Skip to content
Independent perspectives. Global stories.
BREAKING

ਲੁਧਿਆਣਾ ’ਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਗੁਰੂ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਕੀਤੇ

Share this story

ਜਥੇਦਾਰ ਅਵਤਾਰ ਸਿੰਘ, ਗਰੇਵਾਲ ਅਤੇ ਡਿਪਟੀ ਕਮਿਸ਼ਨਰ ਸਮੇਤ ਕਈਆਂ ਨੇ ਭਰੀ ਹਾਜ਼ਰੀ
nagar kirtan.1 ਲੁਧਿਆਣਾ, 6 ਜੂਨ (ਮਨਿੰਦਰਪਾਲ ਸਿੰਘ ਮਿੱਡਾ)- ਗੁਰੂ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ-ਦੀਦਾਰ ਕਰਵਾਉਣ ਲਈ ਚੱਲ ਰਹੀ ਧਾਰਮਿਕ ਯਾਤਰਾ ਨੇ ਅੱਜ ਦੇਸ਼ ਦੇ ਸਨਅਤੀ ਸ਼ਹਿਰ ਵਜੋਂ ਮਸ਼ਹੂਰ ਲੁਧਿਆਣਾ ਦਾ ਦੌਰਾ ਕੀਤਾ। ਅੱਜ ਸਵੇਰੇ 10 ਵਜੇ ਦੇ ਕਰੀਬ ਸਥਾਨਕ ਮਾਡਲ ਟਾਊਨ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਰਵਾਨਾ ਹੋਣ ਉਪਰੰਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੀ ਪ੍ਰਕਰਮਾ ਕਰਦੀ ਇਹ ਯਾਤਰਾ ਸਿੱਖ ਪੰਥ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਪਿੰਡ ਆਲਮਗੀਰ ਵਿਖੇ ਪੁੱਜੀ, ਜਿੱਥੇ ਕਿ ਯਾਤਰਾ ਵੱਲੋਂ ਰਾਤ ਦਾ ਵਿਸ਼ਰਾਮ ਕੀਤਾ ਜਾਵੇਗਾ।

ਅੱਜ ਸਵੇਰੇ ਮਾਡਲ ਟਾਊਨ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਰਵਾਨਾ ਹੋਣ ਤੋਂ ਪਹਿਲਾਂ ਗੁਰੂ ਘਰ ਦੇ ਗੰ੍ਰਥੀ ਵੱਲੋਂ ਅਰਦਾਸ ਉਪਰੰਤ ਸ਼ੁਰੂ ਹੋਈ ਇਸ ਯਾਤਰਾ ਵਿੱਚ ਸ਼ਮੂਲੀਅਤ ਕਰਨ ਲਈ ਸ਼ਹਿਰ ਵਾਸੀਆਂ ਤੋਂ ਇਲਾਵਾ ਨੇੜਲੇ ਪਿੰਡਾਂ ਵਾਲਿਆਂ ਵਿੱਚ ਵੀ ਵਿਸ਼ੇਸ਼ ਉਤਸ਼ਾਹ ਸੀ। ਵੱਡੀ ਗਿਣਤੀ ਵਿੱਚ ਸੰਗਤ ਅੱਜ ਸਵੇਰੇ ਹੀ ਗੁਰੂ ਘਰ ਪੁੱਜਣੀ ਸ਼ੁਰੂ ਹੋ ਗਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਸਾਬਕਾ ਕੈਬਨਿਟ ਮੰਤਰੀ ਸ੍ਰ. ਹੀਰਾ ਸਿੰਘ ਗਾਬੜੀਆ, ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਜੇ ਸੂਦ ਅਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਇਸ ਯਾਤਰਾ ਦੀ ਰਵਾਨਗੀ ਹੋਈ।
ਯਾਤਰਾ ਦੇ ਰਸਤੇ ਵਿੱਚ ਮੁੱਖ ਮੰਤਰੀ ਦੇ ਸਲਾਹਕਾਰ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ, ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਦੇ ਜ਼ਿਲ੍ਹਾ ਪ੍ਰਧਾਨ ਸ੍ਰ. ਹਰਭਜਨ ਸਿੰਘ ਡੰਗ, ਸ੍ਰ. ਪ੍ਰੀਤਮ ਸਿੰਘ ਭਰੋਵਾਲ, ਸ੍ਰ. ਰਾਜਿੰਦਰ ਸਿੰਘ ਭਾਟੀਆ ਅਤੇ ਹੋਰ ਪ੍ਰਮੁੱਖ ਸਖ਼ਸੀਅਤਾਂ ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਯਾਤਰਾ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸੰਗਤ ਵੱਲੋਂ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਹੋਏ ਸਨ।
ਦੱਸਣਯੋਗ ਹੈ ਕਿ ਯਾਤਰਾ ਬੀਤੀ ਰਾਤ ਕਰੀਬ 2 ਵਜੇ ਮਾਡਲ ਟਾਊਨ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪੂਰੇ ਜਾਹੋ ਜਲਾਲ ਨਾਲ ਪੁੱਜੀ ਇਸ ਯਾਤਰਾ ਦਾ ਇਲਾਕੇ ਦੀ ਸੰਗਤ ਵੱਲੋਂ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ ਸੀ। ਸੰਗਤ ਨੇ ਯਾਤਰਾ ਦੌਰਾਨ ਘੰਟਿਆਂ ਬੱਧੀ ਮਨਮੋਹਕ ਗੁਰਬਾਣੀ ਅਤੇ ਕਥਾ ਕੀਰਤਨ ਦਾ ਆਨੰਦ ਮਾਣਿਆ। ਭਾਵੇਂਕਿ ਗੁਰੂ ਘਰ ਵਿਖੇ ਲੰਗਰ ਆਦਿ ਦਾ ਅਤੁੱਟ ਵਰਤਾਰਾ ਚੱਲਦਾ ਰਹਿੰਦਾ ਹੈ ਪਰ ਇਸ ਯਾਤਰਾ ਸੰਬੰਧੀ ਗੁਰੂ ਘਰ ਅਤੇ ਰਸਤਿਆਂ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਸਨ। ਇਸ ਤੋਂ ਇਲਾਵਾ ਸਾਰਾ ਬਾਜ਼ਾਰ ਅਤੇ ਰਸਤੇ ਕਿਸੇ ਮੇਲੇ ਦੀ ਤਰ੍ਹਾਂ ਸਜੇ ਹੋਏ ਸਨ। ਯਾਤਰਾ ਦੇ ਦਰਸ਼ਨ ਕਰਨ ਆਏ ਸ਼ਰਧਾਲੂ ਜਿਥੇ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦੀਦਾਰ ਕਰ ਰਹੇ ਸਨ, ਉਥੇ ਬੜੇ ਉਤਸ਼ਾਹ ਨਾਲ ਖਰੀਦੋ-ਫਰੋਖ਼ਤ ਵੀ ਕਰ ਰਹੇ ਸਨ।
ਉਤਸ਼ਾਹ ਨਾਲ ਉਡੀਕ ਵਿੱਚ ਇਕੱਠੀਆਂ ਸੰਗਤਾਂ ਵੱਲੋਂ ਰਸਤੇ ਵਿੱਚ ਪਵਿੱਤਰਤਾ ਦੇ ਪ੍ਰਤੀਕ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ। ਸੰਗਤਾਂ ਵੱਲੋਂ ਸ਼ਰਧਾ ਵੱਜੋਂ ਥਾਂ-ਥਾਂ ਠੰਡੇ ਜਲ ਦੀਆਂ ਛਬੀਲਾਂ ਅਤੇ ਲੰਗਰ ਲਗਾਏ ਹੋਏ ਸਨ। ਜ਼ਿਕਰਯੋਗ ਹੈ ਕਿ ਇਸ ਧਾਰਮਿਕ ਯਾਤਰਾ ਵਿੱਚ ਦਿਖਾਈਆਂ ਜਾ ਰਹੀਆਂ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਨੂੰ ਦੇਖਣ ਪ੍ਰਤੀ ਸੰਗਤ ਵਿੱਚ ਵੱਡਾ ਉਤਸ਼ਾਹ ਸੀ। ਸ਼ਹਿਰ ਦੀ ਸੰਗਤ ਵੱਲੋਂ ਕਰੀਬ ਇੱਕ ਦਰਜਨ ਜਗ੍ਹਾ ’ਤੇ ਪੜਾਅ ਤਿਆਰ ਕਰਵਾਏ ਹੋਏ ਸਨ ਪਰ ਸ਼ਰਧਾਲੂ ਇਨ੍ਹਾਂ ਪੜਾਵਾਂ ਤੋਂ ਬਿਨਾ ਵੀ ਥਾਂ-ਥਾਂ ਯਾਤਰਾ ਨੂੰ ਰੋਕ ਕੇ ਦਰਸ਼ਨ ਕਰ ਰਹੇ ਸਨ ਅਤੇ ਖੁਸ਼ੀਆਂ ਪ੍ਰਾਪਤ ਕਰ ਰਹੇ ਸਨ। ਇਸ ਮੌਕੇ ਯਾਤਰਾ ਦੀ ਅਗਵਾਈ ਜਿੱਥੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਸਨ, ਉਥੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਸੁਰੱਖਿਆ ਅਤੇ ਹੋਰ ਪ੍ਰਬੰਧ ਬਹੁਤ ਹੀ ਪੁਖ਼ਤਾ ਕੀਤੇ ਹੋਏ ਸਨ। ਸ਼ਰਧਾਲੂਆਂ ਦੀ ਹਰ ਤਰ੍ਹਾਂ ਦੀ ਸੁਰੱਖਿਆ ਅਤੇ ਅਨੁਸਾਸ਼ਨ ਨੂੰ ਬਰਕਰਾਰ ਰੱਖਣ ਲਈ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਡਿਊਟੀ ਨਿਭਾਅ ਰਹੀ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਸ਼ਰਧਾਲੂ ਹਾਜ਼ਰ ਸਨ।

WRITTEN BY