ਜਲੰਧਰ/ਲੁਧਿਆਣਾ, 10 ਜੁਲਾਈ- ‘‘ਬਾਪੂ ਸੂਰਤ ਸਿੰਘ ਖਾਲਸਾ ਦਾ ਸਿਦਕ ਸਿਰੜ ਤੇ ਦ੍ਰਿੜ੍ਹਤਾ ਕੌਮੀ ਸੂਰਬੀਰਤਾ ਦੀ ਗਵਾਹੀ ਹੈ। ਬਾਪੂ ਕੌਮ ਦੀ ਅਮਾਨਤ ਹੈ। ਬਾਪੂ ਦੀ ਜ਼ਿੰਦਗੀ ਭਵਿੱਖ ਵਿਚ ਜਿੱਥੇ ਕੌਮ ਦੀ ਨਿੱਗਰਤਾ ਲਈ ਬਹੁਤ ਮਹੱਤਵ ਰੱਖਦੀ ਹੈ ਉੱਥੇ ਵਿਸ਼ਵ ਭਰ ਵਿਚ ਮਾਨਵੀ ਕਦਰਾਂ ਕੀਮਤਾਂ ਦੀ ਬਹਾਲੀ ਲਈ ਪਹਿਰੇਦਾਰੀ ਕਰੇਗੀ। ਇਸ ਲਈ ਕੌਮ ਦੀਆਂ ਜ਼ਿੰਮੇਵਾਰ ਪਦਵੀਆਂ ਉਪਰ ਬੈਠੇ ਆਗੂਆਂ ਨੂੰ ਬਾਪੂ ਦੀ ਜਾਨ ਬਚਾਉਣ ਲਈ ਤੁਰੰਤ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਸਰਕਾਰ ਜੇਲ੍ਹਾਂ ਵਿਚ ਨਜਾਇਜ਼ ਬੰਦ ਸਿੰਘਾਂ ਦੀ ਰਿਹਾਈ ਲਈ ਕੋਈ ਐਸੀ ਪਹਿਲਕਦਮੀ ਦਿਖਾਵੇ ਜਿਸ ਨਾਲ ਕੌਮ ਨੂੰ ਤੇ ਬਾਪੂ ਨੂੰ ਫੈਸਲਾਕੁੰਨ ਭਰੋਸਾ ਮਿਲ ਸਕੇ। ਜੇਕਰ ਬਾਪੂ ਜੀ ਦੀ ਸ਼ਹੀਦੀ ਹੋ ਜਾਂਦੀ ਹੈ ਉਸ ਨਾਲ ਜਿੱਥੇ ਮਾਹੌਲ ਅਸ਼ਾਂਤ ਹੋਵੇਗਾ
ਉੱਥੇ ਸਿੱਖ ਕੌਮ ਅੰਦਰ ਬੇਗਾਨਗੀ ਦਾ ਅਹਿਸਾਸ ਹੋਰ ਪ੍ਰਚੰਡ ਹੋਵੇਗਾ। ਇਸ ਲਈ ਕੌਮੀ ਆਗੂਆਂ ਨੂੰ ਅਤੇ ਸਰਕਾਰਾਂ ਨੂੰ ਦਿਨ-ਰਾਤ ਇਕ ਕਰਕੇ ਬਾਪੂ ਵੱਲੋਂ ਆਰੰਭੇ ਸੰਘਰਸ਼ ਨੂੰ ਸਫਲਤਾਪੂਰਵਕ ਸਿਰੇ ਲਾਉਣ ਲਈ ਅੱਗੇ ਆਉਣਾ ਚਾਹੀਦਾ ਹੈ।’’ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਇਸ ਨਾਜ਼ੁਕ ਸਥਿਤੀ ਵਿੱਚ ਸਰਕਾਰ ਨੂੰ ਐਸੀ ਮਿਸਾਲ ਪੇਸ਼ ਕਰਨੀ ਚਾਹੀਦੀ ਹੈ ਕਿ ਜਿਸ ਦੀ ਵਿਸ਼ਵ ਭਰ ਵਿਚ ਸ਼ਲਾਘਾ ਹੋਵੇ ਅਤੇ ਪੰਥਕ ਜਥੇਬੰਦੀਆਂ ਪੰਥਕ ਗੁਰਮਤੇ ਦੀ ਜੁਗਤ ਨੂੰ ਅਪਣਾ ਕੇ ਅੱਗੇ ਵਧਣ। ਤਾਲਮੇਲ ਕਮੇਟੀ ਵੱਲੋਂ ਅੱਜ ਦਿੱਤੇ ਗਏ ਲੁਧਿਆਣਾ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ।



