‘ਅਦਾਲਤ ਵੱਲੋਂ ਕੇਂਦਰ ਨੂੰ ਨੋਟਿਸ ਭੇਜ ਕੇ ਜਵਾਬ ਤਲਬ
ਨਵੀਂ ਦਿੱਲੀ, 29 ਜੂਨ (ਪੀ.ਟੀ. ਲਾਇਵ)- ਕੇਜਰੀਵਾਲ ਸਰਕਾਰ ਨੂੰ ਦਿੱਲੀ ਹਾਈਕੋਰਟ ਤੋਂ ਕਰਾਰਾ ਝਟਕਾ ਲੱਗਾ ਹੈ। ਸੋਮਵਾਰ ਨੂੰ ਹਾਈਕੋਰਟ ਨੇ ਏਸੀਬੀ ਚੀਫ਼ ਮੁਕੇਸ਼ ਕੁਮਾਰ ਮੀਣਾ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੇ ਦਿੱਲੀ ਸਰਕਾਰ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਨਾਲ ਹੀ ਹਾਈਕੋਰਟ ਨੇ ਇਸ ਮਾਮਲੇ ਵਿਚ ਕੇਂਦਰ ਨੂੰ ਨੋਟਿਸ ਭੇਜ ਕੇ ਜਵਾਬ ਤਲਬ ਕੀਤਾ ਹੈ। ਇਸ ਫੈਸਲੇ ਤੋਂ ਸਪੱਸ਼ਟ ਹੋ ਗਿਆ ਹੈ ਕਿ ਫਿਲਹਾਲ ਮੀਣਾ ਏਸੀਬੀ ਚੀਫ਼ ਦੇ ਅਹੁਦੇ ’ਤੇ ਬਣੇ ਰਹਿਣਗੇ। ਮਾਮਲੇ ਦੀ ਅਗਲੀ ਸੁਣਵਾਈ 11 ਅਗਸਤ ਨੂੰ ਹੋਵੇਗੀ। ਦਿੱਲੀ ਏਸੀਬੀ ਦੇ ਚੀਫ਼ ਬਣਾਏ ਗਏ ਮੁਕੇਸ਼ ਕੁਮਾਰ ਮੀਣਾ ਦੀ ਨਿਯੁਕਤੀ ਨੂੰ ਲੈ ਕੇ ਹਾਈਕੋਰਟ ਪਹੁੰਚੀ ਕੇਜਰੀਵਾਲ ਸਰਕਾਰ ਨੇ ਅਦਾਲਤ ਵਿਚ ਆਪਣਾ ਪੱਖ ਰੱਖਿਆ। ਆਪ ਸਰਕਾਰ ਦੀ ਵਕੀਲ ਇੰਦਰਾ ਜੈਸਿੰਘ ਨੇ ਹਾਈਕੋਰਟ ਵਿਚ ਕਿਹਾ ਕਿ ਅਡੀਸ਼ਨਲ ਕਮਿਸ਼ਨਰ ਐਸਐਸ ਯਾਦਵ ਹੀ ਏਸੀਬੀ ਦੇ ਚੀਫ਼ ਹਨ ਅਤੇ ਮੀਣਾ ਨੂੰ ਕੰਮ ਕਰਨ ਤੋਂ ਰੋਕਿਆ ਜਾਵੇ। ਦਿੱਲੀ
ਸਰਕਾਰ ਵੱਲੋਂ ਦਲੀਲ ਦਿੱਤੀ ਗਈ ਕਿ ਏਸੀਬੀ ਵਿਚ ਜੁਆਇੰਟ ਕਮਿਸ਼ਨਰ ਪੱਧਰ ਦੀ ਕੋਈ ਪੋਸਟ ਨਹੀਂ ਹੈ, ਇਸ ਲਈ ਮੀਣਾ ਦੀ ਇਥੇ ਨਿਯੁਕਤੀ ਨਹੀਂ ਕੀਤੀ ਜਾ ਸਕਦੀ। ਇਸ ਤੋਂ ਇਲਾਵਾ ਮੀਣਾ ਨੂੰ ਨਿਯੁਕਤ ਕਰਨ ਸਮੇਂ ਉਪ ਰਾਜਪਾਲ ਨੇ ਦਿੱਲੀ ਸਰਕਾਰ ਨਾਲ ਕੋਈ ਰਾਏ ਨਹੀਂ ਕੀਤੀ ਸੀ। ਆਪ ਸਰਕਾਰ ਨੇ ਇਸ ਨੂੰ ਹਾਈਕੋਰਟ ਦੇ ਹੁਕਮ ਦੀ ਉਲੰਘਣਾ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਨੇ ਮੁਕੇਸ਼ ਕੁਮਾਰ ਮੀਣਾ ਦੀ ਏਸੀਬੀ ਚੀਫ਼ ਦੇ ਅਹੁਦੇ ਦੀ ਨਿਯੁਕਤੀ ਨੂੰ ਗੈਰ-ਕਾਨੂੰਨੀ ਦੱਸਿਆ ਸੀ। ਮੀਣਾ ਨੂੰ ਉਪ ਰਾਜਪਾਲ ਨਜੀਬ ਜੰਗ ਨੇ ਏਸੀਬੀ ਦੇ ਮੁਖੀ ਦੇ ਅਹੁਦੇ ’ਤੇ ਨਿਯੁਕਤ ਕੀਤਾ ਸੀ, ਜਦਕਿ ਏਸੀਬੀ ਦੇ ਪਹਿਲੇ ਚੀਫ਼ ਐਸਐਸ ਯਾਦਵ ਦੀ ਨਿਯੁਕਤੀ ਦਿੱਲੀ ਸਰਕਾਰ ਨੇ ਕੀਤੀ ਸੀ। ਨਿਯੁਕਤੀ ਤੋਂ ਬਾਅਦ ਦਿੱਲੀ ਸਰਕਾਰ ਨੇ ਮੀਣਾ ਨੂੰ ਚਾਰਜ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ ਅਤੇ ਉਸ ਨੂੰ ਗ੍ਰਹਿ ਮੰਤਰਾਲਾ ਨੂੰ ਰਿਪੋਰਟ ਦੇਣ ਲਈ ਕਿਹਾ ਸੀ। ਇਸ ਦੇ ਬਾਵਜੂਦ ਮੀਣਾ ਕੰਮ ਕਰ ਰਹੇ ਹਨ। ਦਿੱਲੀ ਪੁਲਿਸ ਵਿਚ ਜੁਆਇੰਟ ਕਮਿਸ਼ਨਰ ਮੁਕੇਸ਼ ਕੁਮਾਰ ਮੀਣਾ ਨੂੰ ਨਵਾਂ ਏਸੀਬੀ ਚੀਫ਼ ਬਣਾਏ ਜਾਣ ਦੇ ਬਾਅਦ ਦਿੱਲੀ ਸਰਕਾਰ ਅਤੇ ਏਸੀਬੀ ਦੇ ਦੂਸਰੇ ਮੁਖੀ ਐਸਐਸ ਯਾਦਵ ਨਾਲ ਟਕਰਾਅ ਕਈ ਮੌਕਿਆਂ ’ਤੇ ਸਾਹਮਣੇ ਆ ਚੁੱਕਾ ਹੈ। ਤਾਜ਼ਾ ਵਿਵਾਦ ਬੀਤੇ ਬੁੱਧਵਾਰ ਨੂੰ ਹੋਇਆ ਸੀ, ਜਦ ਯਾਦਵ ਨੇ ਐਫਆਈਆਰ ਦਰਜ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ’ਤੇ ਮੀਣਾ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਸੀ। ਦੂਜੇ ਪਾਸੇ ਇਸ ਪੂਰੇ ਵਿਵਾਦ ਵਿਚ ਯਾਦਵ ਨੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਸੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ।



