Skip to content
Independent perspectives. Global stories.
BREAKING

ਮਹਾਰਾਸ਼ਟਰ ਦੇ ਮੁੱਖ ਮੰਤਰੀ ਵੱਲੋਂ ਸ. ਬਾਦਲ ਦਾ 14ਵੇਂ ਸੰਤ ਨਾਮਦੇਵ ਕੌਮੀ ਐਵਾਰਡ-2015 ਨਾਲ ਸਨਮਾਨ

Share this story

ਜਲੰਧਰ/ਪੁਣੇ (ਮਹਾਰਾਸ਼ਟਰ), 10 ਜੂਨ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਅੱਜ ਇੱਥੇ ‘ਸਰਹੱਦ’ ਫਾਊਂਡੇਸ਼ਨ ਨੇ ਅਮਨ-ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਦੀ ਕਾਇਮੀ ਲਈ ਪਾਏ ਯੋਗਦਾਨ ਬਦਲੇ 14ਵੇਂ ਸੰਤ ਨਾਮਦੇਵ ਕੌਮੀ ਐਵਾਰਡ-2015 ਨਾਲ ਸਨਮਾਨਿਤ ਕੀਤਾ।     ਇਹ ਐਵਾਰਡ ਸਰਹੱਦ ਫਾਊਂਡੇਸ਼ਨ ਦੇ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਦੇਵਿੰਦਰ ਫੜਨਵੀਸ ਨੇ ਸ. ਬਾਦਲ ਨੂੰ ਦਿੱਤਾ।     ਇਸ ਵੱਕਾਰੀ ਸਨਮਾਨ ਲਈ ਮੁੱਖ ਮੰਤਰੀ ਨੇ ‘ਸਰਹੱਦ’ ਸੰਸਥਾ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿਸ ਨੇ ਉਨ੍ਹਾਂ ਨੂੰ ਇਹ ਮਾਣ ਦਿੱਤਾ ਹੈ। ਸ. ਬਾਦਲ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਕਈ ਖੇਤਰਾਂ ਵਿੱਚ ਐਵਾਰਡ ਹਾਸਲ ਕੀਤੇ ਹਨ ਪਰ ਇਹ ਐਵਾਰਡ ਦੀ ਉਨ੍ਹਾਂ ਲਈ ਨਿਵੇਕਲੀ ਮਹੱਤਤਾ ਹੈ ਕਿਉਂਕਿ ਇਸ ਨੂੰ ਉਨ੍ਹਾਂ ਦੇ ਮਨਭਾਉਂਦੇ ਅਤੇ ਅਤਿ ਮਹੱਤਵਪੂਰਨ ਖੇਤਰ ਬਦਲੇ ਦਿੱਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸਮਾਜ ਵਿੱਚ ਆਪਸੀ ਪਿਆਰ, ਭਾਈਚਾਰਕ ਸਾਂਝ, ਏਕਤਾ ਅਤੇ ਧਾਰਮਿਕ ਸ਼ਹਿਣਸ਼ੀਲਤਾ ਬਣਾਈ ਰੱਖਣ ਲਈ ਉਨ੍ਹਾਂ ਦੀ ਦ੍ਰਿੜਤਾ ਪ੍ਰਤੀ ਪੰਜਾਬ ਦੇ ਲੋਕਾਂ ਨੇ ਡਟ ਕੇ ਸਾਥ ਦਿੱਤਾ ਹੈ। ਅੱਜ ਦੇ ਇਸ ਮਹਾਨ ਸਮਾਗਮ ਲਈ ‘ਸਰਹੱਦ’ ਸੰਸਥਾ ਨੂੰ ਵਧਾਈ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਵੱਕਾਰੀ ਐਵਾਰਡ ਨਾਲ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਇਸ ਸੰਸਥਾ ਦੇ ਫੈਸਲੇ ਲਈ ਅਸੀਮ ਖੁਸ਼ੀ ਹੋਈ ਹੈ ਕਿਉਂ ਜੋ ਇਹ ਐਵਾਰਡ ਇਸ ਕਰਕੇ ਵੀ ਮਹੱਤਵਪੂਰਨ ਹੈ ਕਿ ਇਸ ਵਿੱਚੋਂ ਮਹਾਰਾਸ਼ਟਰ ਦੇ ਲੋਕਾਂ ਨੇ ਪੂਰੇ ਪੰਜਾਬੀਆਂ ਵੱਲੋਂ ਉਨ੍ਹਾਂ ਪ੍ਰਤੀ ਪਿਆਰ ਤੇ ਸਨੇਹ ਨੂੰ ਦਰਸਾਇਆ ਹੈ। ਇਸ ਮੌਕੇ ‘ਸਰਹੱਦ’ ਸੰਸਥਾ ਨੇ ਸ. ਬਾਦਲ ਨੂੰ 1,01,000 (ਇਕ ਲੱਖ ਇਕ ਹਜ਼ਾਰ), ਪ੍ਰਸੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ। ਸ. ਬਾਦਲ ਨੇ ਐਵਾਰਡ ਦੀ ਰਕਮ ਸੰਸਥਾ ਨੂੰ ਵਾਪਸ ਕਰਦਿਆਂ ਇਹ ਰਕਮ ਚੱਲ ਰਹੇ ਸਮਾਜਿਕ-ਸੱਭਿਆਚਾਰਕ ਪ੍ਰੋਗਰਾਮਾਂ ਅਤੇ ਹੋਰ ਵਿਕਾਸ ਕਾਰਜਾਂ ਲਈ ਵਰਤਣ ਦੀ ਅਪੀਲ ਕੀਤੀ।
ਭਗਤ ਨਾਮਦੇਵ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪਵਿੱਤਰ ਬਾਣੀ ਲੋਕਾਈ ਨੂੰ ਸ਼ਾਂਤੀ, ਪਿਆਰ ਤੇ ਰਹਿਮਦਿਲੀ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਦੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਤ ਨਾਮਦੇਵ ਜੀ ਦੇ 61 ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਸਨ।
ਮੁੱਖ ਮੰਤਰੀ ਨਾਲ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ਹਾਜ਼ਰ ਸਨ। ਇਸ ਮੌਕੇ ਮੁੰਬਈ ਨਵ ਨਿਰਮਾਣ ਸੈਨਾ ਦੇ ਪ੍ਰਧਾਨ ਸ੍ਰੀ ਰਾਜ ਠਾਕਰੇ, ਮਹਾਰਾਸ਼ਟਰ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਸੁਰੱਖਿਆ ਬਾਰੇ ਮੰਤਰੀ ਸ੍ਰੀ ਗਿਰਿਸ਼ ਬਪਤ, 88ਵੇਂ ਅਖਿਲ ਭਾਰਤੀਯ ਮਰਾਠੀ ਸਾਹਿਤ ਸੰਮੇਲਨ ਘੁਮਾਣ ਦੇ ਪ੍ਰਧਾਨ ਡਾ. ਸਦਾਨੰਦ ਮੋਰੇ ਅਤੇ ਚੇਅਰਮੈਨ ਸ੍ਰੀ ਭਾਰਤ ਦੀਸਾਦਲਾ ਅਤੇ ‘ਸਰਹੱਦ’ ਦੇ ਪ੍ਰਧਾਨ ਸ੍ਰੀ ਸੰਜੇ ਨਾਹਰ ਹਾਜ਼ਰ ਸਨ।

WRITTEN BY