ਤਪਾ ਮੰਡੀ, 20 ਜੂਨ (ਸੁਨੀਲ ਸ਼ੀਲਾ)- ਪਿਛਲੇ ਦਿਨੀਂ ਪਿੰਡ ਕਾਲੇਕੇ ਵਿਖੇ ਜਮੀਨੀਂ ਝਗੜੇ ਵਿੱਚ ਕਤਲ ਹੋਏ ਕਿਸਾਨ ਗੋਰਾ ਸਿੰਘ ਦੇ ਵਾਰਿਸਾਂ ਅਤੇ ਪਿੰਡ ਵਾਸੀਆਂ ਨੇ ਕਤਲ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਾਂ ਕਰਨ ਅਤੇ ਫੜ੍ਹੇ ਗਏ ਦੋਸ਼ੀਆਂ ਨੂੰ ਵੀਆਈਪੀ ਟਰੀਟਮੈਂਟ ਦਿੱਤੇ ਜਾਣ ਕਾਰਨ ਰੋਹ ਵਿੱਚ ਆਕੇ ਥਾਣਾ ਰੂੜੇਕੇ ਕਲਾਂ ਦੇ ਗੇਟ ਅੱਗੇ ਬਰਨਾਲਾ – ਮਾਨਸਾ ਸੜਕ ਤੇ ਧਰਨਾਂ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ ਅਤੇ ਪੰਜਾਬ ਪੁਲਿਸ ਖਿਲਾਫ ਨਾਹਰੇਬਾਜੀ ਕੀਤੀ। ਮ੍ਰਿਤਕ ਦੇ ਭਰਾ ਬਲਜੀਤ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਥਾਣਾ ਰੂੜੇਕੇ ਦੀ ਪੁਲਿਸ ਵੱਲੋਂ ਦੋਸ਼ੀਆਂ ਨਾਲ ਰਿਆਇਤ ਕੀਤੀ ਜਾ ਰਹੀ ਹੈ ਅਤੇ ਫੜ੍ਹੇ ਗਏ ਵਿਆਕਤੀਆਂ ਨੂੰ ਹਵਾਲਾਤ ਵਿੱਚ ਬੰਦ ਕਰਨ ਦੀ ਬਜਾਏ ਕਵਾਟਰਾਂ ਵਿੱਚ ਰੱਖਕੇ ਸਰਾਬ ਪਿਲਾਈ ਜਾ ਰਹੀ ਹੈ ਅਤੇ ਪੂਰੀ ਖਾਤਿਰਦਾਰੀ ਕੀਤੀ ਜਾ ਰਹੀ ਹੈ। ਕੇਸ਼ ਵਿੱਚ ਨਾਮਜਾਦ ਦੋ ਦੋਸ਼ੀਆਂ ਨੂੰ ਹਾਲੇ ਤੱਕ ਗ੍ਰਿਫਤਾਰ ਵੀ ਨਹੀਂ ਕੀਤਾ ਗਿਆ। ਉਹਨਾਂ ਪੱਤਰਕਾਰਾਂ ਨੂੰ
ਥਾਣੇ ਦੇ ਅੱਗੇ ਖੜੀ ਦੋਸ਼ੀਆਂ ਦੇ ਹਿਮਾਇਤੀਆਂ ਦੇ ਗੱਡੀ ਵੀ ਦਿਖਾਈ ਜੋ ਉਹਨਾਂ ਦੀ ਖਾਤਿਰਦਾਰੀ ਵਿੱਚ ਲੱਗੀ ਹੋਈ ਸੀ , ਜਿਸ ਵਿੱਚ ਡਾਗਾਂ ਸੋਟੀਆਂ ਅਤੇ ਸਰਾਬ ਦੀਆਂ ਬੋਤਲਾਂ ਵੀ ਪਈਆਂ ਸਨ। ਧਰਨੇ ਵਿੱਚ ਸ਼ਾਮਿਲ ਸੁਰਜੀਤ ਸਿੰਘ, ਚੇਤ ਰਾਮ ਸਾਬਕਾ ਸਰਪੰਚ, ਬਲੌਰ ਸਿੰਘ ਕਾਲੇਕੇ ਦਰਸ਼ਨ ਸਿੰਘ, ਜਗਸੀਰ ਸਿੰਘ ਜੱਸੀ ਸਰਪੰਚ ਕਾਲੇਕੇ, ਰਾਮ ਸਿੰਘ ਕਿਸਾਨ ਆਗੂ, ਜੀਤ ਸਿੰਘ, ਮਲਕੀਤ ਸਿੰਘ, ਮੇਘ ਰਾਜ, ਹਰਦੇਵ ਸਿੰਘ ਕਿਸਾਨ ਆਗੂ, ਜਰਨੈਲ ਸਿੰਘ ਕਾਲੇਕੇ ਅਕਾਲੀ ਆਗੂ ਅਤੇ ਮੱਖਣ ਸਰਮਾਂ ਅਦਿ ਸਾਰੇ ਦੋਸ਼ੀਆਂ ਨੂੰ ਗ੍ਰਿਫਾਤਰ ਕਰਨ ਅਤੇ ਥਾਣੇ ਅੱਗੇ ਖੜ੍ਹੀ ਗੱਡੀ ਦੇ ਮਾਲਕ ਖਿਲਾਫ ਪਰਚਾ ਦਰਜ ਕਰਨ ਤੇ ਅੜੇ ਹੋਏ ਸਨ । ਧਰਨੇ ਸਮੇਂ ਪੁਲਿਸ ਮੁਲਾਜਮਾਂ ਵੱਲੋਂ ਸਮਝਾਉਣ ਦੀ ਕੋਸ਼ਿਸ ਵੀ ਕੀਤੀ ਗਈ ਪਰ ਭੜਕੇ ਹੋਏ ਲੋਕ ਸਾਂਤ ਨਹੀਂ ਹੋ ਰਹੇ ਸਨ। ਇਸ ਸੰਬੰਧੀ ਜਦ ਤਫਤੀਸ਼ੀ ਥਾਣੇਦਾਰ ਕੇਵਲ ਰਾਮ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਥਾਣੇ ਅੱਗੇ ਖੜ੍ਹੀ ਗੱਡੀ ਦੇ ਮਾਲਿਕਾਂ ਖਿਲਾਫ ਪਰਚਾ ਦਰਜ ਕਰ ਲਿਆ ਜਾਏਗਾ ਅਤੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਏਗਾ। ਵੀਆਈਪੀ ਟਰੀਟਮੈਂਟ ਸੰਬੰਧੀ ਉਹਨਾਂ ਕਿਹਾ ਕਿ ਹਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਪਾਈ ਹੈ ਜਿਸ ਕਰਕੇ ਉਹਨਾਂ ਨੂੰ ਹਵਾਲਾਤ ਬੰਦ ਨਹੀਂ ਕੀਤਾ ਜਾ ਸਕਦਾ।



