ਧਨੌਲਾ, 1 ਜੁਲਾਈ (ਸਰਾਜ ਘਨੌਰ, ਸ਼ੰਕਰ ਬਾਂਸਲ)- ਬੁੱਧਵਾਰ ਸਵੇਰੇ ਪਿੰਡ ਹਰੀਗੜ੍ਹ, ਬਡਬਰ, ਧਨੌਲਾ, ਭੂਰੇ ਨਾਲ ਸਬੰਧਤ ਕਿਸਾਨਾਂ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਪਿੰਡ ਹਰੀਗੜ੍ਹ ਵਿੱਚੋਂ ਗੁਜ਼ਰਦੀ ਬਰਸਾਤੀ ਡਰੇਨ ਅਚਾਨਕ ਓਵਰਫਲੋਅ ਹੋਣ ਕਾਰਨ ਇਸ ਦੇ ਪਾਣੀ ਨੇ ਕਿਸਾਨਾਂ ਦੇ ਦੱਸਣ ਅਨੁਸਾਰ ਕਰੀਬ 1 ਹਜ਼ਾਰ ਏਕੜ ਝੋਨਾ, ਮੱਕੀ, ਮਿਰਚਾਂ, ਹਰਾ ਚਾਰਾ ਆਦਿ ਨੂੰ ਪ੍ਰਭਾਵਿਤ ਕੀਤਾ ਉਥੇ ਹੀ ਇਸ ਪਈ ਮਾਰ ਦੇ ਬਾਵਜੂਦ ਕੋਈ ਵੀ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਾ ਜਿਸ ਕਾਰਨ ਕਿਸਾਨਾਂ ਨੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਮੌਕੇ ’ਤੇ ਪੁੱਜੇ ਥਾਣਾ ਧਨੌਲਾ ਦੇ ਥਾਣੇਦਾਰ ਦਿਵਾਨ ਚੰਦ ਨੇ ਇਸ ਸਥਿਤੀ ਨਾਲ ਨਜਿੱਠਣ ਲਈ ਕਿਸਾਨਾਂ ਨਾਲ ਗੱਲਬਾਤ ਕੀਤੀ
ਪ੍ਰੰਤੂ ਦੁਖੀ ਕਿਸਾਨਾਂ ਨੇ ਇਸ ਦਾ ਸਥਾਈ ਹੱਲ ਨਾ ਲਭਦਾ ਵੇਖ ਆਖਿਰ ਨੈਸ਼ਨਲ ਹਾਈਵੇਅ ’ਤੇ ਧਰਨਾ ਮਾਰਨ ਦੀ ਚੇਤਾਵਨੀ ਦੇ ਦਿੱਤੀ ਜਿਸ ਤੋਂ ਬਾਅਦ ਪੁਲਿਸ ਵਿਭਾਗ ਹਰਕਤ ਵਿੱਚ ਆ ਗਿਆ ਤੇ ਸਮੁੱਚੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਕੱਠੇ ਹੋਏ ਕਿਸਾਨਾਂ ਅਰਵਿੰਦ ਸਿੰਘ ਨੀਲੂ ਬਡਬਰ, ਕੁਲਜੀਤ ਸਿੰਘ ਧਨੌਲਾ, ਕੇਵਲ ਸਿੰਘ, ਗੁਰਮੀਤ ਨੇ ਦੱਸਿਆ ਕਿ ਧੂਰੀ ਤੋਂ ਆਉਂਦੀ ਇਹ ਡਰੇਨ ਪਿੰਡ ਹਰੀਗੜ੍ਹ ਦੇ ਕੋਲ ਹਰੀ ਸਿੰਘ ਦੀ ਖੇਵਟ ਤੱਕ ਮੁਕੰਮਲ ਤੌਰ ’ਤੇ ਬੰਦ ਹੋ ਜਾਂਦੀ ਹੈ। ਅੱਗੇ ਇਸ ਡਰੇਨ ਨੂੰ ਰਸਤਾ ਨਾ ਹੋਣ ਕਾਰਨ ਪਿੱਛੇ ਤੋਂ ਆ ਰਿਹਾ ਤੇਜ਼ ਵਹਾਅ ਪਾਣੀ ਅਕਸਰ ਉਨ੍ਹਾਂ ਦੀਆਂ ਫਸਲਾਂ ’ਤੇ ਮਾਰ ਕਰਦਾ ਹੈ। ਪਿਛਲੇ ਵਰ੍ਹੇ ਹੋਈ ਤਬਾਹੀ ਮੌਕੇ ਵੀ ਜ਼ਿਲ੍ਹਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇ ਐਸਡੀਐਮ ਬਰਨਾਲਾ ਨੇ ਮੌਕਾ ਦੇਖਿਆ ਪਰ ਹੱਲ ਕੋਈ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਹੋਈ ਡਰੇਨ ਦੀ ਸਫਾਈ ਭਾਵੇਂ ਕਰ ਦਿੱਤੀ ਗਈ ਲੇਕਿਨ ਇਸ ਦੀ ਸਫਾਈ ਹਰੀਗੜ੍ਹ ਤੋਂ ਲੈ ਕੇ ਬਡਬਰ ਤੱਕ ਕਰੀਬ 2 ਕਿਲੋਮੀਟਰ ਤੱਕ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੱਲ੍ਹ ਪਈ ਭਾਰੀ ਬਾਰਿਸ਼ ਤੋਂ ਇਲਾਵਾ ਵੱਡੀ ਪੱਧਰ ’ਤੇ ਪਾਣੀ ਕਿੱਥੋਂ ਆਇਆ ਉਹ ਹੈਰਾਨ ਹਨ। ਇਸ ਪਾਣੀ ਨੇ ਗੁਰਜੰਟ ਸਿੰਘ ਦੀ 6 ਏਕੜ, ਦਰਸ਼ਨ ਸਿੰਘ ਦੀ 8 ਏਕੜ, ਕਾਕਾ ਸਿੰਘ ਦੀ 6 ਏਕੜ, ਜੱਸੀ ਦੀ 4 ਏਕੜ, ਦਵਿੰਦਰ ਦੀ 9 ਏਕੜ, ਜਗਤਾਰ ਦੀ 11 ਏਕੜ, ਸੇਵਾ ਸਿੰਘ ਦੀ 4 ਏਕੜ, ਕੇਵਲ ਸਿੰਘ ਦੀ 6 ਏਕੜ, ਗੁਰਜੀਤ ਸਿੰਘ ਦੀ 3 ਏਕੜ, ਲਾਡੀ ਦੀ 6 ਏਕੜ, ਕੁਲਜੀਤ ਧਨੌਲਾ ਦੀ 6.5 ਏਕੜ ਫਸਲ ਪ੍ਰਭਾਵਿਤ ਹੋ ਗਈ। ਦੇਰ ਸ਼ਾਮ ਤੱਕ ਕਿਸਾਨਾਂ ਵੱਲੋਂ ਕੋਈ ਧਰਨਾ ਵਗੈਰਾ ਨਹੀਂ ਲਾਇਆ ਗਿਆ ਜਿਸ ਕਾਰਨ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ।



