ਸ੍ਰੀ ਅਨੰਦਪੁਰ ਸਾਹਿਬ, 19 ਜੂਨ (ਅਰਵਿੰਦਰ ਭਾਰਦਵਾਜ, ਬੰਟੀ ਤਲਵਾੜ, ਸੁਰੇਸ਼ ਗਿਰੀ)- ਸ੍ਰੀ ਆਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਜਸ਼ਨ ਸਮਾਗਮਾਂ ਦੇ ਅੱਜ ਇੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਵਿਸ਼ੇਸ਼ ਤੌਰ ’ਤੇ ਬਣਾਏ ਗਏ ਵਿਸ਼ਾਲ ਪੰਡਾਲ ਵਿੱਚ ਆਯੋਜਿਤ ਸਰਬ ਧਰਮ ਸੰਮੇਲਨ ਅਤੇ ਰਾਜਸੀ ਕਾਨਫਰੰਸ ਵਿੱਚ ਉਸ ਸਮੇਂ ਰੰਗ ਵਿੱਚ ਭੰਗ ਪੈ ਗਿਆ ਜਦੋਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਭਾਸ਼ਣ ਖਤਮ ਹੁੰਦਿਆਂ ਸਾਰ ਹੀ ਜਿਓਂ ਹੀ ਮੁੱਖ ਮਹਿਮਾਨ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਮਾਈਕ ਫੜਿਆ ਤਾਂ ਪੰਡਾਲ ਵਿੱਚ ਭੀੜ ਵਿੱਚ ਹੀ ਬੈਠੇ ਲੱਗਭੱਗ ਡੇਢ ਦਰਜਨ ਦੇ ਕਰੀਬ ਲੋਕਾਂ ਨੇ ਅਚਾਨਕ ਖੜ੍ਹੇ ਹੋ ਕੇ ‘ਰਾਜਨਾਥ ਸਿੰਘ ਮੁਰਦਾਬਾਦ’, ‘ਸਿੱਖਾਂ ਨਾਲ ਵਿਤਕਰਾ ਬੰਦ ਕਰੋ’ ਆਦਿ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਜਿਉਂ ਹੀ ਨਾਅਰੇ ਲੱਗਣੇ ਸ਼ੁਰੂ ਹੋਏ ਮੀਡੀਆ ਗੈਲਰੀ ਵਿੱਚ ਮੌਜੂਦਾ ਸਾਰੇ ਪੱਤਰਕਾਰ ਪਾਈਪਾਂ ਲੰਘ ਕੇ ਉਨ੍ਹਾਂ ਵਿਅਕਤੀਆਂ ਪਾਸ
ਪਹੁੰਚ ਗਏ। ਮੁੱਖ ਸਟੇਜ ਉ¤ਤੇ ਵੀ ਇੱਕ ਚੁੱਪੀ ਛਾਅ ਗਈ, ਪ੍ਰੰਤੂ ਸਟੇਜ ਸਕੱਤਰ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਸਪੀਕਰ ਵਿੱਚ ‘‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’’ ਦੇ ਜੈਕਾਰੇ ਲਗਾਉਣੇ ਸ਼ੁਰੂ ਕਰ ਦਿੱਤੇ। ਡਾ. ਚੀਮਾ ਨੇ ਉਸੇ ਸਮੇਂ ਜੁੜੀ ਸੰਗਤ ਨੂੰ ਅਪੀਲ ਕੀਤੀ ਕਿ ਅਮਨ ਅਤੇ ਸ਼ਾਂਤੀ ਭੰਗ ਕਰਨ ਵਾਲੇ ਅਨਸਰਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾਵੇ। ਪੰਡਾਲ ਵਿੱਚ ਮੌਜੂਦ ਚਿੱਟੇ ਕੱਪੜੀ ਪੁਲਿਸ ਕਰਮਚਾਰੀਆਂ ਨੇ ਅੱਖ ਦੇ ਇਸ਼ਾਰੇ ਨਾਲ ਹੀ ਨਾਅਰੇ ਲਗਾਉਣ ਵਾਲੇ ਵਿਅਕਤੀਆਂ ਨੂੰ ਘੇਰੇ ਵਿੱਚ ਲੈ ਲਿਆ ਤੇ ਤੁਰੰਤ ਹੀ ਹੋਰ ਫੋਰਸ ਨੇ ਆ ਕੇ ਉਕਤ ਵਿਅਕਤੀਆਂ ਨੂੰ ਬਹੁਤ ਹੀ ਸਫਾਈ ਨਾਲ ਪੰਡਾਲ ਵਿੱਚੋਂ ਬਾਹਰ ਖਦੇੜ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਇਤਰਾਜ਼ਯੋਗ ਨਾਅਰੇਬਾਜ਼ੀ ਦੇ ਦੋਸ਼ ਵਿੱਚ 37 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਹਵਾਲਾਤ ਭੇਜ ਦਿੱਤਾ ਹੈ। ਪ੍ਰੰਤੂ ਉਨ੍ਹਾਂ ਦੇ ਨਾਮ ਪਤਾ ਨਹੀਂ ਚਲ ਸਕੇ। ਮਿਲੀ ਜਾਣਕਾਰੀ ਅਨੁਸਾਰ ਉਪਰੋਕਤ ਵਿਅਕਤੀ ਸ਼੍ਰੋਮਣੀ ਅਕਾਲੀ ਦਲ (ਮਾਨ) ਨਾਲ ਸਬੰਧਤ ਸਨ।



