੰ ਭਰੋਸਾ ਦਵਾਇਆ ਕਿ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਸ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਕਿਸਾਨਾਂ ਨੂੰ ਹਾੜੀ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਣਕ ਦਾ ਲੋੜੀਂਦਾ ਬੀਜ ਮੁਹੱਈਆ ਕਰਵਾ ਦਿੱਤਾ ਜਾਵੇਗਾ।
ਵਿਚਾਰ ਚਰਚਾ ਦੌਰਾਨ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ.ਐਸ. ਢਿੱਲੋਂ ਨੇ ਦੱਸਿਆ ਕਿ ਐਚ.ਡੀ-3086, ਐਚ.ਡੀ-2967 ਅਤੇ ਡਬਲਯੂ.ਐਚ-1105 ਵਰਗੀਆਂ ਕਿਸਮਾਂ ਪੰਜਾਬ ਅਤੇ ਹਰਿਆਣਾ ਦੇ ਮੌਸਮ ਲਈ ਸਭ ਤੋਂ ਵੱਧ ਢੁੱਕਵੀਆਂ ਹਨ। ਇਨ੍ਹਾਂ ਕਿਸਮਾਂ ਦਾ ਬੀਜ ਸੂਬੇ ਦੇ ਕਿਸਾਨਾਂ ਤੋਂ ਖਰੀਦਣ ਦੀ ਜ਼ਰੂਰਤ ਹੈ। ਪੀ.ਬੀ.ਡਬਲਯੂ-550 ਅਤੇ ਪੀ.ਬੀ.ਡਬਲਯੂ-621 ਵੀ ਚੰਗੀਆਂ ਕਿਸਮਾਂ ਹਨ ਪਰ ਕਿਸਾਨਾਂ ਵਲੋਂ ਇਨ੍ਹਾਂ ’ਚ ਦਿਲਚਸਪੀ ਨਹੀਂ ਦਿਖਾਈ ਜਾ ਰਹੀ। ਉਨ੍ਹਾਂ ਅੱਗੇ ਦੱਸਿਆ ਕਿ ਅਣਕਿਆਸੇ ਮੌਸਮ ਕਾਰਨ ਬਠਿੰਡਾ, ਫਰੀਦਕੋਟ, ਮੁਕਤਸਰ, ਮਾਨਸਾ ਅਤੇ ਸੰਗਰੂਰ ਜ਼ਿਲ੍ਹਿਆਂ ਵਿਚ ਬੀਜ ਦਾ ਘੱਟ ਨੁਕਸਾਨ ਹੋਇਆ ਹੈ। ਇਨ੍ਹਾਂ ਇਲਾਕਿਆਂ ਵਿਚ ਕਣਕ ਦਾ ਬੀਜ ਮਿਆਰੀ ਹੈ ਇਸ ਕਰਕੇ ਦੂਜੇ ਇਲਾਕਿਆਂ ਲਈ ਬੀਜ ਖਰੀਦਣ ਦੀ ਜ਼ਰੂਰਤ ਹੈ ਜਿਥੇ ਕਿ ਕਣਕ ਦਾ ਬੀਜ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਇਹ ਵੀ ਬੇਨਤੀ ਕੀਤੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਵਾਤਾਅਨੁਕੂਲ ਸਟੋਰੇਜ਼ ਸਹੂਲਤ ਦੀ ਜ਼ਰੂਰਤ ਹੈ ਤਾਂ ਜੋ ਵੱਖ-ਵੱਖ ਤਰ੍ਹਾਂ ਦੇ ਬੀਜਾਂ ਨੂੰ ਵਧੀਆ ਹਾਲਤਾਂ ਵਿਚ ਰੱਖਿਆ ਜਾ ਸਕੇ।
ਡਾਇਰੈਕਟੋਰੇਟ ਕਣਕ ਖੋਜ ਕਰਨਾਲ (ਡੀ.ਡਬਲਯੂ.ਆਰ) ਦੀ ਡਾਇਰੈਕਟਰ ਡਾ. ਇੰਦੂ ਸ਼ਰਮਾ ਨੇ ਸੁਝਾਅ ਦਿੱਤਾ ਕਿ ਜ਼ਮੀਨ ਵਾਹੁਣ ਤੋਂ ਬਿਨ੍ਹਾਂ ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ ਉਤਸ਼ਾਹਤ ਕਰਨ ਦੀ ਜ਼ਰੂਰਤ ਹੈ ਤਾਂ ਜੋ ਅਨਾਜ ਦੇ ਮਿਆਰ ਨੂੰ ਬਣਾਈ ਰੱਖਿਆ ਜਾ ਸਕੇ। ਉਨ੍ਹਾਂ ਨੇ ਨਦੀਨਨਾਸ਼ਕ, ਕੀਟਨਾਸ਼ਕ ਅਤੇ ਹੋਰ ਬਿਮਾਰੀਆਂ ਦੀ ਮਹਾਂਮਾਰੀ ਜਾਂ ਮੌਸਮ ਦੀ ਖਰਾਬੀ ਕਾਰਨ ਨੁਕਸਾਨ ਤੋਂ ਬਚਣ ਲਈ ਕਣਕ ਦੀ ਕਿਸਮੀ ਵਿਭਿੰਨਤਾ ’ਤੇ ਵੀ ਜ਼ੋਰ ਦਿੱਤਾ।
ਇਸੇ ਮੌਕੇ ਹਾਜ਼ਰ ਹੋਰਨਾਂ ਵਿਚ ਵਧੀਕ ਮੁੱਖ ਸਕੱਤਰ ਵਿਕਾਸ ਸ੍ਰੀ ਸੁਰੇਸ਼ ਕੁਮਾਰ, ਐਮ.ਡੀ. ਪੰਜਾਬ ਐਗਰੋ ਸ੍ਰੀ ਕਾਹਨ ਸਿੰਘ ਪਨੂੰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਬੀ.ਐਸ. ਢਿੱਲੋਂ, ਡਾਇਰੈਕਟਰ ਖੇਤੀਬਾੜੀ ਡਾ. ਮੰਗਲ ਸਿੰਘ ਸੰਧੂ, ਸੀ.ਆਈ.ਐਮ.ਐਮ.ਫਾਈ.ਟੀ ਦਿੱਲੀ ਦੇ ਖੇਤੀ ਮਾਹਿਰ ਡਾ. ਐਮ.ਐਲ ਜੱਟ, ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਸਲਾਹਕਾਰ ਡਾ. ਐਸ.ਐਸ. ਬੈਂਸ, ਐਮ.ਡੀ. ਪਨਸੀਡ ਡਾ. ਐਸ.ਐਸ. ਕੰਧਾਰੀ ਅਤੇ ਡਾਇਰੈਕਟਰ ਪੰਜਾਬ ਰਾਜ ਸੀਡ ਸਰਟੀਫਿਕੇਸ਼ਨ ਅਥਾਰਟੀ ਡਾ. ਪੀ.ਐਸ. ਔਲਖ ਸ਼ਾਮਲ ਸਨ।



